ਸਧਾਰਨ ਕਿਸਮ ਦਾ ਆਦਮੀ ਸੀ। ਉਸ ਨੂੰ ਕੋਈ ਅਨੁਭਵ ਨਹੀਂ ਸੀ ਕਿ ਉਸ ਨਿੱਕੇ ਜਿਹੇ ਕਮਰੇ ਵਿੱਚ ਕੀ ਨਾਟਕ ਹੋ ਰਿਹਾ ਹੈ।
ਇੱਕ ਦਿਨ ਚੰਦਨ ਨੇ ਸ਼ੀਲ ਨੂੰ ਇਕੱਲ ਦੇਖ ਕੇ ਬਹੁਤ ਪਿਆਰ ਨਾਲ ਪੁੱਛਿਆ, ‘ਤੇਰੀ ਢੂਹੀ ’ਤੇ ਇੱਕ ਮੁੱਕੀ ਮਾਰ ਲਵਾਂ?'
ਸ਼ੀਲ ਨੇ ਨਾਂਹ ਵਿੱਚ ਸਿਰ ਹਿਲਾਇਆ। ਚੰਦਨ ਉਦਾਸ ਹੋ ਕੇ ਆਪਣੀ ਕੁਰਸੀ 'ਤੇ ਡਿੱਗ ਪਿਆ।
‘ਨਰਾਜ਼ ਹੋ ਗਿਐ?'
'ਨਹੀਂ।'
‘ਹੋਰ? ਮੂੰਹ ਕਿਵੇਂ ਕਰ ਲਿਐ?'
‘ਮੈਂ ਨਰਾਜ਼ ਹੋ ਕੇ ਤੇਰਾ ਕੀ ਖੋਹ ਲੂੰ ? ਤੇਰੇ ’ਤੇ ਜ਼ੋਰ ਤਾਂ ਨ੍ਹੀਂ ਮੇਰਾ ਕੋਈ।'
ਇਹ ਗੱਲ ਸ਼ੀਲ ਨੂੰ ਜੀਵੇਂ ਧੁਰ ਤੱਕ ਸੱਲ ਗਈ ਹੋਵੇ, ਕਹਿਣ ਲੱਗੀ, 'ਖਾਹ ਮਖਾਹ ਕਾਹਤੋਂ ਮੇਰਾ ਮੂਡ ਖਰਾਬ ਕਰ ਦਿੰਨੈ?'
ਹਾਂਡਾ ਆ ਗਿਆ।
ਇੱਕ ਦਿਨ ਚੰਦਨ ਸ਼ੀਲ ਦੇ ਮੂੰਹ ਵੱਲ ਦੇਖਦਾ ਰਿਹਾ ਤੇ ਫਿਰ ਕਹਿਣ ਲੱਗਾ, 'ਤੂੰ ਇੱਕ ਚਿੜੀ ਐਂ।'
ਇੱਕ ਦਿਨ ਫੇਰ ਥੋੜ੍ਹੀ ਜਿਹੀ ਇਕੱਲੀ ਲੱਭ ਦੇ ਚੰਦਨ ਨੇ ਸ਼ੀਲ ਦੀ ਗੱਲ ਨੂੰ ਸਹਿਲਾ ਦਿੱਤਾ। ਉਹ ਅਹਿੱਲ ਬੈਠੀ ਰਹੀ। ਐਨਾ ਹੀ ਮੂੰਹੋਂ ਬੋਲੀ, 'ਹਟਦਾ ਤਾਂ ਨਹੀਂ ਸ਼ਰਾਰਤ ਤੋਂ?'
'ਤੂੰ ਇੱਕ ਘੁੱਗੀ ਐਂ।' ਉਹ ਕਹਿ ਗਿਆ, 'ਮੈਂ ਚਾਹੁੰਨਾ ਤੂੰ ਇੱਕ ਕਬੂਤਰੀ ਬਣ ਜਾਏਂ। ਅਕਾਸ਼ਾਂ ਵਿੱਚ ਪੁੱਠੀਆਂ ਛਾਲਾਂ ਮਾਰਨ ਵਾਲੀ। ਕਿਸੇ ਤੋਂ ਨਾ ਡਰਨ ਵਾਲੀ। ਉਤਰੇਂ ਤਾਂ ਮੇਰੇ ਹੱਥ ’ਤੇ ਉਤਰੇਂ। ਆਪਣੇ ਹੱਥ ’ਤੇ ਮੈਂ ਤੈਨੂੰ ਚੋਗ ਚੁਗਾਵਾਂ......?
‘ਬੱਸ, ਜਨੌਰ-ਪੰਛੀ ਈ ਬਣਾਈ ਜਾਇਆ ਕਰ ਮੈਨੂੰ ਤਾਂ।' ਉਹ ਪੋਲਾ ਜਿਹਾ ਮੂੰਹ ਬਣਾ ਕੇ ਬੋਲੀ।ਚੰਦਨ ਨੇ ਉਹਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਤੇ ਬਹੁਤ ਪਿਆਰ ਨਾਲ ਪੋਲਾ ਜਿਹਾ ਘੁੱਟਿਆ। ਸ਼ੀਲ ਨੇ ਮੁਸਕਰਾ ਦਿੱਤਾ। ਉਸ ਦੀ ਇਸ ਮੁਸਕਰਾਹਟ ਵਿੱਚ ਗੰਭੀਰਤਾ ਦੀ ਛੋਹ ਵੀ ਸੀ।
ਉਸ ਦਿਨ ਧਰਮਗੜ੍ਹ ਤੋਂ ਆ ਕੇ ਚੰਦਨ ਬਹੁਤ ਉਦਾਸ ਬੈਠਾ ਸੀ। ਇੱਕ ਵਾਰੀ ਦਹੀਂ ਦੀ ਲੱਸੀ ਦੇ ਦੋ ਗਲਾਸ ਮੰਗਵਾਏ, ਉਹ ਨੇ ਤੇ ਸ਼ੀਲ ਨੇ ਲੱਸੀ ਪੀਤੀ। ਹਾਂਡਾ ਲੱਸੀ ਨਹੀਂ ਪੀਂਦਾ ਸੀ। ਇੱਕ ਵਾਰੀ ਚੰਦਨ ਨੇ ਚਾਹ ਮੰਗਵਾਈ। ਉਹ ਨੇ ਤੇ ਹਾਂਡਾ ਨੇ ਪੀਤੀ ਸੀ। ਸ਼ੀਲ ਚਾਹ ਨਹੀਂ ਪੈਂਦੀ ਸੀ। ਇੱਕ ਵਾਰੀ ਹਾਂਡੇ ਨੇ ਵੀ ਚਾਹ ਮੰਗਵਾ ਲਈ। ਉਹ ਤਿੰਨੇ ਕੰਮ ਨਿਬੇੜਨ ਲੱਗੇ। ਚੰਦਨ ਤੋਂ ਕੰਮ ਨਹੀਂ ਹੋ ਰਿਹਾ ਸੀ ਤੇ ਫਿਰ ਹਾਂਡੇ ਦਾ ਮੁੰਡਾ ਘਰੋਂ ਆਇਆ। ਹਾਂਡੇ ਦੀ ਬੀਵੀ ਅਚਾਨਕ ਬਿਮਾਰ ਹੋ ਗਈ ਸੀ। ਇੱਕ ਵੱਜ ਰਿਹਾ ਸੀ। ਹਾਂਡਾ ਅੱਧੀ ਛੁੱਟੀ ਲੈ ਕੇ ਘਰ ਚਲਿਆ ਗਿਆ।
ਡੇਢ ਵੱਜਿਆ ਤਾਂ ਸ਼ੀਲ ਨੇ ਆਪਣਾ ਟਿਫ਼ਨ ਖੋਲ੍ਹਿਆ।
‘ਤੇਰਾ ਟਿਫ਼ਨ? ਸ਼ੀਲ ਨੇ ਪੁੱਛਿਆ।'
ਅੱਧਾ ਆਦਮੀ