ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/211

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੁੱਦਾ ਕਬੀਲਦਾਰੀ ਵਿੱਚ ਟੁੱਟਿਆ ਹੋਇਆ ਬੰਦਾ ਸੀ।ਇਕੱਲਾ ਹੀ ਰਹਿ ਗਿਆ। ਨਾ ਕੋਈ ਭੈਣ-ਭਾਈ ਤੇ ਨਾ ਮਾਂ-ਬਾਪ। ਇਕੱਲੇ ਦੀ ਕਾਹਦੀ ਖੇਤੀ। ਜ਼ਮੀਨ ਬਹੁਤ ਥੋੜੀ ਸੀ। ਫੇਰ ਉਹ ਜ਼ਮੀਨ ਨੂੰ ਹੀ ਖਾਣ ਲੱਗ ਪਿਆ ਪਹਿਲਾਂ ਗਹਿਣੇ, ਫੇਰ ਬੈਅ ਨੰਬਰਦਾਰ ਨੇ ਤਾਂ ਪਿੰਡ ਦਾ ਬੰਦਾ ਹੋਣ ਕਰਕੇ ਉਹ ਦਾ ਪੱਖ ਕੀਤਾ, ਨਹੀਂ ਤਾਂ ਕੀ ਸੀ ਉਹ ਦੇ ਹੱਥ ਪੱਲੇ। ਨੰਬਰਦਾਰ ਹੱਸਦਾ- 'ਓਏ ਚੱਲ ਵਿਚਾਰਾ ਰੋਟੀ ਤਾਂ ਖਾਉ ਤਵੇ ਤੋਂ ਲਹਿੰਦੀ ਲਹਿੰਦੀ। ਨਾਲੇ ਤੀਮੀ ਨਾਲ ਜੀਅ ਲੱਗਿਆ ਰਹੂ ਇਹਦਾ। ਕੀ ਹੋਇਆ, ਮੁਸਲੀ ਐ, ਜੱਟ ਦੇ ਘਰ ਆ ’ਗੀ, ਆਪੇ ਜੱਟੀ ਹੋ ’ਗੀ। ਅਖੇ-ਚੂਹੜੀ ਛੱਡ ਕੇ ਬਾਮ੍ਹਣੀ ਕੀਤੀ, ਜੱਟ ਦਾ ਜੱਟ ਰਹਿ ਗਿਆ।'

ਪਿੰਡ ਵਿੱਚ ਘੁੱਦੇ ਨੂੰ ਜਦੋਂ ਖਾਣ ਪੀਣ ਨੂੰ ਕੁਝ ਵੀ ਨਾ ਰਹਿ ਗਿਆ ਤਾਂ ਉਹ ਭੁੱਖਾ ਮਰਦਾ ਮੰਡੀ ਜਾ ਵੜਿਆ। ਹੱਡਾ ਪੈਰਾਂ ਵਿੱਚ ਅਜੇ ਜਾਨ ਹੈਗੀ ਸੀ। ਮੰਡੀ ਦੇ ਆੜ੍ਹਤੀਏ ਉਹ ਨੂੰ ਜਾਣਦੇ ਸਨ। ਉਹ ਪੱਲੇਦਾਰੀ ਕਰਨ ਲੱਗ ਪਿਆ। ਓਥੇ ਹੀ ਇਹ ਕੈਲੋ ਜੰਮੀ।

ਪਾਖਰ ਮੰਡੀ ਆਉਂਦਾ ਜਾਂਦਾ ਹੁੰਦਾ। ਕਿਤੇ ਘੁੱਦਾ ਨਾਲ ਉਹ ਦਾ ਸੰਪਰਕ ਹੋ ਗਿਆ। ਘੁੱਦੇ ਤੋਂ ਹੁਣ ਕੰਮ ਨਹੀਂ ਹੁੰਦਾ ਸੀ। ਉਹ ਨੇ ਪਾਖਰ ਦੀ ਗੱਲ ਮੰਨੀ ਤੇ ਮਾਂ-ਧੀ ਨੂੰ ਲੈ ਕੇ ਪਾਖਰ ਦੇ ਪਿੰਡ ਆ ਟਿਕਿਆ। ਬੁੜ੍ਹੇ ਬੁੜ੍ਹੀ ਨੂੰ ਉਹ ਰੋਟੀ ਟੁੱਕ ਦੇਈ ਜਾਂਦਾ। ਉਹ ਖੁਸ਼ ਸਨ-ਚਲੋ, ਆਖਰੀ ਪਹਿਰੇ ਰੋਟੀ ਤਾਂ ਸੁੱਖ ਦੀ ਮਿਲਣ ਲੱਗੀ। ਕੈਲੋ ਗਲੀਆਂ ਵਿੱਚ ਖੇਡਦੀ ਫਿਰਦੀ ਰਹਿੰਦੀ। ਪਰ ...

ਕਮਸਿਨੀ ਖੇਲ ਰਹੀ ਹੈ।

ਅਭੀ ਕਯਾ ਰਖਾ ਹੈ।

ਆਸਰਾ ਆਸਰੇ ਵਾਲੋਂ ਨੇ,

ਲਗਾ ਰਖਾ ਹੈ।

ਕੈਲੋ ਬਾਰ੍ਹਾਂ ਤੇਰਾਂ ਵਰ੍ਹਿਆਂ ਦੀ ਸੀ, ਜਦੋਂ ਘੁੱਦਾ ਮਰ ਗਿਆ। ਕੈਲੋ ਦੀ ਮਾਂ ਪਹਿਲਾਂ ਵੀ ਪਾਖਰ ਦੇ ਘਰ ਦੀਆਂ ਰੋਟੀਆਂ ਪਕਾਉਂਦੀ ਸੀ, ਹੁਣ ਉਹ ਉਨ੍ਹਾਂ ਦੇ ਘਰ ਦੀ ਪੱਕੀ ਲੋੜ ਬਣ ਬੈਠੀ ਸੀ। ਪਾਖਰ ਫੱਕਰ ਬੰਦਾ ਸੀ। ਗੱਲਾਂ ਵਿੱਚ ਫਾਕੇ ਵੱਢ। ਉਹ ਨੂੰ ਕੋਈ ਚੜ੍ਹੀ ਲੱਥੀ ਦੀ ਪਛਾਣ ਵੀ ਨਹੀਂ ਸੀ। ਉਲਟਾ ਸੁਲਟਾ ਬੋਲ ਕੇ ਇੱਕ ਤਰ੍ਹਾਂ ਨਾਲ ਉਹ ਆਪਣੀ ਬੇਤਰਤੀਬੀ ਜ਼ਿੰਦਗੀ ਦਾ ਤਣਾਅ ਵੀ ਦੂਰ ਕਰ ਲੈਂਦਾ

ਅਗਵਾੜ ਦੇ ਬੰਦੇ ਉਹ ਨੂੰ ਛੇੜਦੇ- 'ਹੌਲਦਾਰਾ, ਸਾਨੂੰ ਐਂ ਤਾਂ ਦੱਸ ਦੇ, ਜੈਨਾਂ ’ਤੇ ਈ ਮੁੱਕੀ ਸਮਝੀਏ ਜਾਂ ਕੈਲੋ 'ਤੇ ਵੀ ਪਾਏਂਗਾ ਕਾਠੀ?'

ਉਹ ਤਾੜੀ ਮਾਰ ਕੇ ਪਹਿਲਾਂ ਤਾਂ ਹੱਸਦਾ, ਫੇਰ ਜਵਾਬ ਦਿੰਦਾ- 'ਜੈਨਾਂ ਕਾਟੂ ਦੀ ਵੰਡ ’ਚ ਕੈਲੋ ਹੌਲਦਾਰਨੀ।'

'ਜਿੰਨਾ ਚਿਰ ਕੈਲੋ ਨਿਆਣੀ ਐ .... ਉਹ ਉਹਨੂੰ ਹੋਰ ਫਰੋਲਣ ਬੈਠ ਜਾਂਦੇ।

ਓਏ ਮੰਨ 'ਲੀ। ਟੁੱਕ ਦੀ ਬੁਰਕੀ ਖਾਣੀ ਐ, ਭਰਾਵੋ। ਹੁਣ ਜੈਨਾਂ ਤੋਂ ਖਾਈਂ ਜਾਨੇ ਆਂ। ਫੇਰ ਕੈਲੋ ਹੌਲਦਾਰਨੀ।' ਉਹ ਦੱਬਵੀਂ ਹਾਸੀ ਹੱਸਦਾ। ਹਾਸੀ ਉਹ ਦੀ ਹਿੱਕ ਵਿਚੋਂ ਨਹੀਂ ਨਿਕਲਦੀ ਸੀ, ਸੰਘ ਤੋਂ ਉਰੇ ਉਰੇ ਹੀ ਕਿਧਰੇ ਹਾ-ਹਾ, ਹੂ-ਹੂ ਹੁੰਦੀ।

ਅਜ਼ਾਦ

211