ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘ਜਮਈਂ, ਚੰਦ ਐ ਅਸਮਾਨ ਦਾ।' ਮੈਂ ਹੌਲੀਂ ਦੇ ਕੇ ਚਾਨਣ ਦੇ ਕੰਨ ਵਿੱਚ ਆਖਿਆ।

‘ਨਾਂ ਵੀ ਇਹ ਦਾ ਚੰਦ ਕੁਰ ਈ ਐ। 'ਚਾਨਣ ਨੇ ਹੱਸ ਕੇ ਉਹ ਦੇ ਵੱਲ ਦੇਖ ਪੂਰੇ ਦਿਲ ਨਾਲ ਕਿਹਾ।

ਸ਼ਰਮ-ਹਜੂਰ ਹੋ ਕੇ ਉਸ ਨੇ ਅੱਖਾਂ ਮੂਹਰੇ ਬਾਂਹ ਕਰ ਲਈ। ਲੱਕੜ ਦੀ ਤਿੰਨ-ਟੰਗੀ ਉੱਤੇ ਦੋ ਗਲਾਸ ਤੇ ਚਾਹ ਦੀ ਗੜਵੀ ਰੱਖ ਕੇ ਥੱਲੇ ਉਤਰ ਗਈ।

‘ਤੀਮੀ ਤਾਂ ਯਾਰ ਇਹ ਘਰੇ ਰੱਖਣ ਆਲੀ ਹੈ।' ਚਾਹ ਦੀ ਘੁੱਟ ਭਰ ਕੇ ਸਾਰੇ ਚਾਅ ਨਾਲ ਮੈਂ ਕਹਿ ਦਿੱਤਾ।

‘ਤੀਮੀ ਜੇ ਇਹ ਆਊ ਚਲਾਊ ਹੁੰਦੀ ਤਾਂ ਤੈਨੂੰ ਇਹ ਦਾ ਦਿਓਰ ਨੀ ਸੀ ਮੈਂ ਆਖਣਾ।’ ਚਾਨਣ ਦੀਆਂ ਅੱਖਾਂ ਵਿੱਚ ਸਾਰੀ ਜ਼ਿੰਦਗੀ ਸਿੰਮ ਆਈ ਸੀ। ਐਨੀ ਗੱਲ ਕਹਿ ਕੇ ਉਹ ਚੁੱਪ ਕਰ ਗਿਆ। ਤੱਤੀ-ਤੱਤੀ ਚਾਹ ਅਸੀਂ ਘੁਟੀਂ-ਘੁਟੀਂ ਪੀਂਦੇ ਰਹੇ।

ਚਾਨਣ ਦੀ ਉਮਰ ਉਸ ਵੇਲੇ ਸੈਂਤੀ-ਅਠੱਤੀ ਸਾਲ ਤੋਂ ਘੱਟ ਨਹੀਂ ਹੋਣੀ। ਵੀਹ-ਬਾਈ ਵਰ੍ਹਿਆਂ ਦੀ ਉਮਰ ਵਿੱਚ ਹੀ ਉਸ ਦਸ ਨੰਬਰੀਆਂ ਦੀ ਢਾਣੀ ਵਿੱਚ ਰਲ ਗਿਆ ਸੀ। ਜਦੋਂ ਦੀ ਮੈਂ ਸੁਰਤ ਸੰਭਾਲੀ ਸੀ, ਉਸ ਨੇ ਚਾਰ-ਪੰਜ ਤੀਵੀਆਂ ਨਫ਼ਾ ਲੈ ਕੇ ਅੱਗੇ ਵੇਚੀਆਂ ਸਨ। ਚੋਰ ਵੀ ਉਹ ਪੱਕਾ ਸੀ। ਪੰਜਾਹ-ਪੰਜਾਹ ਕੋਹ ਤੋਂ ਪਸ਼ੂਆਂ ਦੇ ਰੱਸੇ ਖੋਲ ਕੇ ਕਿਧਰੇ ਖੁਰਦ-ਬੁਰਦ ਕਰ ਦਿੰਦਾ। ਪਿੰਡ ਵਿੱਚ ਕੋਈ ਚੋਰੀ ਹੋ ਜਾਂਦੀ ਜਾਂ ਪਿੰਡ ਦੀ ਜੂਹ ਵਿੱਚ ਕੋਈ ਖੋਹ ਹੋ ਜਾਂਦੀ ਤਾਂ ਦਸ-ਨੰਬਰੀਆਂ ਸਮੇਤ ਪੁਲਿਸ ਚਾਨਣ ਨੂੰ ਵੀ ਸੱਦ ਕੇ ਬਿਠਾ ਲੈਂਦੀ।

ਤੁਰ੍ਹਲੇ ਵਾਲੀ ਟੇਢੀ ਪੱਗ। ਗੋਡਿਆਂ ਤੋਂ ਥੱਲੇ ਡਿੱਗਦਾ ਲੰਮੀਆਂ ਬਾਹਾਂ ਵਾਲਾ ਮਲਗਰਦਨੀ ਕੜਤਾ। ਧਰਤੀ ਸੰਭਰਦਾ ਸਿੱਟਵਾਂ ਚਾਦਰਾ। ਨੋਕਾਂ ਵਾਲੀ ਲਿਸ਼ਕਾਂ ਮਾਰਦੀ ਕੁੰਢੀਆਂ। ਅੱਖਾਂ ਮੋਟੀਆਂ-ਮੋਟੀਆਂ ਤੇ ਸਰਮਾ ਪਾ ਕੇ ਡੋਰੇ ਹੋਰ ਵੀ ਉਘਾੜੇ ਹੋਏ ਰੰਗ ਮੁਸ਼ਕੀ, ਪੂਰਾ ਦਰਸ਼ਨੀ ਜੁਆਨ ਸੀ ਚਾਨਣ। ਪਹਿਰਾਵੇ ਤੋਂ ਹੀ ਲੱਗਦਾ ਸੀ ਕਿ ਉਸ ਨੇ ਕਦੇ ਡੱਕਾ ਦੂਰ੍ਹਾ ਨਹੀਂ ਕੀਤਾ ਹੋਣਾ। ਅੱਖਾਂ ਵਿੱਚ ਹਰ ਵੇਲੇ ਬਦਮਾਸ਼ੀ ਦੀ ਝਲਕ। ਮੈਂ ਹੈਰਾਨ ਸਾਂ ਤੇ ਸੋਚਦਾ ਸਾਂ ਕਿ ਅੱਜ ਚਾਨਣ ਨੂੰ ਇਹ ਤੀਵੀਂ ਘਰ ਰੱਖਣ ਦੀ ਗੱਲ ਕਿਵੇਂ ਸੁੱਝ ਗਈ। ਚਾਹ ਅਸੀਂ ਪੀ ਲਈ ਸੀ। ਚਾਨਣ ਨੇ ਤਿੰਨ-ਟੰਗੀ ਚੁੱਕ ਕੇ ਇੱਕ ਖੂੰਜੇ ਰੱਖ ਦਿੱਤੀ।

‘ਤੂੰ ਮੋਰਚਾ ਦੱਸ ਇਹ ਕਿਵੇਂ ਮਾਰਿਆ?' ਮੈਂ ਚੁੱਪ ਤੋੜੀ।

'ਇਹਤਾਂ ਮੇਰੇ ਮਨ ਗੁਡ 'ਗੀ ਕੰਜਰ ਦੀ। ਜਿੱਦਣ ਦੀ ਆਈ ਐ ਮਹੀਨੇ ਹੋਗੇ-ਮੇਰੀ ਤਾਂ ਜਿਵੇਂ ਇਹ ਪਲਟ ਗੀਐ। ਓਦਣ ਦੀ ਦਾਰੂ ਵੀ ਗਊ ਦੀ ਰੱਤ ਬਰੋਬਰ ਐ। ਅੱਗੇ, ਅੱਖਾਂ ਵਿੱਚ ਸ਼ਾਨੀ ਹੁੰਦੀ ਤੇ ਕਾਲਜਾ ਮੇਰਾ ਮੁਠੀ 'ਚ ਹੁੰਦਾ। ਰਹਿੰਦੇ ਦਿਨ ਹੁਣ ਤਾਂ ਮੈਂ ਚੰਦ ਕੁਰ ਨਾਲ ਈ ਕੱਟਣੇ ਨੇ।' ਚਾਨਣ ਦਾ ਦਿਲ ਸਿੱਕੇ ਵਾਂਗ ਪਿਘਲਿਆ ਹੋਇਆ ਸੀ।

‘ਗੱਲ ਹੋਈ ਕਿਵੇਂ?" ਮੈਂ ਕਾਹਲ ਕੀਤੀ।

‘ਜੋਧਪੁਰ, ਮਾਸੀ ਐ ਨਾ ਮੇਰੀ? ਉੱਥੇ ਗਿਆ ਸੀ ਮੈਂ। ਨੇੜੇ ਈ ਚੀਮਾ ਐ’ ਚਾਨਣ ਨੇ ਦੱਸਿਆ।

42

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ