ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/221

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਆਪਣਾ ਰੋਟੀ ਵਾਲਾ ਡੱਬਾ ਖੋਲ੍ਹਦੀ ਹਾਂ। ਆਲੂ ਦੀ ਇੱਕ ਫਾੜੀ ਆਪਣੇ ਵਾਸਤੇ ਰੱਖ ਕੇ ਬਾਕੀ ਆਲੂ ਗੋਭੀ ਦੀ ਸਬਜ਼ੀ ਨਾਲ ਭਰੀ ਪੱਥਰ ਦੀ ਸਾਰੀ ਕੌਲੀ ਮੁੰਡੇ ਨੂੰ ਫੜਾ ਦਿੰਦੀ ਹਾਂ।

ਅੱਧੀ ਛੁੱਟੀ ਤੋਂ ਬਾਅਦ ਪੱਥਰ ਦੀ ਕੌਲੀ ਧੋਤੀ ਸੰਵਾਰੀ, ਓਹੀ ਮੁੰਡਾ ਮੈਨੂੰ ਫੜਾ ਜਾਂਦਾ ਹੈ। ਮੈਨੂੰ ਤਸਕੀਨ ਜਿਹੀ ਮਿਲਦੀ ਹੈ।

ਇਸ ਤਰ੍ਹਾਂ ਆਦਾਨ ਪ੍ਰਦਾਨ ਚੱਲਦਾ ਹੀ ਰਹਿੰਦਾ ਹੈ। ਕੁੜੀਆਂ ਮੁੰਡਿਆਂ ਦੇ ਹੱਥ। ਜਸਵੰਤ ਨੇ ਕਦੇ ਵੀ ਮੇਰੇ ਨਾਲ ਜ਼ਬਾਨ ਸਾਂਝੀ ਨਹੀਂ ਕੀਤੀ। ਮੈਂ ਵੀ ਕਦੇ ਉਸ ਨੂੰ ਨਹੀਂ ਬੁਲਾਇਆ। ਡਰਦੀ ਹਾਂ-ਕਿਤੇ ਕੋਈ ਐਵੇਂ ਹੀ ਸ਼ੱਕ ਨਾ ਕਰ ਲਵੇਂ। ‘ਵੱਡੀ ਅੰਮਾ' ਨੇ ਦੇਖ ਲਿਆ ਤਾਂ ਤੂਫਾਨ ਖੜ੍ਹਾ ਕਰ ਦੇਵੇਗੀ।

ਗੱਲਾਂ ਗੱਲਾਂ ਵਿੱਚ ਹੀ ਮਾਸੀ ਤੋਂ ਪਤਾ ਲੱਗਿਆ ਕਿ ਜਸਵੰਤ ਨੇ ਅਜੇ ਵਿਆਹ ਨਹੀਂ ਕਰਵਾਇਆ। ਇਹ ਵੀ ਪਤਾ ਲੱਗਦਾ ਹੈ ਕਿ ਉਹ ਮੰਗਿਆ ਹੋਇਆ ਹੈ। ਪਰ ਜਿਸ ਕੁੜੀ ਨਾਲ ਮੰਗਿਆ ਹੈ, ਉਹ ਅਨਪੜ੍ਹ ਹੈ। ਜਸਵੰਤ ਅਨਪੜ੍ਹ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਮੈਂ ਸੋਚਦੀ ਰਹਿੰਦੀ ਹਾਂ ਕਿ ....।

ਮੇਰੇ ਛੇ ਮਹੀਨੇ ਪੁਰੇ ਵੀ ਨਹੀਂ ਲੱਗੇ ਹੁੰਦੇ ਕਿ ਲੰਮੀ ਛੁੱਟੀ 'ਤੇ ਗਿਆ ਹੋਇਆ ਮਾਸਟਰ ਚਾਣਚੱਕ ਹੀ ਹਾਜ਼ਰ ਹੋ ਜਾਂਦਾ ਹੈ।

ਤਨਖ਼ਾਹ ਲੈਣ ਮੈਂ ਸਕੂਲ ਵਿੱਚ ਆਉਂਦੀ ਹਾਂ, ਜਸਵੰਤ ਮਿਲਦਾ ਹੈ। ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਉਹ ਪਹਿਲਾਂ ਹੀ ਕਹਿ ਦਿੰਦਾ ਹੈ, ਨੀਵੀਂ ਪਾ ਕੇ ਮੈਂ ਸਤਿ ਸ੍ਰੀ ਅਕਾਲ ਮੰਨ ਲੈਂਦੀ ਹਾਂ, ਬੋਲਿਆ ਕੁਝ ਨਹੀਂ ਗਿਆ। ਸਾਡੇ ਦੋਵਾਂ ਵਿਚਕਾਰ ਚੁੱਪ ਦੀ ਖਲੀਜ ਉੱਗ ਪੈਂਦੀ ਹੈ ਤੇ ਫਿਰ ਜਸਵੰਤ ਹੀ ਬੋਲਦਾ ਹੈ- 'ਹੁਣ ਬੀਬੀ ਫਿਰ?'

‘ਜਿੰਨਾ ਚਿਰ ਹੋਰ ਕਿਤੇ ਕਾਰਡ ਨੀ ਨਿਕਲਦਾ, ਉਨ੍ਹਾਂ ਚਿਰ ਤਾਂ ਵੀਰ ਜੀ, ਪਿੰਡ ਈ ਆਂ।"

ਗੱਲ ਅਜੇ ਸ਼ੁਰੂ ਵੀ ਨਹੀਂ ਹੋਈ ਹੁੰਦੀ ਕਿ ਦੋ ਮਾਸਟਰ ਹੋਰ ਮੇਰੇ ਉਦਾਲੇ ਆ ਖੜੇ ਹੁੰਦੇ ਹਨ। ਇੱਕ ਮਾਸਟਰ ਨੇ ਸਵਾਲ ਕੀਤਾ- ‘ਭੈਣ ਜੀ?ਜੁੱਤੀ ਦੀ ਟੋਅ ਨਾਲ ਧਰਤੀ 'ਤੇ ਨਿੱਜੀ ਲਕੀਰ ਖਿੱਚ ਕੇ ਮੈਂ ਬੋਲਣਾ ਚਾਹੁੰਦੀ ਹਾਂ ਕਿ ‘ਵੱਡੀ ਅੰਮਾ’ ਆ ਕੇ ਬਾਂਹ ਫੜਦੀ ਹੈ ਤੇ ਕਹਿੰਦੀ ਏ-'ਆ ਕੁੜੀਏ ਚਾਹ ਪਿਲਾਵਾਂ ਤੈਨੂੰ।'

ਜਸਵੰਤ ਪਤਾ ਨਹੀਂ ਕਿੱਧਰ ਤੁਰ ਜਾਂਦਾ ਹੈ। ਤਨਖ਼ਾਹ ਲੈਂਦੀ ਹਾਂ ਤੇ ਪਿੰਡ ਨੂੰ ਆ ਜਾਂਦੀ ਹਾਂ।

ਸੋਚਦੀ ਹਾਂ, ‘ਜਸਵੰਤ ਨਾਲ ਮਿੱਠੀ ਮਿੱਠੀ ਪਹਿਚਾਣ ਜੋ ਬਣੀ ਸੀ, ਉਹ ਅੱਗੇ ਕਿਉਂ ਨਾ ਤੁਰ ਸਕੀ? ਪਹਿਚਾਣ ਜੇ ਗੂੜ੍ਹੀ ਹੋ ਜਾਂਦੀ ਤਾਂ ਸ਼ਾਇਦ....?'

ਕੌਣ ਕਹੇ ਜਸਵੰਤ ਨੂੰ ਜਾ ਕੇ ਕਿ....।

ਮਿੱਠੀ ਮਿੱਠੀ ਪਹਿਚਾਣ

221