ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/216

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਲੀ ਚੋਚ। ਆਪ ਸੱਤ ਜਵਾਕ ਜੰਮ ਕੇ, ਅੱਖਾਂ ਅੱਖਾਂ 'ਚ ਈ ਮੇਰੇ ਢਿੱਡ ਦੇ ਮਹੀਨੇ ਗਿਣਦੈ, ਲਾਲ ਮੂੰਹਾਂ। ਹੈੱਡਮਾਸਟਰ ਦੇ ਕਮਰੇ 'ਚ ਕੋਈ ਲੇਡੀ ਟੀਚਰ ਜਾਵੇ ਤਾਂ ਬਿੜਕਾਂ ਲੈਂਦਾ ਫਿਰੂ। ਕੋਈ ਮਾਸਟਰ ਕਿਸੇ ਮਾਸਟਰਨੀ ਨਾਲ ਕਦੇ ਗੱਲ ਕਰਦਾ ਹੋਵੇ, ਉੱਚੀ ਉੱਚੀ ਬੋਲੂ। ਰੱਬ ਇਹ ਨੂੰ ਤੀਵੀਂ ਦੀ ਜੂਨ ਪਾ ਦਿੰਦਾ, ਫੇਰ ਪਤਾ ਲੱਗਦਾ, ਢਹਿ ਜਾਣੇ ਨੂੰ, ਬਈ ਆਦਮੀਆਂ ਨਾਲ ਬੋਲੇ ਬਿਨ੍ਹਾਂ ਸਰਦਾ ਨੀਂ।" "ਕੜਬ ਦਾ ਟਾਂਡਾ" ਕਹਿੰਦੀ ਹੈ।

"ਬੋਲ, ਪਾਟੇ ਬਾਂਸ ਵਾਂਗ ਖੜਕਦਾ। ਸਿਰ ਵਿੱਚ ਕੋਈ ਕੋਈ ਚਿੱਟਾ ਵਾਲ। ਗੱਲਾਂ ’ਤੇ ਸ਼ਾਹੀਆਂ ਅੱਖਾਂ ਵਿੱਚ ਲੱਪ ਲੱਪ ਸੁਰਮਾ। ਝੁਰੜੀਆਂ ਭਰੇ ਹੱਥ ਪੀਲੇ ਦੰਦ। ਇਹ ‘ਕੜਬ ਦਾ ਟਾਂਡਾ' ਹੈ।

ਚਾਹ ਆ ਗਈ ਹੈ।"ਕਾਲਾ ਗੁਲਾਬ" ਕੁਰਸੀ ਵਿਚੋਂ ਬੁੜ੍ਹਕਦੀ ਹੈ। ਦੋਵੇਂ ਹੱਥਾਂ ਨਾਲ ਬੋਚ ਕੇ ਕੇਤਲੀ ਫੜਦੀ ਹੈ। ਇੱਕ ਇੱਕ ਕਰਕੇ ਚਾਹ ਪਿਆਲੀਆਂ ਭਰ ਦਿੰਦੀ ਹੈ। 'ਪਹਿਲੀ ਪਿਆਲੀ "ਕੜਬ ਦੇ ਟਾਂਡੇ" ਨੂੰ ਦਿੰਦੀ ਹੈ ਤੇ ਕਹਿੰਦੀ ਹੈ- "ਗੁੱਸੇ 'ਚ ਨਾ ਆਇਆ ਕਰ, ਜਵਾਕ ਦਾ ਨੱਕ ਮੂੰਹ ਵਿੰਗਾ ਹੋਜੂ।"

ਚਹੁੰਆਂ ਦੇ ਹੱਥਾਂ ਵਿੱਚ ਪਿਆਲੀਆਂ ਹਨ। ਕੋਈ ਕੋਈ ਘੁੱਟ ਉਹ ਭਰਦੀਆਂ ਹਨ। ਕੋਈ ਕੋਈ ਗੱਲ ਉਹ ਕਰਦੀਆਂ ਹਨ। ਨਿੱਕੀਆਂ ਨਿੱਕੀਆਂ ਘੁੱਟਾਂ। ਨਿੱਕੀਆਂ ਨਿੱਕੀਆਂ ਗੱਲਾਂ। ਧੁੱਪ ਵਿੱਚ ਕੋਈ ਸੁਆਦ ਘੁਲ ਗਿਆ ਹੈ।

"ਸੰਜਮ ਵੀਰ ਜੀ, ਅੱਜ ਦੇਖੇ ਨਹੀਂ। ਛੁੱਟੀ ਤੇ ਨੇ?" "ਕਾਲਾ ਗੁਲਾਬ" "ਮਰੂਆ" ਤੋਂ ਪੁੱਛਦੀ ਹੈ।

"ਅਧਿਆਪਕਾਂ ਦੀ ਕਿਤੇ ਕੋਈ ਮੀਟਿੰਗ ਹੋਵੇ, ਪੈਰ ਜੁੱਤੀ ਨਹੀਂ ਪਾਉਂਦੇ ਤੇਰੇ ਸੰਜਮ ਜੀ। ਸੁਣਿਐ ਚੰਡੀਗੜ੍ਹ ਗਏ ਨੇ ਡੈਪੂਟੇਸ਼ਨ ਲੈ ਕੇ, ਵਿੱਦਿਆ ਮੰਤਰੀ ਨੂੰ ਮਿਲਣ।" "ਮਰੂਆ" ਅੱਖਾਂ ਵਿੱਚ ਚਾਨਣ ਭਰ ਲੈਂਦੀ ਹੈ ਤੇ "ਕਾਲਾ ਗੁਲਾਬ" ਵੱਲ ਦੇਖ ਕੇ ਦੰਦਾਂ ਵਿੱਚ ਹੇਠਲਾ ਬੁੱਲ੍ਹ ਟੁੱਕਦੀ ਹੈ।

"ਸੰਜਮ ਜੀ ਦਾ ਸੁਭਾਅ ਦੇਖ, ਕਿੰਨਾ ਚੰਗੈ। ਗੱਲ ਕਰਨਗੇ, ਬੋਚ ਬੋਚ। ਇੱਕ ਲਫ਼ਜ਼ ਵੀ ਜਿਵੇਂ ਵਾਧੂ ਨਹੀਂ ਹੁੰਦਾ।" "ਕਾਲਾ ਗੁਲਾਬ" ਕਹਿੰਦੀ ਹੈ। ਤੇ ਫਿਰ ਕਾਹਲੀ ਨਾਲ ਚਾਹ ਦੀ ਘੁੱਟ ਅੰਦਰ ਲੰਘਾ ਕੇ ਸਾਰੀਆਂ ਦਾ ਧਿਆਨ ਆਪਣੇ ਵੱਲ ਖਿਚਦੀ ਹੈ:

" .... ‘ਕਿਰਲਾ’ ਗੱਲ ਕਰਦਾ ਦੇਖਿਐ? ਕਿਵੇਂ ਚਾਂਭਲ ਚਾਂਭਲ ਬੋਲਦਾ ਹੁੰਦੈ। ਚਿੱਤੜ ਕਿਤੇ ਹੈਗੇ ਐ ਉਹ ਦੇ? ਸੁੱਕੇ ਡੌਲੇ। ਬੁਸ਼ਰਟ ਦੀਆਂ ਬਾਹਾਂ ‘ਤਾਹਾਂ ਈਂ' ਤਾਹਾਂ ਚਾੜ੍ਹੀ ਜਾਊ। ਪੁੱਛਣ ਵਾਲਾ ਹੋਵੇ, ਮੋਢਿਆ ਤੋਂ ਉੱਤੇ ਕਿੱਥੇ ਲੈ ਕੇ ਜਾਏਂਗਾ ਮਾਵਾਂ ਨੂੰ? ਸਾਬਤੀਆਂ ਬਾਹਾਂ ਵਾਲਾ ਕਮੀਜ਼ ਕਦੇ ਦੇਖਿਐ ਪਹਿਲਵਾਨ ਦੇ? ਲੋਕ ਕੋਟ ਵੀ ਪਾਉਣ ਲੱਗ ਪਏ। ਇਹ ਨੇ ਸੁਆਟਰ ਵੀ ਸ਼ੁਰੂ ਨ੍ਹੀ ਕੀਤਾ ਅਜੇ। ਸਿਰ ਦੇ ਵਾਲ ਦੇਖੇ ਨੇ? ਸਿਰ ਦੇ ਤੱਕਲੇ। ਦਾੜ੍ਹੀ? ਕਦੇ ਡਰੈਵਰ ਕੱਟ, ਕਦੇ ਮੌਲਵੀ ਕੱਟ ਤੇ ਕਦੇ ਸਫ਼ਾ ਚੱਟ।"

"ਸਕੂਲ ਵਿੱਚ ਤਾਂ ਕਾਂਬਾ ਜਾ ਚੜ੍ਹਿਆ ਰਹਿੰਦੈ। ਕਿਸੇ ਮਾਸਟਰ ਨਾਲ ਗੱਲ ਕਰੀਂਦੀ ਐਤਾਂ ਅੱਗਾ ਪਿੱਛੇ ਦੇਖ ਕੇ। "ਕਿਰਨਾ" "ਕਿਰਲਾ" "ਭੂੰਡ" ਤੇ "ਬਾਦਰ" ਪਤਾ ਨਹੀਂ ਕਦੋਂ ਕਿਸੇ ਦੀ ਕੀ ਗੱਲ ਬਣਾ ਦੇਣ। "ਸੰਜਮ" ਜੀ ਜਦੋਂ ਕਦੇ ਵੱਡੇ ਭਰਾ

216
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ