ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/218

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਮਿੱਠੀ ਮਿੱਠੀ ਪਹਿਚਾਣ

ਇਸ ਪਿੰਡ ਦੇ ਸਕੂਲ ਵਿੱਚ ਮੈਂ ਛੀ ਮਹੀਨਿਆਂ ਦੇ ਆਧਾਰ 'ਤੇ ਅਧਿਆਪਕ ਲੱਗੀ ਹੋਈ ਹਾਂ। ਇੱਥੇ ਮੇਰੀ ਰਿਹਾਇਸ਼ ਦਾ ਵੀ ਕੋਈ ਪ੍ਰਬੰਧ ਨਹੀਂ ਬਣ ਸਕਿਆ। ਕੁੱਤੀ ਦੇ ਪਾਂਚੇ ਜਿੰਨਾ ਤਾਂ ਪਿੰਡ ਹੈ, ਇਹ। ਪਿੰਡ ਦੇ ਸਾਰੇ ਲੋਕਾਂ ਕੋਲ ਇੱਕ ਇੱਕ ਮਕਾਨ ਹੈ। ਚੁਬਾਰਾ ਕਿਸੇ ਮਕਾਨ 'ਤੇ ਨਹੀਂ। ਬੈਠਕ ਵੀ ਨਹੀਂ ਦਿੱਤੀ ਕਿਸੇ ਨੇ। ਹਾਰ ਕੇ ਪੰਜ ਮੀਲ ਦੂਰ ਆਪਣੀ ਮਾਸੀ ਦੇ ਪਿੰਡ ਰਹਿਣ ਲੱਗ ਪਈ ਹਾਂ।

ਮਾਸੀ ਦਾ ਪਿੰਡ ਵੀ ਇਸੇ ਸੜਕ 'ਤੇ ਹੈ। ਮੈਂ ਨਿੱਤ ਬੱਸ ਚੜ੍ਹਦੀ ਹਾਂ ਤੇ ਸਕੂਲ ਪਹੁੰਚ ਜਾਂਦੀ ਹਾਂ। ਸਕੂਲ ਵੀ ਤਾਂ ਸੜਕ ਦੇ ਨੇੜੇ ਹੀ ਹੈ। ਛੁੱਟੀ ਹੁੰਦੀ ਹੈ। ਤਿੰਨ ਮਿੰਟਾਂ ਵਿੱਚ ਮੈਂ ਬੱਸ ਅੱਡੇ 'ਤੇ ਪਹੁੰਚ ਜਾਂਦੀ ਹਾਂ।

ਇਸ ਸੜਕ `ਤੇ ਬੱਸ ਸਰਵਿਸ ਤਾਂ ਆਮ ਹੈ। ਅੱਡੇ 'ਤੇ ਆ ਕੇ ਜੁੱਤੀ ਝਾੜੋ, ਪੰਪ ਤੋਂ ਪਾਣੀ ਪੀਓ ਤੇ ਇੱਧਰ ਓਧਰ ਬੈਠੀਆਂ ਜਾਂ ਖੜ੍ਹੀਆਂ ਸਵਾਰੀਆਂ ਵੱਲ ਜ਼ਰਾ ਗਹੁ ਨਾਲ ਵੇਖਣ ਲੱਗ ਪਓ, ਇੰਨੇ ਨੂੰ ਬੱਸ ਆ ਜਾਂਦੀ ਹੈ।

ਮਾਸੀ ਦੇ ਪਿੰਡ ਤੋਂ ਜਸਵੰਤ ਵੀ ਮੇਰੇ ਵਾਲੇ ਸਕੂਲ ਵਿੱਚ ਅਧਿਆਪਕ ਹੈ। ਉਹ ਪੱਕਾ ਅਧਿਆਪਕ ਹੈ। ਦੋ ਤਿੰਨ ਸਾਲ ਤੋਂ ਏਸੇ ਸਕੂਲ ਵਿੱਚ ਪੜ੍ਹਾਉਂਦਾ ਹੈ। ਬੱਸ ’ਤੇ ਤਾਂ ਉਹ ਕਦੇ-ਕਦੇ ਹੀ ਆਉਂਦਾ ਹੈ। ਹਫ਼ਤੇ ਵਿੱਚ ਇੱਕ ਦੋ ਵਾਰੀ। ਆਮ ਕਰਕੇ ਉਹ ਸਾਈਕਲ 'ਤੇ ਹੀ ਆਉਂਦਾ ਹੈ। ਸਾਈਕਲ 'ਤੇ ਸ਼ਾਇਦ ਅਰਾਮ ਮਹਿਸੂਸ ਕਰਦਾ ਹੋਵੇ। ਸਾਈਕਲ ਤਾਂ ਆਪਣੀ ਸਵਾਰੀ ਗੱਡੀ ਹੈ। ਜਦੋਂ ਮਰਜ਼ੀ ਤੋਰ ਲਓ, ਜਿੱਥੇ ਮਰਜ਼ੀ ਖੜ੍ਹਾ ਕਰ ਲਓ ਤੇ ਜਿੱਥੇ ਤੀਕ ਜਾਣਾ ਹੋਵੇ, ਚਲੇ ਜਾਓ। ਸਕੂਲ ਦੇ ਗੇਟ ਤੋਂ ਸਾਈਕਲ ਉੱਤੇ ਚੜ੍ਹ ਕੇ ਜਸਵੰਤ ਸ਼ਾਇਦ ਆਪਣੇ ਘਰ ਦੇ ਬਾਰ ਮੂਹਰੇ ਜਾ ਕੇ ਹੀ ਉਤਰਦਾ ਹੈ। ਪਰ ਸਾਈਕਲ ਜਦ ਕਦੇ ਪੰਕਚਰ ਹੋ ਜਾਂਦਾ ਹੋਵੇ, ਉਦੋਂ ਬੱਸ ਦੀ ਯਾਦ ਆਉਂਦੀ ਹੋਵੇਗੀ। ਰਾਹ ਵਿੱਚ ਪਰ ਇੱਕ ਅੱਡਾ ਹੋਰ ਵੀ ਤਾਂ ਹੈ। ਇੱਕ ਅੱਧਾ ਮੀਲ ਪੈਰੀਂ ਤੁਰ ਕੇ ਉਹ ਪੰਕਚਰ ਲਵਾ ਲੈਂਦਾ ਹੋਵੇਗਾ। ਸਾਈਕਲ ਦਾ ਤਾਂ ਐਵੇਂ ਜੱਭ ਹੈ। ਜਸਵੰਤ ਨੂੰ ਬੱਸ ’ਤੇ ਹੀ ਆਉਣਾ ਜਾਣਾ ਚਾਹੀਦਾ ਹੈ।

ਮੈ ਜਸਵੰਤ ਦੇ ਸਾਈਕਲ 'ਤੇ ਆਉਣ ਜਾਣ ਨੂੰ ਜੱਭ ਕਹਿੰਦੀ ਹਾਂ ਅਤੇ ਆਪਣੇ ਅੰਦਰ ਹੀ ਅੰਦਰ ਉਸ ਨੂੰ ਸਲਾਹ ਦਿੰਦੀ ਹਾਂ ਕਿ ਉਹ ਬੱਸ ’ਤੇ ਆਇਆ ਜਾਇਆ ਕਰੇ। ਅਸਲ ਵਿੱਚ ਇਹ ਗੱਲ ਨਹੀਂ। ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਨਾਲ ਆਇਆ ਕਰੇ, ਮੇਰੇ ਨਾਲ ਜਾਇਆ ਕਰੇ।

218

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ