ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਨਣਦ-ਭਰਜਾਈ


ਨਣਦ-ਭਰਜਾਈ ਦੋਵੇਂ ਦੁਖੀ ਸਨ। ਸੀਤੋ ਤੀਹ ਸਾਲਾਂ ਦੀ ਹੋ ਚੁੱਕੀ ਸੀ, ਹਾਲੇ ਤੱਕ ਉਹ ਦਾ ਕਿਧਰੇ ਮੰਗਣਾ-ਵਿਆਹ ਨਹੀਂ ਹੋਇਆ ਸੀ। ਉਹ ਪਿੰਡ ਦੇ ਮੁੰਡਿਆਂ ਤੋਂ ਖ਼ਰਾਬ ਵੀ ਹੋ ਚੁੱਕੀ ਸੀ। ਮਾਂ -ਬਾਪ ਨਹੀਂ ਸੀ। ਭਰਾ ਉਹ ਦੀ ਸਾਰ ਨਾ ਲੈਂਦਾ। ਨਾ ਕੋਈ ਰਿਸ਼ਤੇਦਾਰ ਉਹ ਦੇ ਬਾਰੇ ਸੋਚਦਾ। ਮਾਮਿਆਂ ਨੂੰ ਵੀ ਕੋਈ ਫਿਕਰ ਨਹੀਂ ਸੀ। ਭਰਾ ਨੂੰ ਭੁੱਕੀ ਖਾਣ ਦਾ ਅਮਲ ਸੀ। ਜ਼ਮੀਨ ਥੋੜ੍ਹੀ ਸੀ। ਉਹ ਆਪ ਵਾਹੀ ਨਹੀਂ ਕਰਦਾ ਸੀ। ਹਿੱਸੇ 'ਤੇ ਦੇ ਕੇ ਰੱਖਦਾ। ਘਰ ਦਾ ਮਸਾਂ ਹੀ ਗੁਜ਼ਾਰਾ ਹੁੰਦਾ। ਸੀਤੋ ਨੂੰ ਘਰ ਚਾਹੀਦਾ ਸੀ,ਉਹ ਦਾ ਆਪਣਾ ਘਰ। ਪਿੰਡ ਦੇ ਮੁੰਡੇ ਤਾਂ ਆਪਣੀ ਹਵਸ ਪੂਰੀ ਕਰਦੇ ਤੇ ਉਹ ਦੇ ਹੱਥ ਕੁਝ ਰੁਪਏ ਫੜਾ ਜਾਂਦੇ।ਇਹ ਸਭ ਉਹ ਨੂੰ ਪਸੰਦ ਨਹੀਂ ਸੀ, ਪਰ ਉਹ ਮਜਬੂਰ ਸੀ, ਸਭ ਕਰਦੀ, ਸਭ ਝੱਲਦੀ। ਉਹ ਦੀਆਂ ਆਪਣੀਆਂ ਜ਼ਰੂਰਤਾਂ ਵੀ ਸਨ ਕਿੱਥੋਂ ਪੂਰੀਆਂ ਕਰਦੀ ਉਹ ਇਹ ਜ਼ਰੂਰਤਾਂ। ਤਨ ਢਕਣ ਨੂੰ ਕੱਪੜੇ ਚਾਹੀਦੇ ਸਨ। ਪੈਰਾਂ ਨੂੰ ਜੁੱਤੀ ਦੀ ਲੋੜ ਸੀ ਤੇ ਫੇਰ ਹਾਰ ਸ਼ਿੰਗਾਰ ਦਾ ਸਮਾਨ ਵੀ ਮੁੱਲ ਮਿਲਦਾ। ਭਰਾ ਸਭ ਦੇਖਦਾ, ਪਰ ਅੱਖਾਂ ਮੀਚ ਛੱਡਦਾ। ਉਹ ਨੂੰ ਚੜ੍ਹੀ ਲੱਥੀ ਦੀ ਕੋਈ ਸਮਝ ਨਹੀਂ ਸੀ। ਸੁਖਦੇਵ ਤਾਂ ਐਡਾ ਬੇਸ਼ਰਮ ਸੀ, ਕਦੇ-ਕਦੇ ਭੁੱਕੀ ਲਿਆਉਣ ਲਈ ਸੀਤੋ ਤੋਂ ਹੀ ਪੈਸੇ ਲੈ ਕੇ ਜਾਂਦਾ।

ਗੇਲੋ ਨੂੰ ਉਹ ਮਾਰਦਾ ਕੁੱਟਦਾ। ਉਹ ਦੇ ’ਤੇ ਐਵੇਂ ਹੀ ਖਿਝਿਆ ਰਹਿੰਦਾ। ਚੱਜ ਨਾਲ ਉਹ ਨੂੰ ਬੁਲਾਉਂਦਾ ਚਲਾਉਂਦਾ ਵੀ ਨਹੀਂ ਸੀ। ਮਾੜੀ ਜਿਹੀ ਗੱਲ ’ਤੇ ਉਹ ਨੂੰ ਧੇਹ-ਧੇਹ ਕੁੱਟ ਸੁੱਟਦਾ। ਉਹ ਰੁੱਸ ਕੇ ਪੇਕੀਂ ਉੱਠ ਜਾਂਦੀ। ਪੇਕਿਆਂ ਵਾਲੇ ਐਡੇ ਤਕੜੇ ਨਹੀਂ ਸਨ ਕਿ ਉਹ ਜਵਾਈ ਨੂੰ ਸਮਝਾ ਸਕਦੇ। ਦੋਵੇਂ ਸਾਲੇ ਆਏ ਵੀ ਦੋ-ਤਿੰਨ ਵਾਰੀ। ਉਨ੍ਹਾਂ ਸਾਹਮਣੇ ਤਾਂ ਸੁਖਦੇਵ ਸਾਊ ਬਣ ਜਾਂਦਾ। ਉਨ੍ਹਾਂ ਦੀ ਪੂਰੀ ਸੇਵਾ ਕਰਦਾ।ਠੰਡੇ ਸੀਲੇ ਕਰਕੇ ਤੋਰ ਦਿੰਦਾ। ਆਖਦਾ, ਹੁਣ ਗਾਹਾਂ ਤੋਂ ਭੁੱਕੀ ਵੀ ਛੱਡੀ। ਗਾਂ ਆਲੀ ਆਣ ਐ। ਗੇਲੋ ਨੂੰ ਪੰਜ-ਤਿੰਨ ਆਖਣਾ ਸਭ ਬੰਦ। ਇਹ ਮੈਨੂੰ ਕੁਛ ਆਖੀ ਜਾਵੇ, ਮੈਂ ਨੀਂ ਬੋਲਣਾ। ਜੇ ਥੋਨੂੰ ਲਾਂਭਾ ਆ ਗਿਆ ਜੋ ਮਰਜ਼ੀ ਕਰਿਓ।'

ਪਰ ਮਹੀਨੇ-ਵੀਹ ਦਿਨ ਬਾਅਦ ਹੀ ਉਹ ਦਾ ਫੇਰ ਉਹੀ ਹਾਲ। ਉਹ ਦਾ ਤਾਂ ਨਿੱਤ ਦਾ ਕਾਟੋ ਕਲੇਸ਼ ਸੀ। ਕੀ ਕਰਦੇ ਭਰਾ। ਗੇਲੋ ਨੂੰ ਸਮਝਾਉਣ ਲੱਗਦੇ, ‘ਤੂੰ ਭਾਈ ਹਾਰ ਨਵਾਰ ਕਰ, ਕੱਟੀ ਜਾਹ।ਆਪੇ ਸਮਝੂ ਕਦੇ। ਇੱਕੋ ਜੇ ਦਿਨ ਸਦਾ ਨੀਂ ਰਹਿੰਦੇ ਹੁੰਦੇ।

ਗੇਲੋ ਕਦੇ ਸੋਚਦੀ, ਉਹ ਇਸ ਘਰ ਨੂੰ ਛੱਡ ਦੇਵੇ। ਕੋਈ ਹੋਰ ਉਹ ਨੂੰ ਆਪਣੇ ਘਰ ਵਸਾ ਲਵੇ। ਪਰ ਅਜਿਹਾ ਸੰਭਵ ਨਹੀਂ ਸੀ। ਵਿਆਹੇ-ਵਰੇ ਬੰਦੇ ਉਹ ਦੇ ਨਾਲ ਖੇਹ

59

ਨਣਦ-ਭਰਜਾਈ