ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਦਾਰ ਸਿੰਘ ਸੋਲਾਂ-ਸਤਾਰਾਂ ਸਾਲਾਂ ਦਾ ਹੋ ਚੱਲਿਆ ਸੀ ਤੇ ਫਿਰ ਵੀਹ ਸਾਲ ਦਾ, ਬਾਈ ਸਾਲ ਦਾ, ਪੱਚੀ ਸਾਲ ਦਾ। ਉਹ ਦਾ ਪਿਓ ਸੋਚਦਾ ਰਹਿੰਦਾ ਕਿ ਉਹ ਦੀਦਾਰ ਸਿੰਘ ਨੂੰ ਵਿਆਹ ਲਵੇ। ਨੂੰਹ ਉਹ ਦੇ ਘਰ ਆ ਜਾਵੇ। ਕਿਵੇਂ ਨਾ ਕਿਵੇਂ, ਉਸ ਦੇ ਜਿਉਂਦੇ-ਜਿਉਂਦੇ ਜਵਾਕ ਹੋ ਜਾਣ ਤੇ ਉਸ ਦਾ ਧੂਣਾ ਧੁਖ਼ਦਾ ਰਹਿ ਜਾਵੇ।

ਪਰ ਕਦੇ-ਕਦੇ ਉਹ ਸੋਚਦਾ, ਚੱਲ ਆਪਣੀ ਉਮਰ ਸੋਹਣੀ ਲੰਘ ਗਈ, ਅੱਗੇ ਦੀਦਾਰ ਦੇ ਕਰਮ।’

ਸੋਚਾਂ-ਸੋਚਾਂ ਵਿੱਚ ਹੀ ਉਸ ਦੀ ਮੌਤ ਹੋ ਗਈ। ਹੁਣ ਦੀਦਾਰ ਸਿੰਘ ਸੀ ਤੇ ਉਸ ਦੀ ਮਾਂ। ਦੂਰੋਂ ਨੇੜਿਓਂ ਰਿਸ਼ਤੇਦਾਰ, ਭਾਈ ਬੰਧੂ, ਜਾਣੂ-ਪਛਾਣੂ ਬੁੜ੍ਹੀ ਨੂੰ ਟੋਕਦੇ ਰਹਿੰਦੇ, ਤੂੰ ਸਾਕ ਕਿਉਂ ਨੀ ਲੈਂਦੀ ਦੀਦਾਰ ਨੂੰ?’

ਉਹ ਕਦੇ-ਕਦੇ ਤਾਂ ਪੱਕਾ ਇਰਾਦਾ ਬਣਾ ਲੈਂਦੀ ਕਿ ਸਾਕ ਲੈ ਲਵੇ। ਪਰ ਦੂਜੇ ਦਿਨ ਹੀ ਉਹ ਸੋਚਦੀ, ਕੀ ਕਰੇਗੀ ਉਹ ਸਾਕ ਲੈ ਕੇ? ਉਸ ਦਾ ਦਿਮਾਗ਼ ਚਕਰਾ ਜਾਂਦਾ, ਉਸ ਦੇ ਮੱਥੇ ’ਤੇ ਤੌਣੀ ਆ ਜਾਂਦੀ। ਸਾਕ ਵਾਲੇ ਆਉਂਦੇ। ਉਹ ਨਾਂਹ ਨਹੀਂ ਸੀ ਕਹਿੰਦੀ। ਪਰ ਉਸ ਦੀਆਂ ਰੁੱਖੀਆਂ ਗੱਲਾਂ ਸੁਣ ਕੇ ਕੋਈ ਬੰਦਾ ਦਿਲ ਨਹੀਂ ਸੀ ਧਰਦਾ। ਉਸ ਦੀਆਂ ਗੱਲਾਂ ਦਾ ਰੁੱਖ ਵੀ ਨਾਂਹ ਵਰਗਾ ਹੁੰਦਾ।

ਐਡਾ ਵੱਡਾ ਘਰ ਬਾਰ, ਐਡੀ ਜਾਇਦਾਦ ਤੇ ਉਸ ਦੇ ਘਰ ਵਾਲੇ ਦਾ ਨਾਉਂ ਅਜਾਈਂ ਜਾ ਰਿਹਾ ਸੀ। ਆਖ਼ਰ ਉਸ ਨੂੰ ਇੱਕ ਸੋਚ ਫੁਰੀ। ਉਸ ਨੇ ਦੀਦਾਰ ਸਿੰਘ ਨੂੰ ਸਾਕ ਲੈ ਲਿਆ।

ਦੀਦਾਰ ਸਿੰਘ ਦੀ ਬਹੂ ਪ੍ਰਸਿੰਨ ਕੌਰ ਪੁੱਜ ਕੇ ਸੁਹਣੀ ਸੀ। ਮੱਕੀ ਦੇ ਆਟੇ ਵਰਗਾ ਰੰਗ। ਲੰਬੀ। ਚੁਬਾਰੇ ਵਿੱਚ ਪਲੰਘ 'ਤੇ ਬੈਠੀ ਕਦੇ ਉਹ ਘੁੰਢ ਕੱਢ ਲੈਂਦੀ, ਕਦੇ ਮੂੰਹ ਨੰਗਾ ਕਰਕੇ ਚੁਬਾਰੇ ਦੀਆਂ ਪੌੜੀਆਂ ਵੱਲ ਪਲਕਾਂ ਚੁੱਕਦੀ। ਰੋਟੀ ਤੋਂ ਬਾਅਦ ਦੁੱਧ ਦਾ ਗਲਾਸ ਵੀ ਉਸ ਨੂੰ ਪਿਆ ਦਿੱਤਾ ਗਿਆ। ਉਨ੍ਹਾਂ ਦੇ ਗਵਾਂਢ ਵਿੱਚੋਂ ਅਧਖੜ ਜਿਹੀ ਇੱਕ ਤੀਵੀਂ ਜੋ ਦਿਨ ਛਿਪਦੇ ਨਾਲ ਹੀ ਆ ਗਈ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ ਰਹੀ, ਕਦੋਂ ਦੀ ਉਸ ਨੂੰ ਇਕੱਲੀ ਛੱਡ ਕੇ ਆਪਣੇ ਘਰ ਨੂੰ ਚਲੀ ਗਈ। ਉਸ ਦੀ ਸੱਸ ਦੋ ਤਿੰਨ ਗੇੜੇ ਚੁਬਾਰੇ ਵਿੱਚ ਮਾਰ ਗਈ ਤੇ ਉਸ ਨੂੰ ਰਾਜ਼ੀ ਬਾਜ਼ੀ ਪੁੱਛ ਗਈ। ਨਾਲ ਆਇਆ ਉਸ ਦਾ ਛੋਟਾ ਭਰਾ ਸ਼ਰਾਬ ਦਾ ਅੰਨ੍ਹਾ ਹੋਇਆ ਬਿਨਾਂ ਰੋਟੀ ਖਾਧੇ ਥੱਲੇ ਬੈਠਕ ਵਿੱਚ ਮੰਜੇ ’ਤੇ ਘਰੋੜੇ ਹੀ ਪਿਆ ਅਬਾ-ਤਬਾ ਬੋਲ ਰਿਹਾ ਸੀ। ਕਦੇ ਪੈਂਦਾਂ ਉੱਤੇ ਮੂੰਹ ਪਰਨੇ ਹੋ ਕੇ ਡਾਕਦਾ।

ਥੱਲੇ ਵਾਲੇ ਲੋਕਾਂ ਦਾ ਬੋਲਣਾ ਬੰਦਾ ਹੋ ਗਿਆ। ਭਾਂਡੇ-ਟੀਂਡੇ ਖੜਕਦੇ ਵੀ ਨਹੀਂ ਸੁਣ ਰਹੇ ਸਨ। ਪ੍ਰਸਿੰਨ ਕੌਰ ਦੀਆਂ ਅੱਖਾਂ ’ਚ ਦੀਦਾਰ ਸਿੰਘ ਦੀ ਮੂਰਤ ਵੱਸੀ ਹੋਈ ਸੀ। ਅੱਜ ਟੈਕਸੀ ਵਿੱਚ ਜਦ ਉਹ ਕੋਲੋ-ਕੋਲ ਬਹਿ ਕੇ ਆਏ ਤਾਂ ਬੱਬਰ ਦੇ ਦੁਪੱਟੇ ਵਿੱਚ ਦੀ ਉਸ ਨੇ ਉਸ ਦੀ ਸਾਰੀ ਨੁਹਾਰ ਤੱਕ ਲਈ ਸੀ। ਘਣ ਵਰਗਾ ਸਰੀਰ। ਮੋਟੀਆਂ ਮੋਟੀਆਂ ਗੁਟਰ-ਗੁਟਰ ਝਾਕਦੀਆਂ ਅੱਖਾਂ, ਚੱਪਾ-ਚੱਪਾ ਛੱਡਵੀਂ ਦਾੜ੍ਹੀ। ਉੱਪਰ ਨੂੰ ਥੋੜ੍ਹਾ ਜਿਹਾ ਖ਼ਮ ਦੇ ਕੇ ਰੱਖੀਆਂ ਬਿੱਖਰਵੀਆਂ ਮੁੱਛਾਂ। ਡਰਾਈਵਰ ਕੋਲ ਉਸ ਦਾ ਛੋਟਾ ਭਾਈ ਬੈਠਾ ਹੋਣ ਕਰਕੇ ਗੱਲ ਉਨ੍ਹਾਂ ਨੇ ਆਪਸ ਵਿੱਚ ਭਾਵੇਂ ਕੋਈ ਨਹੀਂ ਕੀਤੀ, ਪਰ ਨੇੜੇ ਬੈਠ ਲੈਣ

54

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ