ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਾੜੂਆ

ਦੁਰਗੀ ਦੇ ਇੱਕ ਹੱਥ ਫੱਟੀ ਤੇ ਦੂਜੇ ਹੱਥ ਕਿਤਾਬ ਪੈਨਸਿਲ ਤੇ ਸਿਆਹੀ ਦੀ ਦਵਾਤ ਦੇਖ ਕੇ ਪਿੱਪਲ ਥੱਲੇ ਬੈਠੇ ਬੰਦੇ ਗੁੱਝਾ-ਗੁੱਝਾ ਹੱਸਣ ਲੱਗੇ। ਹੈਰਾਨੀ ਭਰਿਆ ਹਾਸਾ।

'ਓਏ, ਦੁਰਗੀ ਸਕੂਲ ਪੜ੍ਹਨ ਜਾਂਦੀ ਐ?' ਇੱਕ ਨੇ ਜਿਵੇਂ ਮਸ਼ਕਰੀ ਕੀਤੀ ਹੋਵੇ।

'ਓਏ ਨਹੀਂ, ਮਾਸਟਰਨੀ ਐ, ਪੜ੍ਹਾਉਣ ਜਾਂਦੀ ਹੋਊ।' ਇਕ ਹੋਰ ਨੇ ਕਿਹਾ।

ਹਾਸੇ ਦਾ ਭਾਂਬੜ ਉੱਚਾ ਮੱਚ ਉੱਠਿਆ। ਪਾਲੇ ਮਾਰੇ ਲੋਕਾਂ ਦੀਆਂ ਬੁੱਕਲਾਂ ਖੁਲ੍ਹ ਗਈਆਂ। ਦੁਰਗੀ ਬੀਹੀ ਦਾ ਮੋੜ ਟੱਪ ਚੁੱਕੀ ਸੀ। ਪਰ ਹਾਸੇ ਦੀ ਲਾਟ ਦਾ ਇੱਕ ਟੋਟਾ ਉਹ ਦੀ ਪਿੱਠ ਪਿੱਛੇ ਜ਼ਰੂਰ ਜਾ ਚਿੰਬੜਿਆ ਹੋਵੇਗਾ। ਉਹ ਕਾਹਲ ਨਾਲ ਤੁਰਨ ਲੱਗੀ। ਸਕੂਲ ਜਾਣ ਦਾ ਵੇਲਾ ਹੁੰਦਾ ਜਾ ਰਿਹਾ ਸੀ। ਉਹ ਪਹਿਲਾਂ-ਪਹਿਲਾਂ ਸੱਜਣ ਸਿੰਘ ਦੇ ਘਰ ਪਹੁੰਚ ਜਾਣਾ ਚਾਹੁੰਦੀ ਸੀ।

ਉਦੋਂ ਤਾਂ ਦੁਰਗੀ ਨੇ ਲੋਹੜਾ ਹੀ ਮਾਰਿਆ ਸੀ। ਉਹ ਆਪਣੇ ਇੱਕੋ-ਇੱਕ ਪੁੱਤਰ ਛਿੰਦੇ ਨੂੰ ਛੱਡ ਕੇ ਘਣੀਏ ਨਾਲ ਨਿਕਲ ਤੁਰੀ ਸੀ। ਛਿੰਦਾ ਤਿੰਨ ਵਰ੍ਹਿਆਂ ਦਾ ਬਲੂਰ ਸੀ ਮਸ੍ਹਾਂ। ਰੋਂਦਾ ਕੀ ਡਾਡਾਂ ਮਾਰਦਾ। ਦਾਦੀ ਉਹ ਨੂੰ ਹਿੱਕ ਨਾਲ ਘੁੱਟ-ਘੁੱਟ ਵਰਿਆਉਂਦੀ, ਪਰ ਉਹ ਘਰ ਦੀਆਂ ਖਾਲੀ ਸਬ੍ਹਾਤਾਂ ਵੱਲ ਝਾਕਦਾ, ਸੁੰਨ-ਸਰਾਂ ਗਲੀ ਵਿੱਚ ਭੱਜਦਾ। ਮਾਂ ਤਾਂ ਕਿਧਰੇ ਵੀ ਨਹੀਂ ਸੀ।

ਐਨਾ ਹੀ ਸੀ ਨਾ ਕਿ ਬਾਬੂ ਉਹ ’ਤੇ ਸ਼ੱਕ ਕਰਦਾ ਤੇ ਆਨੀ ਬਹਾਨੀ ਉਹ ਨੂੰ ਕੁੱਟਦਾ-ਮਾਰਦਾ ਰਹਿੰਦਾ ਸੀ। ਘਣੀਏ ਨੂੰ ਤਾਂ ਉਹ ਕੁਝ ਆਖ-ਵੇਖ ਨਾ ਸਕਦਾ, ਤੀਵੀਂ ਉੱਤੇ ਜ਼ੋਰ। ਉਹ ਅਜਿਹਾ ਵਰਤਾਓ ਨਾ ਕਰਦਾ ਤਾਂ ਉਹ ਨੇ ਕਾਹਨੂੰ ਜਾਣਾ ਸੀ ਕਿਧਰੇ। ਗੁਆਂਢੀ ਤੀਵੀਆਂ ਨੂੰ ਉਹ ਰੋ-ਰੋ ਆਪਣੇ ਪਿੰਡ ਦੇ ਚਟਾਕ ਦਿਖਾਉਂਦੀ ਤੇ ਫਿਰ ਅੱਖਾਂ ਪੂੰਝ ਕੇ ਆਖਦੀ, ਜਿਵੇਂ ਖਿਲਾਅ ਵਿੱਚ ਐਲਾਨ ਕਰ ਰਹੀ ਹੋਵੇ-'ਦੂਸ਼ਣ ਲਾਉਨੈ, ਪਾਪੀਆ, ਮੇਰੇ ’ਤੇ। ਇੱਕ ਦਿਨ ਕਰਕੇ ਵੀ ਦਿਖਾ ਦੂੰਗੀ।'

ਘਣੀਆ ਸੱਥ ਵਿੱਚ ਖੜ੍ਹਾ ਰਹਿੰਦਾ, ਜਿੰਨਾ ਚਿਰ ਉਹ ਗੋਹੇ-ਕੂੜੇ ਦੇ ਬੱਠਲ ਸੁੱਟਦੀ, ਉਹ ਖੜੇ ਦਾ ਖੜ੍ਹਾ। ਵਿਹਲਾ ਬੰਦਾ, ਕਿਹੜਾ ਕੰਮ ਸੀ ਉਹ ਨੂੰ ਕੋਈ। ਰੰਡੀ ਮਾਂ ਦਾ ਇਕੱਲਾ ਪੁੱਤ। ਜ਼ਮੀਨ ਹਿੱਸੇ ਉੱਤੇ। ਖਾਣ -ਪੀਣ ਨੂੰ ਖੁੱਲ੍ਹਾ। ਉਹ ਦੀ ਮਾਂ ਨੂੰਹ ਨੂੰ ਵਸਾਉਂਦੀ ਨਹੀਂ ਸੀ। ਨੂੰਹ ਪੇਕਿਆਂ ਬਾਰ ਬੈਠੀ ਮਨਜ਼ੂਰ, ਸੱਸ ਦੀ ਜੁੱਤੀ ਥੱਲੇ ਨਹੀਂ ਰਹਿਣਾ।

ਨਾੜੂਆ
91