ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/66

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ


ਚਿੱਟੀ ਕਬੂਤਰੀ

ਅਗਵਾੜ ਦੀ ਸੱਥ ਵਿੱਚ ਪਿੱਪਲ ਥੱਲੇ ਤਖ਼ਤਪੋਸ਼ ’ਤੇ ਉਹ ਚੁੱਪ-ਚਾਪ ਬੈਠਾ ਸੀ-ਇਕੱਲਾ। ਸਿਰ ਗੋਡਿਆਂ ਵਿਚਕਾਰ ਦਿੱਤਾ ਅਤੇ ਸੋਟੀ ਦਾ ਸਿਰਾ ਮੱਥੇ ਨਾਲ ਲਾਇਆ ਹੋਇਆ ਸੀ। ਸੋਟੀ ਦੋਵੇਂ ਹੱਥਾਂ ਨਾਲ ਇੱਕੋ ਥਾਂ ਤੋਂ ਫੜੀ ਹੋਈ ਸੀ। ਉਸ ਦੇ ਸੱਜੇ ਹੱਥ ਦੀ ਇੱਕ ਉਂਗਲ ਕਦੇ-ਕਦੇ ਹਿੱਲਦੀ ਜਿਵੇਂ ਕੋਈ ਤੂੰਬੇ ਦੀ ਢਿੱਲੀ ਤਾਰ ਨੂੰ ਟੁਣਕਾ ਕੇ ਵੇਖਦਾ ਹੋਵੇ। ਲੱਗਦਾ ਸੀ, ਉਹ ਖੂਹ ਵਿੱਚ ਬਹੁਤ ਗਹਿਰਾ ਉਤਰ ਗਿਆ ਹੈ। ਕਦੋਂ ਬਾਹਰ ਆ ਸਕੇਗਾ, ਕੋਈ ਪਤਾ ਨਹੀਂ ਸੀ। ਜੀਅ ਕੀਤਾ, ਉਹ ਨੂੰ ਛੇੜਾਂ ਨਾ। ਇਹ ਵੀ ਕਿਵੇਂ ਹੋ ਸਕਦਾ ਸੀ ਕਿ ਮੈਂ ਉਨ੍ਹਾਂ ਦੇ ਪਿੰਡ ਆਇਆ ਹੋਵਾਂ ਅਤੇ ਉਹ ਸਾਹਮਣੇ ਬੈਠਾ ਹੋਵੇ, ਮੈਂ ਉਹਨੂੰ ਬੁਲਾਵਾਂ ਤੱਕ ਵੀ ਨਾ। ਧੀਮੀ ਅਵਾਜ਼ ਵਿੱਚ ਮੈਂ ਉਹ ਦਾ ਨਾਂ ਲਿਆ, ‘ਛੋਟੂ!’

ਉਹ ਨੇ ਹੌਲੀ-ਹੌਲੀ ਆਪਣਾ ਸਿਰ ਗੋਡਿਆਂ ਵਿੱਚੋਂ ਬਾਹਰ ਕੱਢਿਆ, ਜਿਵੇਂ ਕੱਛੂ ਦਾਤੀ ਕੱਢਦਾ ਹੋਵੇ। ਬੋਲਿਆ, 'ਕਿਹੜਾ ਸਰੀਰ ਐ?'

‘ਸਿਆਣਿਆ ਨ੍ਹੀਂ? ਮੈਂ ਬਿੱਕਰ ਆਂ। ਨੰਬਰਦਾਰ .....'

ਅੱਛਾ-ਅੱਛਾ, ਦੋਹਤ ਸੂੰ। ਕੀ ਹਾਲ ਐ ਭਾਣਜਿਆ?' ਉਹ ਸਮਝ ਗਿਆ।

‘ਕਿਵੇਂ ਪਾਥੀ ਜ੍ਹੀ ਬਣਿਆ ਬੈਠੈਂ?' ਮੈਂ ਪੁੱਛਿਆ।

ਉਮੀਦ ਸੀ, ਉਹ ਬੜ੍ਹਕ ਕੇ ਕੋਈ ਤਿੱਖਾ ਜਵਾਬ ਦੇਵੇਗਾ, ਪਰ ਉਹ ਬਿਮਾਰਾਂ ਵਾਂਗ ਬੋਲਿਆ, 'ਚਿੱਤ ਕੁਛ ਰਾਜੀ ਨ੍ਹੀਂ ਰਹਿੰਦਾ, ਬਿੱਕਰ ਸਿਆਂ।' ਫੇਰ ਉਹ ਹੌਲੀ-ਹੌਲੀ ਉੱਠਿਆ, ਕਰਦੇ ਆਂ ਗੱਲਾਂ। ਨਾਲੇ ਚਾਹ ਪੀਵਾਂਗੇ। ਕਿੰਨੇ ਚਿਰ ਪਿੱਛੋਂ ਆਇਐਂ।' ਉਹ ਮੇਰੇ ਮੂਹਰੇ ਹੋ ਤੁਰਿਆ। ਉਹ ਦੀ ਚਾਲ ਵਿੱਚ ਉਹ ਮੜਕ ਨਹੀਂ ਸੀ। ਪਹਿਲਾਂ ਤਾਂ ਉਹ ਤੁਰਦਾ ਹੁੰਦਾ, ਜਿਵੇਂ ਅੰਨ੍ਹਾ ਹੋਵੇ ਹੀ ਨਾ। ਹਿੱਕ ਕੱਢ ਕੇ ਤੁਰਦਾ। ਉਹ ਦੇ ਪੈਰਾਂ ਥੱਲੇ ਅੱਗ ਮਚਦੀ ਹੁੰਦੀ। ਸੋਟੀ ਪੈਰਾਂ ਵਿੱਚ ਅੜ੍ਹਕ-ਅੜ੍ਹਕ ਜਾਂਦੀ। ਸੋਟੀ ਨਾਲੋਂ ਆਪ ਕਾਹਲਾ। ਪਰ ਅੱਜ ਉਹ ਗੱਲ ਨਹੀਂ ਸੀ। ਸੋਟੀ ਜਿਵੇਂ ਰਾਹ ਲੱਭਦੀ ਹੋਵੇ। ਮੈਂ ਉਹ ਨੂੰ ਆਪਣਾ ਹੱਥ ਫੜਾ ਕੇ ਤੋਰਨਾ ਚਾਹਿਆ, ਪਰ ਰੁਕ ਗਿਆ। ਸੋਚਿਆ, ਇਹ ਉਹ ਦੀ ਹੱਤਕ ਹੈ। ਉਹ ਨੇ ਕਿਸੇ ਦਾ ਸਹਾਰਾ ਕਦੇ ਨਹੀਂ ਤੱਕਿਆ ਸੀ। ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਅਸੀਂ ਉਨ੍ਹਾਂ ਦੇ ਬਾਹਰਲੇ ਘਰ ਦਰਵਾਜ਼ੇ ਵਿੱਚ ਆ ਬੈਠੇ। ਖੁੱਲ੍ਹਾ ਦਰਵਾਜ਼ਾ, ਜਿਵੇਂ ਸਾਰਾ ਵਿਹੜਾ ਛੱਤਿਆ ਪਿਆ ਹੋਵੇ।

ਉਹ ਦਾ ਤਖ਼ਤਪੋਸ਼ ਉੱਥੇ ਹੀ ਸੀ। ਬਿਸਤਰਾ ਇਕੱਠਾ ਕਰਕੇ ਸਿਰਹਾਣੇ ਰੱਖਿਆ ਹੋਇਆ ਸੀ। ਪਹਿਲਾਂ ਬਿਸਤਰਾ ਹਮੇਸ਼ਾ ਵਿਛਿਆ ਰਹਿੰਦਾ। ਅਸੀਂ ਨੰਗੇ ਤਖ਼ਤਪੋਸ਼ ’ਤੇ

66

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ