ਉਹ ਉੱਠੀ, ਕਿਚਨ ਵਿੱਚ ਗਈ ਤੇ ਚਾਹ ਦੇ ਦੋ ਪਿਆਲੇ ਬਣਾ ਕੇ ਡਰਾਇੰਗ ਰੂਮ ਵਿੱਚ ਜਾ ਬੈਠੀ। ਅਫ਼ਜ਼ਲ ਦਾ ਇੰਤਜ਼ਾਰ ਕਰਨ ਲੱਗੀ।
'ਹਾਂ, ਅੱਬ ਬਤਾਓ, ਕਯਾ ਕਹਿ ਰਹੀ ਹੋ ਤੁਮ?' ਉਹ ਛੇਤੀ-ਛੇਤੀ ਚਾਹ ਪੀਣ ਲੱਗਿਆ। ਫੂਕਾਂ ਮਾਰ-ਮਾਰ।
‘ਦੇਖੀਏ, ਮੈਂ ਉਸ ਖਾਨਦਾਨ ਸੇ ਤੁਅੱਲਕ ਰੱਖਤੀ ਹੂੰ, ਜਹਾਂ ਸ਼ਰਾਬ, ਮੀਟ, ਪਾਨ, ਸਿਗਰਟ ਕੁਛ ਭੀ ਨਹੀਂ ਚਲਤਾ। ਲੇਕਿਨ ਮੈਂ ਨਾ ਤੋਂ ਆਪ ਕੀ ਸਿਗਰਟ ਕੋ ਬੁਰਾ ਮਾਨਤੀ ਹੂੰ ਔਰ ਨਾ ਪਾਨ ਖਾਨੇ ਕੋ। ਮੁਝੇ ਪਤਾ ਹੈ, ਆਪ ਸ਼ਰਾਬ ਪੀਤੇ ਹੈਂ। ਇਧਰ-ਉਧਰ ਪੜੀ ਖਾਲੀ ਬੋਤਲੇਂ ਬਤਾ ਰਹੀ ਹੈਂ। ਮੁਝੇ ਆਪ ਕੀ ਸ਼ਰਾਬ ਭੀ ਮਨਜ਼ੂਰ ਹੈ। ਸੈਕਸ ਕੇ ਮਾਮਲੇ ਮੈਂ ਮੈਂ ਫਰੀ-ਮਾਈਂਡ ਹੂੰ। ਮੈਂ ਨੇ ਅਚਾਰੀਯ ਰਜਨੀਸ਼ ਕੀ ਕਿਤਾਬ ‘ਸੰਭੋਗ ਸੇ ਸਮਾਧੀ ਤੱਕ' ਕੋ ਪੜਾ ਹੈ।' ਐਨਾ ਕੁਛ ਕਹਿ ਕੇ ਉਹ ਚੁੱਪ ਹੋ ਗਈ ਤੇ ਦੂਜੇ ਪਾਸੇ ਮੂੰਹ ਕਰਕੇ ਕੰਧ ਵੱਲ ਝਾਕਣ ਲੱਗੀ।
'ਠੀਕ ਹੈ, ਮਾਨਤਾ ਹੂੰ।' ਅਫ਼ਜ਼ਲ ਦਾ ਹੁੰਗਾਰਾ ਸਧਾਰਨ ਸੀ
‘ਕਯਾ ਮਾਨਤੇ ਹੋ? ਸਵਿੱਤਰੀ ਤਿਲਮਲਾਈ।
'ਯਹ ਕਿ ਤੁਮ ਕੁਛ ਭੀ ਬੁਰਾ ਨਹੀਂ ਮਾਨਤੀ।'
'ਫਿਰ?'
‘ਓ.ਕੇ. ਚਲਤਾ ਹੂੰ। ਉਹ ਉੱਠਿਆ ਤੇ ਸਟੂਡੀਓ ਵਿੱਚ ਕੈਨਵਸ ਅੱਗੇ ਜਾ ਬੈਠਾ। ਇਸ ਤਰ੍ਹਾਂ ਕੰਮ ਕਰਨ ਲੱਗਿਆ, ਜਿਵੇਂ ਪਹਿਲਾਂ ਤੋਂ ਹੀ ਲਗਾਤਾਰ ਕਰਦਾ ਆ ਰਿਹਾ ਹੋਵੇ। ਉੱਠ ਕੇ ਕਿਧਰੇ ਗਿਆ ਹੀ ਨਾ ਹੋਵੇ।
ਉਹ ਪਤਾ ਨਹੀਂ ਕਦੋਂ ਚਲੀ ਗਈ ਸੀ। ਸਲਾਮ ਕਰਕੇ ਵੀ ਨਹੀਂ ਗਈ।
ਅਫ਼ਜ਼ਲ ਸੋਚਦਾ, ਸਵਿੱਤਰੀ ਤਾਂ ਉਹ ਦੇ ਬੋਝੇ ਵਿੱਚ ਹੈ। ਜ਼ਮ੍ਹਾਂ-ਖਾਤੇ ਦੀ ਰਾਸ਼ੀ ਵਾਂਗ ਜਦੋਂ ਮਰਜ਼ੀ ਕੈਸ਼ ਕਰਵਾ ਲਵੇਗਾ। ਉਹ ਕਿਧਰੇ ਨਹੀਂ ਜਾਣ ਲੱਗੀ। ਏਥੇ ਹੀ ਹੈ, ਏਸੇ ਸ਼ਹਿਰ ਵਿੱਚ। ਉਹ ਨੇ ਉਹ ਦੀ ਕੋਠੀ ਆਉਂਦੇ ਹੀ ਰਹਿਣਾ ਹੈ। ਪਰ ਉਹਨੂੰ ਸਵਿੱਤਰੀ ਦੀ ਹਲਕੀ-ਹਲਕੀ ਯਾਦ ਸਤਾਉਂਦੀ ਰਹਿੰਦੀ। ਦੋ ਮਹੀਨੇ ਹੋਰ ਲਾ ਕੇ ਉਹ ਨੇ ਆਪਣਾ ਚਿੱਤਰ ਮੁਕੰਮਲ ਕਰ ਲਿਆ। ਇਸ ਚਿੱਤਰ ਦਾ ਇੱਕ ਲੱਖ ਰੁਪਿਆ ਪੇਸ਼ਗੀ ਸੌਦਾ ਹੋ ਚੁੱਕਿਆ ਸੀ। ਬਾਹਰਲੇ ਦੇਸ਼ ਦਾ ਕੋਈ ਧਨਾਢ ਪੰਜਾਬੀ ਸੀ। ਵੀਹ ਹਜ਼ਾਰ ਰੁਪਿਆ ਬਿਆਨਾ ਫੜਾ ਗਿਆ ਸੀ। ਸਵਿੱਤਰੀ ਇਨ੍ਹਾਂ ਦੋ ਮਹੀਨਿਆਂ ਦੌਰਾਨ ਇੱਕ ਵਾਰ ਵੀ ਨਹੀਂ ਆਈ। ਚੰਗਾ ਕੀਤਾ,ਉਹ ਨੇ ਆਪਣਾ ਕੰਮ ਖ਼ਤਮ ਕਰ ਲਿਆ। ਉਹ ਨੇ ਬਾਹਰਲੇ ਦੇਸ਼ ਨੂੰ ਫੋਨ ਕੀਤਾ। ਉਨ੍ਹਾਂ ਦਾ ਬੰਦਾ ਆਇਆ ਤੇ ਅੱਸੀ ਹਜ਼ਾਰ ਦੇ ਕੇ ਚਿੱਤਰ ਲੈ ਗਿਆ।
ਅਫ਼ਜ਼ਲ ਹੁਣ ਸਵੇਰ ਤੋਂ ਲੈ ਕੇ ਡੂੰਘੀ ਸ਼ਾਮ ਤੱਕ ਸਵਿੱਤਰੀ ਨੂੰ ਉਡੀਕਦਾ ਰਹਿੰਦਾ। ਉਹ ਨੂੰ ਪੱਕਾ ਯਕੀਨ ਸੀ ਕਿ ਉਹ ਆਵੇਗੀ ਇਕ ਦਿਨ। ਉਹ ਨੂੰ ਸਵਿੱਤਰੀ ਦੀ ਇੱਕ-ਇੱਕ ਗੱਲ ਯਾਦ ਆਉਂਦੀ। ਹੁਣ ਉਹ ਦਾ ਖ਼ਾਸ ਕੰਮ ਹੋ ਗਿਆ। ਜਿਵੇਂ ਪਹਿਲਾਂ ਚਿੱਤਰ ਮੁਕੰਮਲ ਕਰਨਾ ਉਹ ਖ਼ਾਸ ਕੰਮ ਸੀ। ਇੱਕ ਮਹੀਨਾ ਹੋਰ ਉਹ ਨਹੀਂ ਆਈ।
80
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ