ਨਿੱਕੀਆਂ ਅਜੀਬ ਗੱਲਾਂ ਕਰਿਆ ਕਰਦੀ। ਆਖਦੀ ਹੁੰਦੀ-'ਸਹੁੰ ਭਾਈ ਦੀ, ਰੁੱਘਿਆ, ਮੈਨੂੰ ਤੇਰੇ ਵਿੱਚ ਦੀ ਸਾਹ ਆਉਂਦੈ, ਤੈਨੂੰ ਸਾਰੇ ਦੇ ਸਾਰੇ ਨੂੰ ਨਿਗ਼ਲ ਲਵਾਂ।'
ਬਸਤੀ ਦੇ ਲੰਡਰ ਮੁੰਡੇ ਵੀ ਨਿੰਮੋ ਦੇ ਘਰ ਗੇੜਾ ਮਾਰਦੇ। ਕਦੇ ਕੋਈ ਆਉਂਦਾ, ਕਦੇ ਕੋਈ। ਜਿਹੜਾ ਵੀ ਆਉਂਦਾ, ਖਾਸਾ-ਖਾਸਾ ਚਿਰ ਨਿੰਮੋ ਦੇ ਵਿਹੜੇ ਵਿੱਚ ਬੈਠਾ ਰਹਿੰਦਾ। ਗੱਲਾਂ ਮਾਰਦਾ। ਪਰ ਉਹ ਅਸਲੀ ਗੱਲ ’ਤੇ ਆਉਂਦੀ-ਆਉਂਦੀ ਤਿਲ੍ਹਕ ਜਾਂਦੀ। ਉਹ ਦਾ ਸੁਭਾਓ ਕੂਲਾ ਸੀ। ਭੁਲੇਖਾ ਪੈਂਦਾ, ਜਿਵੇਂ ਹਰ ਕੋਈ ਉਹ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ। ਕੋਈ ਅੰਦਰ ਬੈਠਾ ਹੁੰਦਾ ਤਾਂ ਉਹ ਦਰਵਾਜ਼ੇ ਦਾ ਬਾਰ ਖੁੱਲ੍ਹਾ ਰੱਖਦੀ। ਸਾਹਮਣੇ ਵਿਹੜੇ ਵਿੱਚ ਬੈਠਦੀ। ਕੋਈ ਉੱਠਣ ਵਿੱਚ ਹੀ ਨਾ ਆਉਂਦਾ ਤਾਂ ਉਹ ਭਾਂਡਾ-ਟੀਂਡਾ ਖੜਕਾਉਣ ਲੱਗਦੀ, ਬਹੁਕਰ ਲੈ ਕੇ ਵਿਹੜਾ ਸੁੰਭਰਦੀ ਫਿਰਦੀ। ਮੁੰਡੇ ਆਉਣੋਂ ਹਟਦੇ ਨਹੀਂ ਸੀ। ਉਹ ਵੀ ਕਿਸੇ ਨੂੰ ਰੁੱਖਾ ਬੋਲ ਕੇ ਵਰਜਦੀ ਟੋਕਦੀ ਨਹੀਂ ਸੀ। ਉਹ ਦੇ ਅੰਦਰ ਡਰ ਬੈਠ ਗਿਆ ਸੀ, ਇਹ ਮੁੰਡੇ ਕਿਤੇ ਉਹ ਨੂੰ ਊਂ ਖਰਾਬ ਨਾ ਕਰਨ ਲੱਗ ਪੈਣ। ਉਹ ਸੋਚਦੀ, ਆਉਂਦੇ ਨੇ, ਮੂੰਹ ਦੀ ਮਗਜਾਲੀ ਮਾਰ ਕੇ ਵਗ ਜਾਂਦੇ ਨੇ। ਉਹ ਦਾ ਕੀ ਲੈ ਜਾਂਦੇ ਨੇ? ਇਹ ਹਿੰਮਤ ਕਿਸੇ ਦੀ ਨਹੀਂ ਸੀ ਕਿ ਕੋਈ ਉਹ ਦੀ ਬਾਂਹ ਮੱਲੋਜ਼ੋਰੀ ਫੜ ਲਵੇ।
ਤੇ ਫਿਰ ਮੁਹੱਲੇ ਵਿੱਚ ਇਹ ਚਰਚਾ ਆਮ ਹੋ ਗਈ ਕਿ ਉਹ ਬਦਕਾਰ ਔਰਤ ਹੈ। ਮੁੰਡਿਆਂ ਨੂੰ ਖਰਾਬ ਕਰਦੀ ਹੈ। ਘਰ ਦਾ ਕੰਮ ਛੱਡ ਕੇ ਮੁੰਡੇ ਉਹ ਦੋ ਅੰਦਰ ਵੜੇ ਰਹਿੰਦੇ ਹਨ। ਕੋਈ ਕਹਿੰਦਾ ਸੀ, ਕੱਢੋ ਇਹ ਨੂੰ ਐਥੋਂ। ਧੀਆਂ-ਭੈਣਾਂ ਆਲੇ ਆਂ, ਕੀ ਅਸਰ ਪੈਂਦਾ ਹੋਊ।'
ਹੋਰ ਕੋਈ ਆਖਦਾ, 'ਇਹ ਕੀ ਕਿਸੇ ਨੂੰ ਆਪ ਸੱਦ ਕੇ ਲਿਆਉਂਦੀ ਐ? ਜੀਹਨੂੰ ਬੁਰਾ ਲੱਗਦੈ ਨਾ ਜਾਣ ਦੇਵੇ ਭਾਈ ਆਵਦੇ ਮੁੰਡੇ ਨੂੰ ਇਹ ਦੇ ਕੋਲ।'
ਖੁੱਲੀ ਬੁੱਕਲ ਵਾਲਾ ਕੋਈ ਰੁੱਘੇ ਨੂੰ ਮੌਤਾਂ ਦੇਣ ਲੱਗਦਾ, 'ਕੰਜਰ ਦਿਆ ਬਾਮ੍ਹਣਾ ਉਹ ਤੇਰੇ ਹੱਥਾਂ 'ਚੋਂ ਗਈ ਖੜ੍ਹੀ ਐ। ਉਹ ਨੂੰ ਆਖਦਾ ਕਿਉਂ ਨ੍ਹੀਂ, ਅੰਦਰਲਾ ਕੁੰਡਾ ਲਾ ਕੇ ਰੱਖਿਆ ਕਰੇ। ਕੁਤੀੜ ਅੰਦਰ ਵਾੜੀ ਰੱਖਦੀ ਐ। ਇੱਕ ਨਿਕਲਦੈ, ਦੂਜਾ ਜਾ ਵੜਦੈ।'
ਰੁੱਘਾ ਹੱਸ ਪੈਂਦਾ, 'ਆਪਾਂ ਕੀ ਉਹ ਦੇ ਨਾਲ ਫੇਰੇ ਲਏ ਹੋਏ ਐ?' ਆਵਦੇ ਬਰ੍ਹਮ 'ਚ ਜੋ ਮਰਜ਼ੀ ਕਰੇ, ਆਪਾਂ ਨੂੰ ਕੀ। ਵਿਚੇ ਆਪਣੀ ਗੁੱਲੀ ਰੜ੍ਹੀ ਜਾਂਦੀ ਐ।'
'ਓਏ ਸਾਲਿਆ ਮੇਰਿਆ,ਕਾਠੀ ਪਾਉਣੀ ਐ, ਸੰਵਾਰ ਕੇ ਪਾ, ਜਾਂ ਛੱਡ ਖਹਿੜਾ।'
‘ਸੰਵਾਰ ਕੇ ਕਿਮੇਂ?' ਰੁੱਘਾ ਹੱਸ ਰਿਹਾ ਹੁੰਦਾ।
'ਉਹ ਨੂੰ ਆਖ, ਵੱਢ ਲੂੰ ਲੱਤਾਂ, ਜੇ ਮੇਰੇ ਬਗ਼ੈਰ ਕਿਸੇ ਨਾਲ ਕਲਾਮ ਕੀਤੀ ਐ। ਐਨਾ ਵੀ ਨ੍ਹੀਂ ਕਰ ਸਕਦਾ?'
‘ਓ, ਇਹ ਨਰ ਤੀਮੀਂ ਐ। ਕਿੰਨਾ ਕੋਈ ਆਈਂ ਜਾਵੇਂ, ਮੂੰਹ ਦੀ ਭੁਕਾਈ ਮਾਰੀ ਜਾਵੇਂ, ਇਹ ਐਹੀ ਜ੍ਹੀ ਨ੍ਹੀਂ।’ ਰੁੱਘਾ ਅੱਖਾਂ ਵਿੱਚ ਗਹਿਰ ਭਰ ਕੇ ਜਵਾਬ ਦਿੰਦਾ।
‘ਸਾਰਾ ਮੁਹੱਲਾ ਤਰਾਹ-ਤਰਾਹ ਕਰਦੈ।'
'ਕੀ ਤਰਾਹ-ਤਰਾਹ ਕਰਦੈ?'