ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਤੂੰ ਤਾਂ ਕਵੀਸ਼ਰਾਂ ਆਲੀਆਂ ਗੱਲਾਂ ਕਰਨ ਲੱਗ ਪਿਆ, ਮਾਮਾ।’ ਮੈਂ ਕਿਹਾ।

‘ਇੱਕ ਗੱਲ ਹੋਰ ਸੁਣ, ਮਖੌਲ ਨਾ ਮੰਨੀ, ਹੱਸੀਂ ਵੀ ਨਾ, ਜਦੋਂ ਸੀਬੋ ਐਥੇ ਹੁੰਦੀ ਐ ਮੇਰੇ ਕੋਲ, ਮੈਨੂੰ ਦਿੱਸਣ ਲੱਗ ਪੈਂਦੈ। ਸਭ ਚੀਜ਼ਾਂ ਦਿੱਸਦੀਆਂ ਨੇ। ਜਦੋਂ ਉਹ ਵਗ ਜੇ, ਫੇਰ ਓਹੀ ਨ੍ਹੇਰ-ਗੁਬਾਰ। ਇਹ ਚਰਜ ਨੀਂ, ਬਿੱਕਰ ਸਿਆਂ?’

ਸੀਬੋ ਛੁੱਟੜ ਸੀ। ਚੜ੍ਹਦੀ ਜਵਾਨੀ ਵਿੱਚ ਹੀ ਉਹ ਨੂੰ ਵਿਆਹ ਦਿੱਤਾ ਸੀ। ਮੁੰਡਾ ਫ਼ੌਜ ਵਿੱਚ ਸੀ। ਪਿੱਛੋਂ ਉਹ ਸੱਸ ਨਾਲ ਕੱਟਦੀ ਨਹੀਂ ਸੀ। ਸੱਸ ਉਹ ਨੂੰ ਲੀਕਾਂ ਲਾਉਣ ਲੱਗੀ। ਮੁੰਡਾ ਛੁੱਟੀ ਆਉਂਦਾ ਤਾਂ ਕਲੇਸ਼ ਹੋਰ ਵਧ ਜਾਂਦਾ। ਉਹ ਮਾਂ ਦੀ ਮੰਨਦਾ ਸੀ। ਅਖ਼ੀਰ ਸੀਬੋ ਪੇਕਿਆਂ ਦੇ ਆ ਬੈਠੀ। ਨਾ ਫ਼ੌਜੀ ਦੇ ਜਾਂਦੀ, ਨਾ ਹੋਰ ਵਿਆਹ ਕਰਾਉਂਦੀ। ਕਈ ਵਰ੍ਹੇ ਉਡੀਕ-ਉਡੀਕ ਬੁੜੀ ਨੇ ਮੁੰਡਾ ਹੋਰ ਥਾਂ ਵਿਆਹ ਲਿਆ। ਸੀਬੋ ਆਖਦੀ ਸੀ, ‘ਐ ਈ ਕੱਟ ਕੇ ਦਖਾਉਂ ਮੈਂ।’

ਕਬੂਤਰਾਂ ਵਾਲੇ ਕੋਠੇ ਵਿੱਚੋਂ ਨਿਕਲ ਕੇ ਮੈਂ ਉਹਦੇ ਕੋਲ ਦਰਵਾਜ਼ੇ ਵਿੱਚ ਆਇਆ ਤਾਂ ਚਾਹ ਆ ਚੁੱਕੀ ਸੀ। ਉਹ ਏਧਰ ਆਉਂਦਾ ਹੋਇਆ ਇੱਕ ਜੁਆਕ ਨੂੰ ਕਹਿ ਆਇਆ ਸੀ ਕਿ ਚਾਹ ਦਾ ਡੋਲੂ ਬਾਹਰਲੇ ਘਰ ਭੇਜ ਦਿਓ। ਡੋਲੂ ਤੇ ਗਲਾਸ ਰੱਖ ਕੇ ਉਹ ਦਾ ਕੋਈ ਭਤੀਜਾ ਜਾਂ ਭਤੀਜੀ ਵਾਪਸ ਚਲਿਆ ਗਿਆ ਹੋਵੇਗਾ। ਗਲਾਸਾਂ ਵਿੱਚ ਚਾਹ ਮੈਂ ਹੀ ਪਾਈ। ਅਸੀਂ ਘੁੱਟੀਂ-ਘੁੱਟੀਂ ਚਾਹ ਪੀਣ ਲੱਗੇ।

ਇਸ ਵਾਰ ਮੈਂ ਏਥੇ ਕਈ ਵਰ੍ਹਿਆਂ ਪਿੱਛੋਂ ਆਇਆ ਸੀ। ਵਿੱਚ ਦੀ ਇੱਕ ਦੋ ਵਾਰ ਬਿਦ-ਝੱਟ ਆਇਆ ਹੋਵਾਂਗਾ ਤਾਂ ਛੋਟੂ ਨੂੰ ਮਿਲਿਆ ਨਹੀਂ ਗਿਆ। ਉੱਜੜਿਆ ਕੋਠਾ ਦੇਖ ਕੇ ਮੈਂ ਉਦਾਸ ਹੋ ਗਿਆ। ਚਿੱਟੀ ਕਬੂਤਰੀ ਦਿਮਾਗ਼ ਵਿੱਚ ਘੁੰਮਣ ਲੱਗੀ। ਕਬੂਤਰ ਛੱਡ ਕਿਉਂ ਦਿੱਤੇ? ਮੈਂ ਗੱਲ ਚਲਾਈ।

ਉਹ ਨਹੀਂ ਬੋਲਿਆ। ਹੌਲੀ-ਹੌਲੀ ਘੁੱਟ ਭਰੀ, ਅਗਲੀ ਘੁੱਟ ਭਰਨ ਤੋਂ ਪਹਿਲਾਂ ਆਪ ਹੀ ਦੱਸਣ ਲੱਗਿਆ, ਚਿੱਟੀ ਕਬੂਤਰੀ ਮਰਗੀ ਸੀ, ਫੇਰ ਮੈਂ ਸਾਰਾ ਟੱਬਰ ਈ ਚਕਾ ’ਤਾ ਲੋਕਾਂ ਨੂੰ। ਦੋ ਕਿਸੇ ਨੂੰ, ਚਾਰ ਕਿਸੇ ਨੂੰ। ਕੋਠਾ ਖਾਲੀ ਕਰ ’ਤਾ।’

‘ਇਹ ਕੀ ਕੀਤਾ ਤੂੰ?’

‘ਸੀਬੋ ਵੀ ਗਈ।’

‘ਕਿੱਥੇ ਗਈ?’

ਛੋਟੂ ਨੇ ਚਾਹ ਦਾ ਗਲਾਸ ਪਰ੍ਹੇ ਰੱਖ ਦਿੱਤਾ। ਸੱਜੇ ਹੱਥ ਦੀ ਪਹਿਲੀ ਉਂਗਲ ਉਤਾਂਹ ਖੜੀ ਕੀਤੀ। ਆਖਿਆ, ‘ਉੱਥੇ ਜਿੱਥੇ ਇੱਕ ਦਿਨ ਆਪਾਂ ਸਭ ਨੇ ਜਾਣੈ।’

ਮੈਨੂੰ ਹੈਰਾਨੀ ਹੋਈ, ਦੁੱਖ ਵੀ।

‘ਪਰ ਇੱਕ ਗੱਲ ਮਾੜੀ ਕੀਤੀ ਉਹ ਨੇ, ਪਹਿਲਾਂ ਉਠਗੀ। ਮੈਨੂੰ ਨਾਲ ਲੈ ਕੇ ਜਾਣਾ ਸੀ।’

‘ਮੇਰੀ ਵੀ ਬੱਸ ਤਿਆਰੀ ਐ। ਮੈਂ ਉਹਦੇ ਕੋਲ ਈ ਪਹੁੰਚਣੈ ਇੱਕ ਦਿਨ।’

‘ਮਾਮਾ, ਕਿਵੇਂ ਬਣੀ ਕਹਾਣੀ ਇਹ? ਕੀ ਹੋ ਗਿਆ ਸੀ ਸਹੁਰੀ ਨੂੰ?’ ਮੈਂ ਪੁੱਛਿਆ।

‘ਪਹਿਲਾਂ ਤਾਂ ਕਈ ਸਾਲ ਠੀਕ ਚੱਲੀ ਗਿਆ ਸੀ। ਮਾਂ ਰੱਖਦੀ ਸੀ ਉਹ ਨੂੰ। ਸੀਬੋ ਦੇ ਵੱਡੇ ਭਾਈ ਦੋ ਨੇ। ਭਰਜਾਈਆਂ ਜਦੋਂ ਸੱਸ ਉੱਤੋਂ ਦੀ ਪੈਗੀਆਂ, ਸੀਬ ਨੂੰ ਕੋਸਣ

ਚਿੱਟੀ ਕਬੂਤਰੀ
71