ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਪਾਲ ਦੇ ਪੈਰਾਂ ਵਿੱਚ ਨਰ-ਬਲੀ ਵਾਲੀ ਜੁੱਤੀ ਪਾਈ ਹੋਈ ਸੀ। ਗਲ ਜਨਿਊ, ਤੇੜ ਚਿੱਟੀ ਧੋਤੀ। ਸਿਰ 'ਤੇ ਚਿੱਟਾ ਪਟਕਾ ਬੰਨ੍ਹਿਆ ਹੋਇਆ। ਉਸ ਦੇ ਮੱਥੇ 'ਤੇ ਲਾਲ ਤਿਲਕ ਲੱਗਿਆ ਹੋਇਆ ਸੀ। ਦੋਵਾਂ ਡੌਲਿਆਂ 'ਤੇ ਹਲਦੀ ਨਾਲ ਤਿੰਨ-ਤਿੰਨ ਲਕੀਰਾਂ ਕੱਢੀਆਂ ਹੋਈਆਂ ਸਨ। ਛਾਤੀ 'ਤੇ ਚੰਦਨ ਦਾ ਲੇਪ ਕੀਤਾ ਹੋਇਆ ਸੀ। ਉਸ ਦੀਆਂ ਅੱਖਾਂ ਲਾਲ ਰੰਗ ਸਨ।

ਪਿੰਡ ਦੇ ਸਾਰੇ ਲੋਕਾਂ ਦਾ ਇਕੱਠ ਬੱਝਿਆ ਹੋਇਆ ਸੀ। ਦੇਵਤਾ ਦੀ ਵੇਦੀ ਅੱਗੇ ਅੱਗ ਬਲ ਰਹੀ ਸੀ। ਅਹੂਤੀਆਂ ਪਾਈਆਂ ਜਾ ਰਹੀਆਂ ਸਨ। ਇੱਕ ਪਾਸੇ ਬੁੱਢੇ ਤੇ ਅਧਖੜ ਆਦਮੀ ਖੜ੍ਹੇ ਸਨ। ਉਨ੍ਹਾਂ ਦੇ ਨਾਲ ਹੀ ਨੌਜਵਾਨ ਸਨ। ਇੱਕ ਪਾਸੇ ਬੁੱਢੀਆਂ ਤੇ ਪਕਰੋੜ ਤੀਵੀਆਂ ਖੜ੍ਹੀਆਂ ਸਨ। ਸਾਹਮਣੇ ਨੌਜਵਾਨ ਕੁੜੀਆਂ, ਬਹੂਆਂ ਤੇ ਛੋਟੇ ਬੱਚੇ ਖੜ੍ਹੇ ਸਨ।

ਦੇਵਤਾ ਦੀ ਉੱਚੀ ਵੇਦੀ ’ਤੇ ਗੋਪਾਲ ਖੜ੍ਹਾ ਸੀ। ਵੇਦੀ ਦੇ ਦੋਵੇਂ ਪਾਸੇ ਦੋ ਲੱਕੜਾਂ ਗੱਡ ਕੇ ਉਨ੍ਹਾਂ 'ਤੇ ਇਕ ਪੈਵੀਂ ਲੱਕੜ ਰੱਖੀ ਹੋਈ ਸੀ। ਇਸ ਪੈਵੀਂ ਲੱਕੜ ਤੇ ਜੋ ਚਪਟੀ ਜਿਹੀ ਸੀ, ਗੋਪਾਲ ਨੇ ਆਪਣੀ ਗਰਦਨ ਧਰੀ ਹੋਈ ਸੀ। ਦੋਵੇਂ ਬਾਹਾਂ ਪਿੱਠ ਪਿੱਛੇ ਕੀਤੀਆਂ ਹੋਈਆਂ ਸਨ। ਉਸ ਦਾ ਸਿਰ ਕੰਨ ਪਰਨੇ ਸੀ। ਅੱਖਾਂ ਮੀਚੀਆਂ ਹੋਈਆਂ ਸਨ। ਕਦੇ-ਕਦੇ ਅੱਖਾਂ ਖੋਲ੍ਹਦਾ ਤਾਂ ਲੱਗਦਾ ਜਿਵੇਂ ਉਨ੍ਹਾਂ ਵਿੱਚੋਂ ਲਹੂ ਚਿਉਂਦਾ ਹੋਵੇ।ਉਸ ਦੀ ਝਾਕਣੀ ਵਿੱਚੋਂ ਕੋਈ ਭਿਆਨਕਤਾ ਛਲਕਦੀ। ਅੱਗ ਮੂਹਰੇ ਵੇਦੀ ਦੇ ਸਾਹਮਣੇ ਕਿੰਨੇ ਹੀ ਪੰਡਤ ਆਪਣੀ-ਆਪਣੀ ਥਾਂ 'ਤੇ ਬੈਠੇ ਉੱਚੀ-ਉੱਚੀ ਇੱਕੋ ਮੰਤਰ ਦੇ ਸ਼ਬਦ ਬੋਲੀ ਜਾ ਰਹੇ ਸਨ। ਇੱਕੋ ਸਵਰ ਵਿੱਚ ਇਸ ਸਵਰ ਲਹਿਰੀ ਵਿੱਚੋਂ ਵੀ ਇੱਕ ਡਰ ਪੈਦਾ ਹੋ ਉੱਠਿਆ ਸੀ। ਇਸ ਮੰਤਰ ਦੇ ਸਮਾਪਤ ਹੋਣ ਤੋਂ ਝੱਟ ਬਾਅਦ ਗੋਪਾਲ ਨੇ ਲੱਕੜ ਤੋਂ ਆਪਣਾ ਸਿਰ ਉਠਾ ਕੇ ਨੌਜਵਾਨਾਂ ਵੱਲ ਗਹੁ ਨਾਲ ਝਾਕਣਾ ਸੀ ਤੇ ਫਿਰ ਕਿਸੇ ਇੱਕ ਨੌਜਵਾਨ ਦਾ ਨਾਉਂ ਲੈਣਾ ਸੀ।

ਉਸ ਨੌਜਵਾਨ ਨੇ ਹਵਾ ਦੀ ਤੇਜ਼ੀ ਨਾਲ ਵੇਦੀ ਅੱਗੇ ਆ ਖੜ੍ਹਨਾ ਸੀ। ਗੋਪਾਲ ਨੇ ਉਸ ਵੱਲ ਆਪਣੀ ਜੁੱਤੀ ਵਗਾਹ ਮਾਰਨੀ ਸੀ। ਨੌਜਵਾਨ ਨੇ ਜੁੱਤੀ ਪੈਰਾਂ ਵਿੱਚ ਪਾ ਕੇ ਨਹੀਂ, ਹੱਥਾਂ ਵਿੱਚ ਵੜ ਕੇ ਵੇਦੀ ਦੇ ਇੱਕ ਪਾਸੇ ਬੈਠਣਾ ਸੀ ਤੇ ਫਿਰ ਗੋਪਾਲ ਨੇ ਆਪਣੀ ਗਰਦਨ ਪਹਿਲਾਂ ਵਾਂਗ ਹੀ ਲੱਕੜ 'ਤੇ ਧਰ ਲੈਣੀ ਸੀ। ਪੰਡਤਾਂ ਦਾ ਸੰਕੇਤ ਪ੍ਰਾਪਤ ਕਰਕੇ ਗੋਪਾਲ ਦੇ ਸਿਰ 'ਤੇ ਖੜ੍ਹੇ ਦੇਵ ਕੱਦ ਕਾਲੇ ਮੂੰਹ ਵਾਲੇ ਆਦਮੀ ਨੇ ਆਪਣੀ ਤਲਵਾਰ ਨੂੰ ਹਵਾ ਵਿੱਚ ਲਹਿਰਾਉਣਾ ਸੀ ਤੇ ਇੱਕ ਟੱਕ ਨਾਲ ਉਸ ਦੀ ਗਰਦਨ ਕੱਟ ਦੇਣੀ ਸੀ। ਜਿਉਂ ਹੀ ਗੋਪਾਲ ਦਾ ਧੜ ਵੇਦੀ 'ਤੇ ਡਿੱਗਣਾ ਸੀ, ਪੰਡਤਾਂ ਨੇ ਉੱਚੇ ਸਵਰ ਵਿੱਚ ਉਚਾਰਨ ਕਰਨਾ ਸੀ...ਦੇਵਤਾ ਪ੍ਰਸੰਨ ਹੈ....ਦੇਵਤਾ ਪ੍ਰਸੰਨ ਹੈ ....

ਮੰਤਰ ਸਮਾਪਤ ਹੋਇਆ। ਗੋਪਾਲ ਨੇ ਲੱਕੜ ਤੋਂ ਆਪਣਾ ਸਿਰ ਉਠਾਇਆ। ਨੌਜਵਾਨ ਪੱਬਾਂ ਭਾਰ ਹੋ ਕੇ ਉਸ ਵੱਲ ਦੇਖਣ ਲੱਗੇ। ਇੱਕ-ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਵਿੱਚ। ਹਰ ਕੋਈ ਜੁੱਤੀ ਲੈਣ ਦਾ ਚਾਹਵਾਨ ਸੀ। ਉਹ ਨੌਜਵਾਨਾਂ ਵੱਲ ਨਹੀਂ ਝਾਕਿਆ। ਸਾਹਮਣੇ ਖੜ੍ਹੀਆਂ ਨੌਜਵਾਨ ਕੁੜੀਆਂ, ਬਹੂਆਂ ਤੇ ਬੱਚਿਆਂ ਵਿੱਚ ਉਸ

84
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ