ਤੇ ਫੇਰ ਅਫ਼ਜ਼ਲ ਆਪਣੇ ਬਣ ਰਹੇ ਚਿੱਤਰ ਦੀ ਗੱਲ ਕਰਦਾ ਰਿਹਾ। ਉਹ ਸੁਣਦੀ ਜਾ ਰਹੀ ਸੀ। ਫੇਰ ਉਹ ਆਪਣੀ ਸ਼ਾਇਰੀ ਦੀਆਂ ਗੱਲਾਂ ਕਰਨ ਲੱਗ ਪਿਆ। ਉਹ ਸੁਣੀ ਗਈ। ਹਰ ਗੱਲ ਉਹ ਗੌਰ ਨਾਲ ਸੁਣਦੀ ਤੇ ਇੱਕ ਦੋ ਰਸਮੀ ਸ਼ਬਦਾਂ ਵਿੱਚ ਤਾਰੀਫ਼ ਕਰਦੀ। ਫੇਰ ਉਹ ਕਹਿਣ ਲੱਗੀ, 'ਚਲਤੀ ਹੂੰ। ਮੈਂ ਨੇ ਤੋਂ ਖਾਹਮਖਾਹ ਆਪ ਕਾ ਸਮਯ ਬਰਬਾਦ ਕੀਆ।'
‘ਨਹੀਂ-ਨਹੀਂ, ਬੈਠੋ। ਤੁਮ੍ਹਾਰੇ ਆਨੇ ਸੇ ਸਮਯ ਤੋ ਔਰ ਕੀਮਤੀ ਸਾ ਹੋ ਗਿਆ। ਐਸੀ ਕੋਈ ਬਾਤ ਨਹੀਂ। ਯਹ ਤੋਂ ਚਲਤਾ ਹੀ ਰਹਿਤਾ ਹੈ।'
ਉਹ ਉੱਠੀ ਤੇ ਆਪਣਾ ਸਮਾਨ ਸੰਭਾਲ ਕੇ ਸਲਾਮ ਕੀਤਾ। ਅਫ਼ਜ਼ਲ ਉਸ ਨੂੰ ਕੋਠੀ ਦੇ ਬਾਹਰਲੇ ਗੇਟ ਤੱਕ ਛੱਡਣ ਗਿਆ।
ਤੇ ਫੇਰ ਉਹ ਦੂਜੇ-ਚੌਥੇ ਦਿਨ ਹੀ ਆਉਂਦੀ। ਅਫ਼ਜ਼ਲ ਆਪਣੇ ਚਿੱਤਰ ’ਤੇ ਕੰਮ ਕਰ ਰਿਹਾ ਹੁੰਦਾ। ਉਹ ਸਲਾਮ ਕਰਦੀ। ਖ਼ੁਦ ਹੀ ਕਿਚਨ ਵਿੱਚ ਚਲੀ ਜਾਂਦੀ। ਚਾਹ ਦੇ ਦੋ ਕੱਪ ਬਣਾ ਲਿਆਉਂਦੀ। ਉਹ ਕੰਮ ਕਰਦਾ, ਚਾਹ ਵੀ ਪੀਂਦਾ। ਗੱਲਾਂ ਚੱਲਦੀਆਂ ਰਹਿੰਦੀਆਂ। ਸਵਿੱਤਰੀ ਦੀਆਂ ਗੱਲਾਂ ਵਿੱਚ ਕਦੇ ਕੰਮ ਛੱਡ ਕੇ ਬੈਠ ਜਾਂਦਾ। ਹਮੇਸ਼ਾ ਜ਼ਬਤ ਵਿੱਚ ਰਹਿੰਦਾ। ਉਸ ਨੂੰ ਮਹਿਸੂਸ ਹੁੰਦਾ, ਉਹ ਉਹਦਾ ਸਮਾਂ ਨਸ਼ਟ ਕਰਨ ਆ ਜਾਂਦੀ ਹੈ। ਪਰ ਉਸ ਨੂੰ ਆਪਣੇ ਖਲੂਸ ਦਾ ਚੇਤਾ ਵੀ ਸੀ। ਘਰ ਆਏ ਮਹਿਮਾਨ ਨੂੰ ਸਮਾਂ ਦੇਣਾ ਜ਼ਰੂਰੀ ਹੈ। ਉਸ ਨੂੰ ਇਹ ਵੀ ਲੱਗਦਾ ਕਿ ਉਹ ਦਿਨੋ-ਦਿਨ ਉਹਦੇ ਬਹੁਤ ਨਜ਼ਦੀਕ ਆਉਂਦੀ ਜਾ ਰਹੀ ਹੈ। ਉਹ ਚਾਹੁੰਦਾ ਕਿ ਉਹ ਦਾ ਦਿਲ ਨਾ ਤੋੜਿਆ ਜਾਵੇ ਤੇ ਇੱਕ ਫਾਸਲੇ 'ਤੇ ਰਿਹਾ ਜਾਵੇ। ਜੇ ਉਹ ਉਹਦੇ ਨਾਲ ਜ਼ਰਾ ਵੀ ਖੁੱਲ੍ਹ ਗਿਆ ਤਾਂ ਉਸ ਦਾ ਚਿੱਤਰ ਅੱਧ-ਵਿਚਕਾਰ ਹੀ ਰਹਿ ਜਾਵੇਗਾ। ਇਹ ਮੁਕੰਮਲ ਕਰਕੇ ਦੇਣਾ ਵੀ ਤਾਂ ਹੈ।
ਇੱਕ ਦਿਨ ਉਹ ਆਈ ਤੇ ਫਟਾਫਟ ਬੋਲਣਾ ਸ਼ੁਰੂ ਕਰ ਦਿੱਤਾ, 'ਏਕ ਲੜਕਾ ਹੈ, ਨੌਜਵਾਨ ਲੜਕਾ। ਉਸ ਦੇ ਸਾਥ ਉਸੀ ਕਮਰੇ ਮੇਂ ਏਕ ਲੜਕੀ ਰਹਿਤੀ ਹੈ, ਲੜਕੀ ਭੀ ਨੌਜਵਾਨ ਹੈ। ਵੇ ਰਾਤ ਕੋ ਏਕ ਬੈੱਡ ਪਰ ਸੋਤੇ ਹੈਂ। ਸਭੀ ਬਾਤੇਂ ਕਰ ਲੇਤੇ ਹੈਂ। ਲੇਕਿਨ ਵੇ ਏਕ-ਦੂਸਰੇ ਸੇ ਸ਼ਰਮਾਤੇ ਰਹਿਤੇ ਹੈਂ। ਟੱਚ ਭੀ ਨਹੀਂ ਕਰਤੇ। ਲੜਕਾ ਸੋਚਤਾ ਹੈ, ਲੜਕੀ ਕਯਾ ਕਹੇਗੀ। ਲੜਕੀ ਸੋਚਤੀ ਹੈ, ਲੜਕਾ ਕਯਾ ਕਹੇਗਾ।'
'ਅੱਛਾ, ਯਹ ਬਾਤ ਹੈ, ਤੋਂ ਫਿਰ?' ਅਫ਼ਜ਼ਲ ਦਾ ਧਿਆਨ ਚਿੱਤਰ ਵੱਲ ਸੀ।
‘ਮੈਂ ਆਪ ਕੋ ਯਹ ਕਹਾਨੀ ਸੁਨਾ ਚਲੀ। ਅਬ ਆਪ ਸੋਚੀਏਗਾ ਜ਼ਰਾ ਇਸ ਕੇ ਬਾਰੇ ਮੇਂ।'
ਉਹ ਸਭ ਸਮਝਦਾ ਸੀ, ਉਹ ਕੀ ਚਾਹੁੰਦੀ ਹੈ। ਪਰ ਉਸ ਨੂੰ ਓਹੀ ਇੱਕੋ ਡਰ ਕਿ ਉਸ ਦਾ ਚਿੱਤਰ ਅੱਧ-ਵਿਚਕਾਰ ਰਹਿ ਜਾਵੇਗਾ। ਪਹਿਲਾਂ ਉਹ ਚਿੱਤਰ ਮੁਕੰਮਲ ਕਰ ਲਵੇ।
ਫੇਰ ਉਹ ਕਈ ਦਿਨ ਨਾ ਆਈ। ਹਫ਼ਤਾ ਬੀਤ ਗਿਆ। ਫੇਰ ਦੂਜਾ ਹਫ਼ਤਾ ਵੀ। ਦੂਜੇ ਦਰਸ਼ਕ ਆਉਂਦੇ ਸਨ। ਆ ਕੇ ਕੁਰਸੀਆਂ 'ਤੇ ਬੈਠ ਜਾਂਦੇ। ਚੁੱਪ-ਚਾਪ ਦੇਖਦੇ ਰਹਿੰਦੇ, ਉੱਠ ਕੇ ਤੁਰ ਜਾਂਦੇ। ਉਨ੍ਹਾਂ ਵਿੱਚ ਔਰਤਾਂ ਵੀ ਹੁੰਦੀਆਂ, ਨੌਜਵਾਨ ਕੁੜੀਆਂ।
78
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ