ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਸ਼ਮੀਰਾ ਸਿੰਘ ਦੇ ਇਸ ਢੰਗ ਨਾਲ ਪੁੱਛਣ 'ਤੇ ਉਹ ਦੇ ਮੂੰਹ ਵੱਲ ਅਜੀਬ ਜਿਹਾ ਦੇਖਣ ਨੇ ਚੰਦਨ ਨੂੰ ਜਿਵੇਂ ਧਰਤੀ ਵਿੱਚ ਗੱਡ ਦਿੱਤਾ ਹੋਵੇ। ਉਹ ਨੂੰ ਇੱਕ ਧੁੜਧੜੀ ਆਈ। ਉਹ ਦਾ ਦਿਲ ਕੀਤਾ, ਉਹ ਵਾਪਸ ਸ਼ਾਹਕੋਟ ਨੂੰ ਮੁੜ ਜਾਵੇ ਤੇ ਕਿਸੇ ਕੁਲੀਗ ਦੇ ਘਰ ਜਾ ਕੇ ਰਾਤ ਕੱਟ ਲਵੇ, ਪਰ ਨਹੀਂ। ਬੇਸ਼ਰਮੀ ਦੀ ਹਾਲਤ ਵਿੱਚ ਉਹ ਕਸ਼ਮੀਰਾ ਸਿੰਘ ਦੇ ਨਾਲ-ਨਾਲ ਤੁਰਨ ਲੱਗਿਆ।

ਮੁਣਸ਼ੀ ਦੇ ਘਰ ਪਹੁੰਚੇ, ਉਹ ਘਰ ਨਹੀਂ ਸੀ। ਰੇਸ਼ਮਾ ਨੇ ਚਾਹ ਬਣਾਈ। ਛੇਤੀ-ਛੇਤੀ ਚਾਹ ਪੀ ਕੇ ਕਸ਼ਮੀਰਾ ਸਿੰਘ ਉਨ੍ਹਾਂ ਦੇ ਬਾਰ ਅੱਗੇ ਜਾ ਖੜ੍ਹਾ ਤੇ ਗਲੀ ਵਿੱਚ ਲੰਘ ਰਹੇ ਕਿਸੇ ਬੰਦੇ ਨਾਲ ਗੱਲਾਂ ਕਰਨ ਲੱਗਿਆ।

'ਉਹ ਕਿੱਥੇ ਐ? ਚੰਦਨ ਨੇ ਪੁੱਛਿਆ।'

'ਐਥੇ ਹੀ ਐ, ਪਿੰਡ 'ਚ ਗਿਆ ਹੋਇਐ ਕਿਸੇ ਕੋਲ।'

'ਅੱਜ ਅਸੀਂ ਓਸ ਨੂੰ ਫੇਰ ਲੈ ਜਾਵਾਂਗੇ। ਮੈਂ ਆਊਂਗਾ ਰਾਤ ਨੂੰ। ਬਾਰ ਦਾ ਕੁੰਡਾ ਖੁੱਲ੍ਹਾ ਰੱਖੀਂ, ਚੰਗਾ?'

‘ਨਾ-ਨਾ, ਇਹ ਗੱਲ ਝੂਠੀ। ਐਨੀ ਤਾਂ ਗਰਮੀ ਐ। ਮੈਂ ਤਾਂ ਵਿਹੜੇ ਵਿੱਚ ਪਈ ਹੋਵਾਂਗੀ।'

‘ਫੇਰ ਕੀਹ ਐ। ਉੱਠ ਕੇ ਅੰਦਰ ਆ ਜਾਈਂ। ਬਿਜਲੀ ਹੈਗੀ ਐ। ਪੱਖਾ ਛੱਡ ਲਈਂ।'

‘ਮਗਰੋਂ ਕੋਈ ਜਵਾਕ ਜਾਗ ਪਿਆ ਫੇਰ? ਕੋਠਿਆਂ ’ਤੇ ਪਏ ਹੁੰਦੇ ਐ।'

'ਮੈਂ ਆਊਗਾ।'

'ਨਹੀਂ।'

'ਨਹੀਂ, ਮੈਂ ਤਾਂ ਜ਼ਰੂਰ ਆਉਂਗਾ।'

'ਔਂਦਾ ਫਿਰੀਂ। ਮੈਂ ਕੁੰਡਾ ਨ੍ਹੀਂ ਖੋਲ੍ਹਣਾ।'

‘ਨਾ ਖੋਲ੍ਹੀਂ। ਕੰਧ ਨਾਲ ਟੱਕਰ ਮਾਰ ਕੇ ਇੱਥੇ ਈ ਮਰ ਜੂੰ।'

‘ਸੌ ਵਾਰੀ ਮਾਰੀ ਟੱਕਰ। ਮਰਦਾ ਫਿਰੀਂ। ਤੇ ਫਿਰ ਨਰਮ ਜਿਹੀ ਪੈ ਕੇ ਕਹਿਣ ਲੱਗੀ, 'ਤੇਰੀ ਇਹ ਗੱਲ ਮਾੜੀ ਐ, ਚੰਦਨ। ਜ਼ਿੱਦ ਕਰਨ ਲੱਗ ਪੈਨੈ। ਧੱਕਾ ਕਰੇਂਗਾ ਤਾਂ ਮੈਂ ਨਹੀਂ ਬੋਲਣਾ ਮੁੜਕੇ।'

'ਨਾ ਬੋਲੀ, ਪਰ ਮੈਂ ਆਊਂਗਾ ਜ਼ਰੂਰ।' ਉਹ ਹੱਸਣ ਲੱਗਿਆ। ਰੇਸ਼ਮਾ ਅੰਦਰ ਨੂੰ ਚਲੀ ਗਈ। ਕਸ਼ਮੀਰਾ ਸਿੰਘ ਆਇਆ ਤੇ ਪੁੱਛਣ ਲੱਗਿਆ, ‘ਚੱਲੀਏ?

‘ਚੱਲ।'

‘ਹੋ ਗਈ ਗੱਲ?'

'ਹਾਂ।'

'ਚੱਲ ਫੇਰ। ਮੁਣਸ਼ੀ ਨੂੰ ਓਥੇ ਈ ਸੱਦ ਲਵਾਂਗੇ।'

‘ਜੇ ਉਡੀਕ ਚੱਲੀਏ ਉਹ ਨੂੰ?'

'ਨਹੀਂ, ਸ਼ਰਾਬ ਦੇ ਨਾਉਂ ਨੂੰ ਤਾਂ ਭਾਵੇਂ ਉਹ ਨੂੰ ਸੌ ਕੋਹ ਸੱਦ ਲਓ। ਭੱਜਿਆ ਆਉ।' ਉਹ ਘਰ ਜਾ ਬੈਠੇ। ਬੋਤਲ ਖੋਲ੍ਹ ਲਈ। ਛੋਟਾ-ਛੋਟਾ ਪੈੱਗ ਲੈ ਕੇ ਗੱਲਾਂ ਕਰਨ

24

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ