ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਤਖ਼ਤਪੋਸ਼ ’ਤੇ ਪਏ ਮੁਰਮਰੇ ਠੰਡੇ ਹੋ ਗਏ ਸਨ ਤੇ ਫੇਰ ਉਹ ਨੇ ਹੌਲੀ-ਹੌਲੀ ਦਾਣੇ ਜਾਕਟ ਦੀ ਜੇਬ੍ਹ ਵਿੱਚ ਪਾਏ ਅਤੇ ਖੜ੍ਹਾ ਹੋ ਗਿਆ। ਟੋਹ ਕੇ ਸੋਟੀ ਚੁੱਕੀ। ਕਹਿੰਦਾ, ‘ਆਓ ਫੇਰ, ਦਿਖਾਵਾਂ ਕਬੂਤਰ ਥੋਨੂੰ।’ ਉਹ ਸੁਜਾਖਿਆਂ ਵਾਂਗ ਛੇਤੀ-ਛੇਤੀ ਤੁਰ ਕੇ ਬਿਨਾਂ ਕਿਸੇ ਰੁਕਾਵਟ ਕੋਠੇ ਅੱਗੇ ਜਾ ਖੜ੍ਹਾ। ਕੁੰਡਾ ਖੋਲ੍ਹ ਕੇ ਅੰਦਰ ਹੋਇਆ ਤਾਂ ਅਸੀਂ ਦੇਖਿਆ, ਕਬੂਤਰਾਂ ਦੀ ਪੂਰੀ ਦੁਨੀਆ ਵਸੀ ਹੋਈ ਸੀ। ਛੋਟੂ ਨੂੰ ਆਇਆ ਦੇਖ ਕੇ ਉਹ ਗੁਟਕਣ ਲੱਗੇ। ਇੱਕ ਚਿੱਟੀ ਕਬੂਤਰੀ ਆਪਣੇ ਖਾਨੇ ਵਿੱਚੋਂ ਨਿਕਲ ਕੇ ਪਹਿਲਾਂ ਛਾਂ ਛੱਤ ਨਾਲ ਲਟਕਦੇ ਝੰਡੇ ਉੱਤੇ ਗਈ, ਫੇਰ ਛੋਟੂ ਦੇ ਸਿਰ ’ਤੇ ਆ ਬੈਠੀ। ਉਹ ਨੇ ਹੌਲੀ-ਹੌਲੀ ਇੱਕ ਹੱਥ ਕੰਨ ਤੱਕ ਲਿਜਾ ਕੇ ਕਬੂਤਰੀ ਨੂੰ ਗੜੱਪ ਦੇ ਕੇ ਫੜ ਲਿਆ ਤੇ ਫਿਰ ਦੋਵਾਂ ਹੱਥਾਂ ਵਿੱਚ ਲੈ ਕੇ ਉਹ ਨੂੰ ਚੁੰਮਣ ਲੱਗਿਆ, ਉਹ ਦੀਆਂ ਵਾਗੀਆਂ ਲਈਆਂ ਆਖ ਰਿਹਾ ਸੀ, ‘ਇਹ ਤਾਂ ਰਾਣੀ ਐ ਮੇਰੀ। ਜਦੋਂ ਵੀ ਮੈਂ ਕੋਠੇ ਅੰਦਰ ਵੜਾਂ, ਉਹ ਉਡ ਕੇ ਆ ਕੇ ਮੇਰੇ ਸਿਰ ’ਤੇ ਬੈਠ। ਬਾਹਲਾ ਮੋਹ ਕਰਦੀ ਐ ਚੰਦਰੀ। ਸਾਰਦੀ ਨੀਂ।’

ਕੋਠੇ ਵਿੱਚ ਤਿੰਨਾਂ ਕੰਧਾਂ ਨਾਲ ਧਰਤੀ ਤੋਂ ਆਦਮੀ ਦੇ ਸਿਰ ਜਿੰਨੀਆਂ ਉੱਚੀਆਂ ਚਾਹ ਵਾਲੀਆਂ ਪੇਟੀਆਂ ਜੁੜੀਆਂ ਹੋਈਆਂ ਸਨ, ਵਿੱਚ ਕਿੱਲੀਆਂ ਠੋਕ ਕੇ। ਛੋਟੂ ਦਾ ਇੱਕ ਭਤੀਜਾ ਆਥਣ ਉੱਗਣ ਉਹ ਦੀ ਮਦਦ ਕਰਦਾ।

ਕੂੰਡਿਆਂ ਵਿੱਚ ਨਿੱਤ ਨਵਾਂ ਪਾਣੀ ਭਰ ਦਿੰਦਾ। ਧਰਤੀ ’ਤੇ ਦਾਣਿਆਂ ਦੀਆਂ ਲੱਖਾਂ ਸੁੱਟ ਦਿੰਦਾ। ਜਾਨਵਰ ਆਪਣੇ ਘਰਾਂ ਵਿੱਚੋਂ ਥੱਲੇ ਉਤਰ ਕੇ ਦਾਣੇ ਚੁਗਦੇ। ਛੋਟੂ ਕਬੂਤਰਾਂ ਦੀਆਂ ‘ਸ਼ਰਤਾਂ’ ’ਤੇ ਵੀ ਜਾਂਦਾ। ਸਗੋਂ ਸ਼ਰਤ ਵਿੱਚ ਆਪਣਾ ਕਬੂਤਰ ਵੀ ਛੱਡਦਾ। ਜਿਸ ਕਬੂਤਰ ਨੂੰ ਛੱਡਣਾ ਹੁੰਦਾ, ਉਹ ਨੂੰ ਦੋ-ਦੋ ਮਹੀਨੇ ਪਹਿਲਾਂ ਬਦਾਮ ਖਵਾਉਂਦਾ। ਹੋਰ ਤਾਕਤਵਰ ਚੀਜ਼ਾਂ ਵੀ ਦਿੰਦਾ। ਉਹ ਨੂੰ ਆਪਣੇ ਸਾਰੇ ਕਬੂਤਰ-ਕਬੂਤਰੀਆਂ ਦੀ ਪਛਾਣ ਸੀ। ਹੱਥਾਂ ਵਿੱਚ ਲੈ ਕੇ ਦੱਸ ਦਿੰਦਾ, ਇਹ ਕਬੂਤਰ ਹੈ ਕਿ ਕਬੂਤਰੀ। ਕਿਹੜਾ ਜਾਨਵਰ ਕਾਲੇ ਰੰਗ ਦਾ ਹੈ ਤੇ ਕਿਹੜਾ ਚਿੱਟਾ। ਉਹ ਨੂੰ ਇਹ ਵੀ ਪਤਾ ਹੁੰਦਾ ਕਿ ਕਿਹੜਾ ਕਬੂਤਰ ਕਿੱਥੋਂ ਲਿਆਂਦਾ ਸੀ। ਕਬੂਤਰੀਆਂ ਆਂਡਿਆਂ ਤੇ ’ਤੇ ਬੈਠੀਆਂ ਹੁੰਦੀਆਂ ਤਾਂ ਭਤੀਜੇ ਨੂੰ ਕਹਿ ਕੇ ਉਨ੍ਹਾਂ ਦੀ ਖ਼ਾਸ ਸੇਵਾ ਕਰਵਾਉਂਦਾ, ਜਿਵੇਂ ਘਰ ਵਿੱਚ ਜੱਚਾ ਮਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ। ਮਾਮੇ ਦੀ ਗੱਲ ਸੱਚ ਸੀ, ਕੋਠੇ ਵਿੱਚ ਸੌ ਨਹੀਂ ਤਾਂ ਅੱਸੀ-ਨੱਬੇ ਕਬੂਤਰ-ਕਬੂਤਰੀਆਂ ਜ਼ਰੂਰ ਸਨ। ਚਿੱਟੀ ਕਬੂਤਰੀ ਨੂੰ ਕੁੜਤੇ ਦੀ ਝੋਲੀ ਵਿੱਚ ਪਾ ਕੇ ਉਹ ਦੇਹਲੀ ’ਤੇ ਬੈਠ ਗਿਆ ਅਤੇ ਸਾਨੂੰ ਗੱਲਾਂ ਦੱਸਦਾ ਰਿਹਾ। ਉਹ ਦਾ ਭਤੀਜਾ ਵੀ ਕਿਧਰੋਂ ਕੋਲ ਆ ਖੜ੍ਹਾ। ਉਹ ਨੂੰ ਕਹਿ ਕੇ ਛੋਟੂ ਨੇ ਸਾਡੀ ਖ਼ਾਤਰ ਚਾਹ ਦਾ ਡੋਲੂ ਵੀ ਮੰਗਵਾਇਆ। ਬਾਰ ਦੇ ਤਖ਼ਤੇ ਬੰਦ ਕਰਨ ਤੋਂ ਪਹਿਲਾਂ ਉਹ ਨੇ ਝੋਲੀ ਵਿੱਚੋਂ ਚਿੱਟੀ ਕਬਤਰੀ ਅੰਦਰ ਉਡਾ ਦਿੱਤੀ। ਕਹਿੰਦਾ, 'ਜਾਹ ਬਈ, ਮੌਜ ਕਰ।’

ਫੇਰ ਜਦੋਂ ਵੀ ਕਦੇ ਮੈਂ ਨਾਨਕੀਂ ਜਾਂਦਾ, ਮਾਮੇ ਤੋਂ ਛੋਟੂ ਦਾ ਹਾਲ-ਚਾਲ ਪੁੱਛਦਾ। ਮੁੜਨ ਦੀ ਬਹੁਤੀ ਤੱਦੀ ਨਾ ਹੁੰਦੀ ਤਾਂ ਆਪ ਉਹ ਦੇ ਕੋਲ ਚਲਿਆ ਜਾਂਦਾ। ਛੋਟੂ ਅੰਦਰਲੇ ਘਰੋਂ ਚਾਹ ਮੰਗਵਾਉਂਦਾ। ਉਹ ਕਬੂਤਰਾਂ ਦੀਆਂ ਗੱਲਾਂ ਕਰਦਾ। ਮੈਥੋਂ ਪੁੱਛਦਾ, ‘ਕੀ ਲਿਖਦੈ ਤੇਰਾ ਖ਼ਬਾਰ?’ ਜਾਂ ਪੁੱਛਦਾ, ‘ਰੇੜੀਆ ਕੀ ਬੋਲਦੈ ਹੁਣ,’ ਉਹ ਨੂੰ ਬੜਾ

ਚਿੱਟੀ ਕਬੂਤਰੀ

69