ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੇ ਸ਼ੀਲ....

ਉਹ ਤਾਂ ਕਿਸੇ ਰਾਹ ਤੇ ਆ ਹੀ ਨਹੀਂ ਰਹੀ। ਚੰਗੀ ਬਥੇਰੀ ਹੈ। ਕਿੰਨਾ ਮੋਹ ਕਰਦੀ ਹੈ। ਇੱਕ ਦਿਨ ਕਹਿੰਦੀ ਸੀ, "ਮੈਂ ਤੈਨੂੰ ਕਿਵੇਂ ਵਿਸ਼ਵਾਸ ਦਿਵਾਵਾਂ, ਚੰਦਨ ਕਿ ਮੈਂ ਤੈਨੂੰ ਬੇਹੱਦ ਪਿਆਰ ਕਰਦੀ ਹਾਂ।ਰਾਤ ਨੂੰ ਤੇਰੇ ਹੱਥ ਆਪਣੀ ਹਿੱਕ ਨਾਲ ਘੁੱਟ ਕੇ ਸੌਂਦੀ ਹਾਂ। ਪਰ ਮੇਰੇ ਵੀ ਕੁਝ ਬੰਧਨ ਹਨ। ਮੈਂ ਉਨ੍ਹਾਂ ਬੰਧਨਾਂ ਵਿੱਚੋਂ ਨਿਕਲਣਾ ਵੀ ਨਹੀਂ ਚਾਹੁੰਦੀ। ਮੇਰੇ ਕੈਰੀਅਰ ਦਾ ਸਵਾਲ ਹੈ। ਅਜੀਬ ਲੜਕੀ ਹੈ, ਪਿਆਰ ਤਾਂ ਕਰਦੀ ਹੈ, ਪਰ ਨੱਕ ਤੇ ਮੱਖੀ ਨਹੀਂ ਬੈਠਣ ਦਿੰਦੀ। ਗੱਲਾਂ ਹੀ ਕਰਦੀ ਹੈ। ਗੱਲਾਂ ਵਿੱਚ ਕੀ ਹੈ। ਗੱਲਾਂ ਤਾਂ ਮਗਜ਼ ਖਪਾਈ ਹਨ। ਉਹ ਦੇ ਸਰੀਰ ਵਿੱਚ ਲੱਗੀ ਅੱਗ ਨੂੰ ਕੌਣ ਜਾਣਦਾ ਹੈ। ਕੰਵਾਰੀ ਕੁੜੀ ਹੈ, ਸੌ ਗੱਲਾਂ ਸੋਚਦੀ ਹੋਵੇਗੀ। ਉਮਰ ਵਿੱਚ ਤਾਂ ਉਸ ਨਾਲੋਂ ਕਿੰਨੀ ਛੋਟੀ ਹੈ। ਮਸ੍ਹਾਂ ਪੱਚੀ ਛੱਬੀ ਸਾਲ ਦੀ ਹੋਵੇਗੀ, ਪਰ ਐਡੀ ਹੋ ਕੇ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ, ਜੇ ਸ਼ੀਲ ਨਾਲ ਹੋ ਜਾਵੇ ਉਹ ਦਾ ਵਿਆਹ? ਨਹੀਂ, ਉਹ ਕਦ ਮੰਨੇਗੀ। ਇੱਕ ਤਰ੍ਹਾਂ ਨਾਲ ਤਾਂ ਉਹ ਦਾ ਇਹ ਅਹਿਸਾਨ ਹੀ ਹੋਵੇਗਾ,ਇਕ ਵੱਡੀ ਕੁਰਬਾਨੀ ਹੋਵੇਗੀ, ਜੇ.....। ਪਰ ਉਹ ਨੂੰ ਆਪਣੀ ਜ਼ਿੰਦਗੀ ਵੀ ਤਾਂ ਚਾਹੀਦੀ ਹੈ। ਕਾਸ਼! ਜੇ ਉਹ ਪੰਜ-ਸੱਤ ਸਾਲ ਹੋਰ ਵੱਡੀ ਹੁੰਦੀ। ਹੁਣ ਤਾਂ ਉਹ ਗੱਲਾਂ ਮਾਰ ਕੇ ਆਪਣਾ ਠਰਕ ਹੀ ਪੂਰਾ ਕਰਦੀ ਲੱਗਦੀ ਹੈ। ਇੱਕ ਖਿਲਾਅ ਨੂੰ ਭਰਨ ਦੀ ਕੋਸ਼ਿਸ਼, ਨਹੀਂ ਤਾਂ ਕੀ ਹਮਦਰਦੀ ਹੈ, ਉਸ ਨੂੰ।

ਕੁਲਜੀਤ ਅਜੇ ਆਇਆ ਨਹੀਂ ਸੀ। ਮਾਂ ਵਿਹੜੇ ਵਿੱਚ ਪੈ ਚੁੱਕੀ ਸੀ। ਮਿਹਰ ਆਪਣਾ ਬਿਸਤਰਾ ਵਿਛਾ ਰਿਹਾ ਸੀ। ਉਹ ਫਿਰ ਮਿੰਦਰੋ ਬਾਰੇ ਸੋਚਣ ਲੱਗਿਆ।

ਅੱਧੀ ਰਾਤ ਹੋਣ ਵਾਲੀ ਹੋਵੇਗੀ। ਕੁਲਜੀਤ ਘੂਕ ਸੁੱਤਾ ਪਿਆ ਸੀ। ਸਿਰਹਾਣੇ ਪਏ ਘੜੇ ਵਿੱਚੋਂ ਉਸ ਨੇ ਪਾਣੀ ਪੀਤਾ। ਪੌੜੀਆਂ ਉਤਰ ਕੇ ਵਿਹੜੇ ਵਿੱਚ ਆਇਆ। ਮਾਂ ਤੇ ਮਿਹਰ ਵੀ ਸੁੱਤੇ ਪਏ ਸਨ। ਦਰਵਾਜ਼ੇ ਦਾ ਬਾਰ ਖੁੱਲ੍ਹਾ ਛੱਡ ਰੱਖਿਆ ਸੀ। ਉਹ ਘਰੋਂ ਬਾਹਰ ਹੋਇਆ। ਮਿੰਦਰੋ ਕਾ ਬਾਰ ਖੁੱਲ੍ਹਾ ਸੀ। ਉਹ ਅੰਦਰ ਹੋਇਆ ਤਾਂ ਬੱਕਰੀ ਦੇ ਮੇਮਣੇ ਉੱਠ ਖੜ੍ਹੇ। ਬੱਕਰੀ ਮਾਮੂਲੀ ਜਿਹੀ ਮਿਆਂਕੀ। ਉਹ ਦੱਬੇ ਪੈਰੀਂ ਬਾਂਸ ਦੀ ਪੌੜੀ ਚੜ੍ਹਨ ਲੱਗਿਆ। ਚੁਬਾਰੇ ਵਿੱਚ ਜਾ ਕੇ ਕਾਫ਼ੀ ਦੇਰ ਤੱਕ ਮਿੰਦਰੋ ਦੇ ਮੰਜੇ ਵੱਲ ਝਾਕਦਾ ਰਿਹਾ। ਮਿੰਦਰੋ ਦਾ ਬਾਪ ਲੋਥ ਵਾਂਗ ਮੂੰਹ ਟੱਡੀ ਸੁੱਤਾ ਪਿਆ ਸੀ।'

ਅਸਮਾਨ 'ਤੇ ਤਾਰੇ ਨਹੀਂ ਸਨ। ਚੰਦ ਹੋਵੇਗਾ। ਏਸੇ ਕਰਕੇ ਧਰਤੀ 'ਤੇ ਭੂਰਾ-ਭੂਰਾ ਚਾਨਣ ਡਿੱਗ ਰਿਹਾ ਸੀ। ਹਵਾ ਧੀਮੀ-ਧੀਮੀ ਰੁਮਕ ਰਹੀ ਸੀ। ਪੋਲੇ ਪੈਰੀਂ ਉਹ ਮਿਦਰੋ ਦੇ ਮੰਜੇ ਤੱਕ ਪਹੁੰਚਿਆ। ਉਸ ਦਾ ਨੰਗਾ ਮੂੰਹ ਉਸ ਨੂੰ ਬੇਹੱਦ ਪਿਆਰਾ ਲੱਗਿਆ। ਮਾਸੂਮ ਜਿਹਾ, ਭੋਲਾ-ਭਾਲਾ। ਕਦੇ ਉਸ ਨੂੰ ਲੱਗਦਾ, ਉਹ ਦਾ ਚਿਹਰਾ ਬਹੁਤ ਉਦਾਸ ਹੈ। ਉਹ ਦੇ ਚਿਹਰੇ ਤੇ ਗ਼ਮ ਦੀਆਂ ਪਰਤਾਂ ਚੜ੍ਹੀਆਂ ਹੋਈਆਂ ਦਿੱਸਦੀਆਂ। ਪਰ ਕਿਸੇ ਬਿੰਦ ਉਹ ਦੇ ਚਿਹਰੇ ਤੋਂ ਉਸ ਨੂੰ ਡਰ ਵੀ ਲੱਗਦਾ। ਉਹ ਭਿਆਨਕ ਹੋ ਉੱਠਦਾ ਤਾਂ ਚੰਦਨ ਦਾ ਵਾਪਸ ਹੋ ਜਾਣ ਨੂੰ ਦਿਲ ਕਰਦਾ। ਕਰੜਾ ਜਿਹਾ ਦਿਲ ਕਰਕੇ ਉਹ ਉਹਦੇ ਮੰਜੇ ਦੀ ਬਾਹੀ ਫੜ ਕੇ ਬੈਠ ਗਿਆ। ਉਹ ਦੇ ਹੱਥ ’ਤੇ ਹੱਥ ਧਰ ਕੇ ਉਹ ਨੇ ਮਾਮੂਲੀ ਜਿਹਾ ਘੁੱਟਿਆ।ਉਹ ਪਾਸਾ ਪਰਤ ਗਈ ਤੇ ਫਿਰ ਉਸ ਨੇ ਉਹ ਦੀ ਵੱਖੀ ’ਤੇ ਹੱਥ ਧਰ

34

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ