ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤਾ ਨਹੀਂ ਸੀ ਕਿ ਕਿੱਥੇ ਹੈ? ਰਿਕਸ਼ਾ ਚਾਲਕ ਸਮਝਦਾ ਸੀ ਕਿ ਉਹ ਥਾਣੇ ਪਹਿਲਾਂ ਵੀ ਜਾਂਦੀ ਹੋਵੇਗੀ। ਇਸੇ ਕਰਕੇ ਉਹ ਨੇ ਦਸ ਰੁਪਏ ਦੇਣੇ ਮੰਨੇ ਹਨ। ਸੀਤੋ ਨੂੰ ਤਸੱਲੀ ਸੀ ਕਿ ਉਹ ਆਪ ਹੀ ਉਹ ਨੂੰ ਥਾਣੇ ਲੈ ਜਾਵੇਗਾ। ਦਸ ਰੁਪਏ ਹੋਏ ਕਿ ਘੱਟ-ਵੱਧ ਹੋਏ।

ਥਾਣੇ ਵਿੱਚ ਜਾ ਕੇ ਉਹ ਰੋਣ ਪਿੱਟਣ ਲੱਗੀ। ਆਖ ਰਹੀ ਸੀ, 'ਮੈਨੂੰ ਬਚਾ ਲਓ। ਮੈਨੂੰ ਮੇਰੇ ਪਿੰਡ ਭੇਜ ਦਿਓ। ਮੇਰੇ ਨਾਲ ਧੋਖਾ ਹੋਇਐ।'

ਪੁਲਿਸ ਕੋਲ ਅਜਿਹੇ ਮਾਮਲੇ ਆਉਂਦੇ ਰਹਿੰਦੇ ਹਨ। ਉਹ ਹੈਰਾਨ ਨਹੀਂ ਹੋਏ। ਕੋਲ ਬਿਠਾ ਕੇ ਉਹ ਨੂੰ ਪਹਿਲਾਂ ਤਾਂ ਦਿਲਾਸਾ ਦਿੱਤਾ ਅਤੇ ਕਿਹਾ, 'ਤੂੰ ਹੁਣ ਸਾਡੇ ਕੋਲ ਐਂ। ਸਾਡੀ ਹਿਫ਼ਾਜ਼ਤ ਵਿੱਚ ਤੈਨੂੰ ਹੁਣ ਕੁਛ ਨਹੀਂ ਹੋਏਗਾ। ਕੋਈ ਤੈਨੂੰ ਕੁਛ ਨਹੀਂ ਕਰ ਸਕਦਾ। ਤੂੰ ਆਪਣੇ ਮਾਂ-ਬਾਪ ਕੋਲ ਜਾਏਂਗੀ। ਫੇਰ ਉਨ੍ਹਾਂ ਨੇ ਉਸ ਤੋਂ ਸਾਰੀ ਵਾਰਤਾ ਸੁਣੀ। ਉਹ ਉਹਨੂੰ ਅਜੀਬ-ਅਜੀਬ ਸਵਾਲ ਕਰਦੇ ਸਨ। ਉਹ ਸਭ ਕੁਝ ਨਿੱਡਰ ਦੱਸਦੀ ਜਾ ਰਹੀ ਸੀ। ਕਈ ਵਾਰ ਰੋਈ। ਇੱਕ ਦੋ ਵਾਰ ਹੱਸੀ ਵੀ। ਕਦੇ ਉਹ ਦਾ ਚਿਹਰਾ ਗੁਲਾਬ ਵਾਂਗ ਖਿੜ ਉੱਠਦਾ, ਕਦੇ ਅੱਖਾਂ ਵਿੱਚ ਘੋਰ ਉਦਾਸੀ ਹੁੰਦੀ। ਉਹ ਨੇ ਦੱਸਿਆ ਸੀ ਕਿ ਦਿੱਲੀ ਵਿੱਚ ਹੀ ਨਹੀ ਲਾਲ ਦਾ ਸਾਥੀ ਲਖਮੀ ਰਾਮ ਰਹਿੰਦਾ ਹੈ। ਉਹ ਦੇ ਕੋਲ ਉਹ ਦੀ ਭਰਜਾਈ ਗੇਲੋ ਹੈ। ਉਹ ਦੋਵੇਂ ਉਨ੍ਹਾਂ ਨੂੰ ਲਾਰਾ ਲਾ ਕੇ ਦਿੱਲੀ ਲੈ ਆਏ। ਮੇਰੇ ਨਾਲ ਤਾਂ ਆਹ ਹਾਲ ਹੋ ਰਿਹਾ ਹੈ। ਮੇਰੀ ਭਰਜਾਈ ਗੇਲੋ ਦੀ ਪਤਾ ਨਹੀਂ ਕੀ ਹਾਲਤ ਹੈ।

ਗੇਲੋ, ਸੀਤੋ ਤੇ ਪੁਲਿਸ ਵੱਲ ਕੌੜ-ਕੌੜ ਝਾਕਦੀ। ਪੁਲਿਸ ਵਾਲੇ ਉਹ ਨੂੰ ਜੋ ਵੀ ਪੁੱਛਦੇ, ਉਹ ਦੱਸਦੀ ਨਹੀਂ ਸੀ। ਫਟੀਆਂ-ਫਟੀਆਂ ਨਿਗਾਹਾਂ ਨਾਲ ਬੱਸ ਝਾਕਦੀ ਹੀ। ਆਪਣੇ ਪੇਟ ਵੱਲ ਝਾਕਦੀ ਤਾਂ ਅੱਖਾਂ ਭਰ ਲੈਂਦੀ। ਲਖਮੀ ਨੇ ਦੱਸਿਆ ਕਿ ਉਹ ਦੋਵੇਂ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਨਾਲ ਪੰਜਾਬ ਤੋਂ ਲੈ ਕੇ ਆਏ ਸਨ। ਨਗਾਹੀ ਨਾਲ ਉਸ ਦਾ ਕੋਈ ਸਬੰਧ ਨਹੀਂ ਅਤੇ ਨਾ ਹੀ ਹੁਣ ਉਹ ਉਹਦੇ ਬਾਰੇ ਬਹੁਤਾ ਕੁਝ ਜਾਣਦਾ ਹੈ। ਗੇਲੋ ਆਪਣੀ ਮਰਜ਼ੀ ਨਾਲ ਉਹਦੇ ਘਰ ਰਹਿ ਰਹੀ ਹੈ। ਇਹ ਵੀ ਦੱਸਿਆ ਕਿ ਉਹ ਦੂਰ ਪਿੰਡਾਂ-ਸ਼ਹਿਰਾਂ ਵਿੱਚ ਜਾ ਕੇ ਦੇਸੀ ਦਵਾਈਆਂ ਵੇਚਦਾ ਹੈ। ਉਹ ਸ਼ਰੀਫ਼ ਆਦਮੀ ਹੈ। ਉਹ ਦੇ ਬਾਰੇ ਉਹਦੇ ਆਂਢ-ਗੁਆਂਢ ਤੋਂ ਪੁੱਛਿਆ ਜਾਵੇ।

ਪਰ ਪੁਲਿਸ ਮੰਨੀ ਨਹੀਂ। ਉਹ ਜਾਣਦੇ ਸਨ ਕਿ ਬਦਮਾਸ਼ ਲੋਕ ਸੌ ਤਾਣੇ ਤਣਦੇ ਹਨ। ਗੱਲਾਂ ਤੇ ਬਹਾਨਿਆਂ ਦੇ ਧਨੀ ਹੁੰਦੇ ਹਨ। ਇਨ੍ਹਾਂ ਨੂੰ ਡਰਾਮੇ ਕਰਨੇ ਆਉਂਦੇ ਹਨ। ਰੋ ਵੀ ਪੈਂਦੇ ਹਨ। ਪਾਗਲ ਬਣ ਕੇ ਹੱਸਣ ਲੱਗਦੇ ਹਨ। ਦਿੱਲੀ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਵਾਇਰਲੈਸ ਕੀਤੀ। ਨਣਦ-ਭਰਜਾਈ ਦੇ ਪਿੰਡ ਨੂੰ ਲੱਗਦੇ ਥਾਣੇ ਦੀ ਪੁਲਿਸ ਦੂਜੇ ਦਿਨ ਹੀ ਆ ਧਮਕੀ। ਉਹ ਤਿੰਨਾਂ ਨੂੰ ਫੜ ਕੇ ਪੰਜਾਬ ਲੈ ਗਏ।

ਲਖਮੀ ਰਾਮ ਤੇ ਉਧਾਲੇ ਦਾ ਕੇਸ ਪੈ ਗਿਆ। ਉਹ ਨੂੰ ਸਜ਼ਾ ਹੋਈ। ਨਣਦ ਭਰਜਾਈ ਜਦੋਂ ਪਿੰਡ ਛੱਡੀਆਂ ਗਈਆਂ, ਉਨ੍ਹਾਂ ਦਾ ਉੱਥੇ ਕੋਈ ਨਹੀਂ ਸੀ। ਸੁਖਦੇਵ ਛੇ ਮਹੀਨੇ ਪਹਿਲਾਂ ਸਲਫਾਸ ਖਾ ਕੇ ਮਰ ਗਿਆ ਸੀ। ਪਿੰਡ ਵਾਲਿਆਂ ਨੇ ਸੀਤੋ ’ਤੇ ਤਰਸ ਕੀਤਾ ਤੇ ਉਹ ਨੂੰ ਸੁਖਦੇਵ ਵਾਲੇ ਘਰ ਵਿੱਚ ਬਿਠਾ ਦਿੱਤਾ। ਗੇਲੋ ਉਸ ਪਿੰਡ ਨਹੀਂ ਟਿਕੀ। ਆਪਣੇ ਪੇਕਿਆਂ ਦੇ ਘਰ ਚਲੀ ਗਈ। ਕਹਿੰਦੀ ਸੀ ਕਿ ਉਹ ਲਖਮੀ ਦਾ ਬੱਚਾ ਜੰਮੇਗੀ। ਜਦੋਂ ਉਹ ਜੇਲ੍ਹ ਵਿੱਚੋਂ ਬਾਹਰ ਆਇਆ, ਉਹਦੇ ਘਰ ਜਾ ਕੇ ਹੀ ਵੱਸੇਗੀ।

ਨਣਦ-ਭਰਜਾਈ

65