ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘ਜਾਹ, ਕਰਦੀ ਕੀਹ ਐ।' ਉਹ ਖੁਰਲੀ ਤੋਂ ਥੱਲੇ ਉਤਰ ਆਇਆ ਤੇ ਆਪਣੇ ਦਰਵਾਜ਼ੇ ਦੀਆਂ ਚਿੜੀਆਂ ਉਡਾਉਣ ਲੱਗਿਆ।

ਕਈ ਸਾਲਾਂ ਤੱਕ ਤਾਂ ਮਿੰਦਰੋ ਲਈ ਕੋਈ ਮੁੰਡਾ ਨਹੀਂ ਲੱਭਿਆ ਜਾ ਸਕਿਆ ਸੀ। ਉਹਦੀ ਉਮਰ ਬਾਈ-ਤੇਈ ਸਾਲ ਹੋ ਚੁੱਕੀ ਸੀ।ਉਹਦੀ ਮਾਂ ਬੜੀ ਨਿਘੋਚਣ ਸੀ। ਕੋਈ ਮੁੰਡਾ ਉਹ ਦੇ ਪਸੰਦ ਨਹੀਂ ਆਉਂਦਾ ਸੀ। ਉਹ ਬਹੁਤ ਸੁਹਣਾ ਮੁੰਡਾ ਭਾਲਦੀ ਸੀ। ਮਿੰਦਰੋ ਐਨੀ ਸੁਹਣੀ ਨਹੀਂ ਸੀ। ਉਹਦਾ ਰੰਗ ਗੰਦਮੀ ਸੀ। ਮੂੰਹ ਤੇ ਮਾਤਾ ਦੇ ਦਾਗ਼ ਸਨ। ਨੱਕ ਮੋਟਾ ਸੀ। ਕੱਦ ਲੰਬਾ ਤੇ ਸਰੀਰ ਅਕਹਿਰਾ। ਢਾਂਗਾ ਜਹੀ ਲੱਗਦੀ। ਇੱਕ ਗੱਲ ਜ਼ਰੂਰ ਸੀ, ਉਹ ਦੀਆਂ ਅੱਖਾਂ ਬਹੁਤ ਸੁਹਣੀਆਂ ਸਨ, ਮੋਟੀਆਂ-ਮੋਟੀਆਂ। ਅਖੀਰ ਉਹਦੇ ਲਈ ਮੁੰਡਾ ਲੱਭਿਆ ਗਿਆ ਤਾਂ ਬਹੁਤ ਸੁਹਣਾ ਹੀ।ਬਰਾਤ ਆਈ ਤਾਂ ਬੁੜ੍ਹੀਆਂ ਗੱਲਾਂ ਕਰਦੀਆਂ ਸਨ, ‘ਚੰਦ ਨੂੰ ਗ੍ਰਹਿਣ ਲੱਗ ਗਿਆ, ਭੈਣੇ।'

ਕਿੰਨੇ ਹੀ ਸਾਲ ਮਿੰਦਰੋ ਦੇ ਕੋਈ ਜਵਾਕ ਨਾ ਹੋਇਆ। ਮਾਂ ਕੋਲ ਆਕੇ ਉਹ ਗੁੱਝਾ-ਗੁੱਝਾ ਇਲਾਜ ਕਰਵਾਉਂਦੀ। ਉਹ ਦੇ ਘਰ ਵਾਲੇ ਕੋਲ ਚੰਗੀ ਜ਼ਮੀਨ ਸੀ। ਮਿੰਦਰੋ ਦਾ ਸਾਕ ਤਾਂ ਉਹ ਨੇ ਇਸ ਕਰਕੇ ਲੈ ਲਿਆ ਸੀ, ਕਿਉਂਕਿ ਮਿਦਰੋ ਨੂੰ ਦਾਜ ਬਹੁਤ ਸਾਰਾ ਦਿੱਤਾ ਗਿਆ ਸੀ।ਪ੍ਰਾਹੁਣੇ ਨੂੰ ਘੋੜੀ ਤੇ ਸੋਨੇ ਦਾ ਕੰਠਾ। ਮਿੰਦਰੋ ਨੂੰ ਕਈ ਤੋਲੇ ਸੋਨਾ। ਇੱਕ ਸੱਜਰੀ ਸੂਈ ਮੱਝ। ਲੀੜੇ-ਕੱਪੜੇ ਦਾ ਕੋਈ ਅੰਤ-ਹਿਸਾਬ ਨਹੀਂ ਸੀ। ਉਹ ਇਕੱਲਾ ਪੁੱਤ ਸੀ। ਪੈਂਤੀ ਸਾਲ ਤੋਂ ਉੱਤੇ ਉਹ ਦੀ ਉਮਰ ਹੋ ਚੱਲੀ ਸੀ, ਪਰ ਜਵਾਕ ਕੋਈ ਨਹੀਂ ਸੀ। ਘਰ ਐਵੇਂ ਜਾਂਦਾ ਸੀ। ਬੱਤੀ ਨਾਲ ਬੱਤੀ ਲੱਗਣੀ ਬਹੁਤ ਜ਼ਰੂਰੀ ਸੀ। ਉਹ ਨੇ ਦੂਜਾ ਵਿਆਹ ਕਰਵਾਉਣ ਦੀ ਗੱਲ ਛੇੜੀ। ਮਿੰਦਰੋ ਝੱਟ ਰਾਣੀਸਰ ਪਹੁੰਚੀ, ਮਾਂ ਨੂੰ ਸਾਰੀ ਗੱਲ ਦੱਸੀ।

ਮਾਂ ਨੇ ਸਾਰੀ ਉਮਰ ਮਿੰਦਰੋ ਦੇ ਪਿਓ ਨੂੰ ਜੁੱਤੀ ਥੱਲੇ ਰੱਖਿਆ ਸੀ। ਟੂਣੇ-ਟਾਮਣ ਕਰਦੀ ਰਹਿੰਦੀ। ਪਿੰਡ ਦੇ ਹੀ ਗੁਰਬਚਨ ਦਾਸ ਸਾਧ ਤੋਂ ਉਹ ਨੇ ਤਬੀਤ ਦੁੱਧ ਵਿੱਚ ਘੋਲ ਕੇ ਪਿਆਉਣ ਨਾਲ ਹੀ ਪ੍ਰਾਹੁਣੇ ਨੇ ਮਿੰਦਰੋ ਦੇ ਪੈਰਾਂ ਵਿੱਚ ਪੱਗ ਰੱਖ ਦੇਣੀ ਸੀ।

ਰਾਤ ਦੀ ਰੋਟੀ ਤੋਂ ਬਾਅਦ ਉਹ ਤੌੜੀ ਵਿੱਚੋਂ ਦੁੱਧ ਦਾ ਛੰਨਾ ਭਰ ਕੇ ਆਪਣੇ ਘਰ ਵਾਲੇ ਨੂੰ ਫੜਾਉਣ ਦੀ ਥਾਂ ਅੰਦਰ ਸਬਾਤ ਵਿੱਚ ਲੈ ਗਈ। ਉਹ ਵਿਹੜੇ ਵਿੱਚ ਮੰਜੇ ’ਤੇ ਪਿਆ ਸੀ ਤੇ ਆਪਣੀ ਮਾਂ ਨਾਲ ਖੇਤਾਂ ਦੀ ਕੋਈ ਗੱਲ ਕਰ ਰਿਹਾ ਸੀ। ਸੱਸ ਨੇ ਨਾਈਆਂ ਦੀ ਬਹੂ ਨੂੰ ਦਿਨ ਛਿਪੇ ਜਿਹੇ ਘਿਓ ਜੋਖ ਕੇ ਦਿੱਤਾ ਸੀ। ਸਬ੍ਹਾਤ ਵਿੱਚ ਟਾਂਡ 'ਤੇ ਘਿਓ ਦੀ ਲਿੱਬੜੀ ਬਾਟੀ ਰੱਖ ਕੇ ਉਹ ਭੁੱਲ ਗਈ ਸੀ। ਇਕਦਮ ਉਸ ਨੂੰ ਯਾਦ ਆਇਆ ਤਾਂ ਸਬ੍ਹਾਤ ਵਿੱਚ ਆਈ। ਦੀਵੇ ਦੇ ਚਾਨਣ ਵਿੱਚ ਮਿੰਦਰੋ ਦੁੱਧ ਦੇ ਛੰਨੇ ਵਿੱਚ ਕੋਈ ਕਾਗਤੀ ਜਿਹੀ ਥੋ ਰਹੀ ਸੀ। ਸੱਸ ਦੇਖ ਕੇ ਖੜ੍ਹੀ ਦੀ ਖੜ੍ਹੀ ਰਹਿ ਗਈ ਤੇ ਫਿਰ ਪੁੱਠੇ ਪੈਰੀਂ ਜਾ ਕੇ ਉਹ ਪੁੱਤ ਨੂੰ ਬੁਲਾ ਲਿਆਈ। ਮਾਂ-ਪੁੱਤ ਨੇ ਦੱਬੇ ਪੈਰੀਂ ਆ ਕੇ ਇਹ ਨਾਟਕ ਦੇਖਿਆ ਤੇ ਫਿਰ ਮਿੰਦਰੋ ਨੂੰ ਸਲੰਘ ਨਾਲ ਕੁੱਟਿਆ ਗਿਆ। ਸਾਰੇ ਅਗਵਾੜ ਵਿੱਚ ਰੌਲਾ ਪੈ ਗਿਆ। ਦੂਜੇ ਦਿਨ ਹੀ ਉਹ ਉਸ ਨੂੰ ਰਾਣੀਸਰ ਦੀ ਜੂਹ ਵਿੱਚ ਛੱਡ ਕੇ ਮੁੜ ਗਿਆ।ਦੂਜਾ ਵਿਆਹ ਕਰਵਾ ਲਿਆ। ਮੁਕੱਦਮਾ ਲੜ ਕੇ ਮਿੰਦਰੋ ਨੇ ਖ਼ਰਚ ਬਨ੍ਹਵਾਇਆ ਸੀ। ਦਸ ਸਾਲਾਂ ਤੋਂ ਉਹ ਆਪਣੇ ਬਿਰਧ ਤੇ ਕਮਜ਼ੋਰ ਬਾਪ ਕੋਲ ਬੈਠੀ ਹੋਈ ਸੀ। ਮਾਂ ਉਹਦੀ ਪੰਜ ਸਾਲ ਪਹਿਲਾਂ ਮਰ ਚੁੱਕੀ ਸੀ। ਭਰਾ ਵੀ ਕੋਈ ਨਹੀਂ ਸੀ।

32

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ