ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹੀ ਗੱਲ ਹੋਈ, ਗੋਪਾਲ ਜਦ ਬਾਈ ਸਾਲ ਦਾ ਹੋਇਆ, ਉਸ ਨੂੰ ਨਰ-ਬਲੀ ਦੀ ਜੁੱਤੀ ਮਿਲ ਗਈ। ਐਡਾ ਵੱਡਾ ਕੱਦ, ਖੁੱਲ੍ਹੇ-ਖੁੱਲੇ ਹੱਡ-ਪੈਰ, ਮੋਟੀ ਅੱਖ, ਚਿਹਰੇ 'ਤੇ ਕੋਈ ਗੈਬੀ ਨੂਰ।

ਸਾਰੇ ਪਿੰਡ ਨੇ ਉਸ ਵਾਸਤੇ ਘਿਓ ਇਕੱਠਾ ਕੀਤਾ। ਸਵੇਰ ਦੇ ਖਾਣੇ ਵਿੱਚ ਤਾਜ਼ਾ ਮੱਖਣ, ਜੰਗਲੀ ਸ਼ਹਿਦ ਤੇ ਹੋਰ ਪਦਾਰਥਾਂ ਨਾਲ ਕੱਚਾ ਦੁੱਧ ਹੁੰਦਾ। ਸ਼ਾਮ ਦੇ ਖਾਣੇ ਵਿੱਚ ਪਹਾੜੀ ਮੁਰਗੇ ਦਾ ਭੁੰਨਿਆ ਹੋਇਆ ਮਾਸ, ਅੰਗੂਰਾਂ ਦੀ ਸ਼ਰਾਬ ਤੇ ਕੜ੍ਹੇ ਦੁੱਧ ਦੀ ਦਹੀਂ ਹੁੰਦੀ। ਸਵੇਰੇ-ਸ਼ਾਮ ਸਰੋਂ ਦੇ ਤੇਲ ਨਾਲ ਉਸ ਦੀ ਮਾਲਸ਼ ਕੀਤੀ ਜਾਂਦੀ ਤੇ ਫਿਰ ਖੱਟੀ ਲੱਸੀ ਨਾਲ ਪਿੰਡਾ ਮਲ ਗਰਮ ਪਾਣੀ ਨਾਲ ਨੁਹਾਇਆ ਜਾਂਦਾ। ਪਿੰਡ ਵੱਲੋਂ ਨਿਯੁਕਤ ਕੀਤੇ ਦੋ ਬੰਦੇ ਉਸ ਦੀ ਸੇਵਾ ਲਈ ਹਰ ਸਮੇਂ ਉਸ ਦੇ ਅੰਗ-ਸੰਗ ਰਹਿੰਦੇ। ਹਰ ਸਮੇਂ ਹੀ ਉਸ ਨੂੰ ਖੁਸ਼ ਰੱਖਣ ਦੇ ਸਾਧਨਾਂ ਵਿੱਚ ਜੁਟੇ ਰਹਿੰਦੇ। ਉਸ ਨੂੰ ਦੇਵਤਾ ਦੀਆਂ ਕਹਾਣੀਆਂ ਸੁਣਾਉਂਦੇ। ਦੇਵਤਾ ਦੀ ਉਪਮਾ ਕਰਦੇ। ਦੇਵਤਾ ਨੂੰ ਖੁਸ਼ ਕਰਨ ਲਈ ਨਰ-ਬਲੀ ਚੜ੍ਹ ਚੁੱਕੇ ਨੌਜਵਾਨਾਂ ਦੀ ਮਹਿਮਾ ਗਾਉਂਦੇ।

ਗੋਪਾਲ ਦਾ ਜਦ ਜੀਅ ਕਰਦਾ, ਉੱਠ ਕੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਣ ਲੱਗ ਪੈਂਦਾ। ਇਸ ਮੌਕੇ ਵੀ ਬੰਦੇ ਉਸ ਦੇ ਮਗਰ-ਮਗਰ ਤੁਰੇ ਜਾਂਦੇ। ਗੋਪਾਲ ਉਦਾਸ ਹੁੰਦਾ ਤਾਂ ਬਹੁਤ ਕਰਕੇ ਘਰ ਹੀ ਪਿਆ ਰਹਿੰਦਾ। ਬਹੁਤੀ ਉਦਾਸੀ ਦੇ ਵਾਤਾਵਰਣ ਵਿੱਚ ਉਸ ਦੇ ਸੇਵਾਦਾਰ ਉਸ ਨਾਲ ਬਹੁਤ ਘੱਟ ਗੱਲ ਕਰਦੇ। ਬੱਸ ਬੈਠੇ ਰਹਿੰਦੇ ਉਸ ਕੋਲ ਜਾਂ ਉਸ ਦੀਆਂ ਟੰਗਾਂ-ਬਾਹਾਂ ਘੁੱਟਦੇ। ਕਦੇ-ਕਦੇ ਉਹ ਬਹੁਤ ਖੁਸ਼ ਹੁੰਦਾ ਤਾਂ ਗਾਉਣ ਤੇ ਨੱਚਣ ਲੱਗ ਪੈਂਦਾ। ਇਸ ਹਾਲਤ ਵਿੱਚ ਸੇਵਾਦਾਰ ਖੁਸ਼ ਹੁੰਦੇ। ਬਾਪ ਖੁਸ਼ ਹੁੰਦਾ। ਸਾਰਾ ਪਿੰਡ ਪ੍ਰਸੰਨ ਚਿੱਤ ਹੋ ਜਾਂਦਾ।

ਤੇ ਫਿਰ ਦੇਵਤਾ ਦਾ ਉਤਸਵ ਨੇੜੇ ਆਉਣ ਲੱਗਿਆ। ਤਿੰਨ ਮਹੀਨੇ, ਦੋ ਮਹੀਨੇ, ਡੇਢ ਮਹੀਨਾ, ਸਵ ਮਹੀਨਾ...ਗੋਪਾਲ ਦੀਆਂ ਅੱਖਾਂ ਵਿੱਚ ਪਿੰਡ ਦੀਆਂ ਸਾਰੀਆਂ ਸੁਹਣੀਆਂ ਕੁੜੀਆਂ ਦੀ ਤਸਵੀਰ ਬੈਠ ਗਈ। ਪਹਿਲੇ ਦਿਨ ਉਸ ਨੇ ਮੇਨਕਾ ਦੇ ਘਰ ਮੂਹਰੇ ਜੁੱਤੀ ਲਾਹੀ। ਦੂਜੇ ਦਿਨ ਕਮਲਾ ਦੇ, ਤੀਜੇ, ਚੌਥੇ ਤੇ ਫਿਰ ਨਵੀਂ ਤੋਂ ਨਵੀਂ ਨਰਬਦਾ, ਕੁੰਤੀ, ਤ੍ਰਿਪਤਾ, ਸ਼ਕੁੰਤਲਾ, ਗੋਮਤੀ, ਗੋਮਤੀ ਕੋਲ ਤਾਂ ਉਹ ਦੂਜੇ ਦਿਨ ਵੀ ਚਲਿਆ ਗਿਆ। ਗੋਮਤੀ ਵਿੱਚ ਪਤਾ ਨਹੀਂ ਕੀ ਸੀ ਤੇ ਫਿਰ ਤੀਜੇ ਦਿਨ ਵੀ ਗੋਮਤੀ ਕੋਲ ਹੀ ਜਾਂਦਾ ਸੀ।

ਗੋਮਤੀ ਪਤਲੀ, ਲੰਮੀ, ਗੋਰੀ, ਮ੍ਰਿਗਨੈਣੀ, ਨਿਰੀ ਅੱਗ...ਲੁੱਸ-ਲੁੱਸ ਕਰਦੇ ਅੰਗ। ਗੋਮਤੀ ਦੇ ਮਾਂ-ਬਾਪ ਹੈਰਾਨ ਹੋਣ ਲੱਗੇ। ਗੋਪਾਲ ਦੇ ਸੇਵਾਦਾਰ ਹੈਰਾਨ। ਸਾਰਾ ਪਿੰਡ ਹੈਰਾਨ। ਕਿਉਂ ਜਾਂਦਾ ਸੀ। ਉਹ ਨਿੱਤ ਹੀ ਗੋਮਤੀ ਕੋਲ? ਦੇਵਤਾ ਦਾ ਦਿਨ ਵੀ ਆ ਗਿਆ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਿੰਡ ਦੇ ਸਭ ਤੀਵੀਂ-ਪੁਰਸ਼ ਨਦੀ ਵਿੱਚ ਇਸ਼ਨਾਨ ਕਰਕੇ ਆਏ। ਘਰ-ਘਰ ਪਕਵਾਨ ਪੱਕਣ ਲੱਗੇ। ਦੇਵਤਾ ਦੀ ਵੇਦੀ 'ਤੇ ਚੜਾਉਣ ਲਈ ਘਰ-ਘਰ ਸੀਧਾ ਮਿਣਸਿਆ ਗਿਆ। ਸਾਰਾ ਦਿਨ ਪਿੰਡ ਵਿੱਚ ਜਸ਼ਨ ਹੁੰਦੇ ਰਹੇ। ਦੇਵਤਾ ਦੀ ਵੇਦੀ ਅੱਗੇ ਸਾਰਾ ਦਿਨ ਹਵਨ ਹੁੰਦਾ ਰਿਹਾ। ਮੰਤਰ ਪੜ੍ਹੇ ਜਾਂਦੇ ਰਹੇ। ਨਰ-ਬਲੀ ਦਾ ਸਮਾਗਮ ਸੂਰਜ ਦੀ ਟਿੱਕੀ ਛਿਪਦੀ ਨਾਲ ਸ਼ੁਰੂ ਹੋਣਾ ਸੀ।

ਤੇ ਦੇਵਤਾ ਪ੍ਰਸੰਨ ਸੀ
83