ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਣੀਆ ਤੜਕੇ ਹੀ ਸੱਥ ਵਿੱਚ ਆ ਖੜ੍ਹਦਾ। ਮੁੱਛਾਂ ਮਰੋੜਦਾ ਤੇ ਨਿੱਕੀਆਂ-ਨਿੱਕੀਆਂ ਖੰਘੂਰਾਂ ਮਾਰਦਾ। ਉਹ ਨੇ ਕਦੇ ਕੋਈ ਚੰਗੀ ਮਾੜੀ ਗੱਲ ਦੁਰਗੀ ਨੂੰ ਨਹੀਂ ਆਖੀ ਸੀ। ਕੀ ਪਤਾ, ਉਹ ਉਂਝ ਹੀ ਖੜ੍ਹਾ ਰਹਿੰਦਾ ਹੋਵੇ। ਜਾਂ ਕੀ ਪਤਾ, ਕੀਹਦੇ 'ਤੇ ਅੱਖ ਸੀ ਉਹਦੀ। ਕੀਹਦੀ ਖ਼ਾਤਰ ਖੜ੍ਹਦਾ ਸੀ।ਪਰ ਬਾਬੂ ਨੂੰ ਸ਼ੱਕ ਸੀ ਕਿ ਘਣੀਆ ਉਹ ਦੀ ਤੀਵੀਂ 'ਤੇ ਨਿਗਾਹ ਰੱਖਦਾ ਹੈ।

ਹੌਲੀ-ਹੌਲੀ ਦੁਰਗੀ ਦੀ ਕੁੱਟ ਘਣੀਏ ਦੇ ਕੰਨਾਂ ਤੱਕ ਜਾ ਪਹੁੰਚੀ। ਉਹ ਦੇ ਹੀ ਇੱਕ ਮਿੱਤਰ ਬੇਲੀ ਨੇ ਇੱਕ ਦਿਨ ਉਹ ਨੂੰ ਹੱਸ ਕੇ ਆਖਿਆ ਸੀ, 'ਕਿਉਂ ਗ਼ਰੀਬਣੀ ਦੇ ਹੱਡ ਤੁੜਵਾਉਨੈਂ ਯਾਰ,ਅੱਗੋਂ-ਪਿੱਛੋਂ ਆ ਜਿਹਾ ਕਰ ਹਥਾਈ ਮੂਹਰੇ। ਓਸ ਕੰਜਰ ਦੇ ਝੂੰਗੇ ਜ੍ਹੇ ਨੂੰ ਤਾਂ ਤੇਰੇ 'ਤੇ ਪੂਰਾ ਸ਼ੱਕ ਐ।'

ਘਣੀਏ ਨੂੰ ਦੁਰਗੀ ਦੀ ਹਾਲਤ ਤੇ' ਤਰਸ ਆਇਆ। ਉਹ ਦੇ ਨਾਲ ਹਮਦਰਦੀ ਵੀ ਹੋਈ ਤੇ ਇੱਕ ਗੁੱਝਾ-ਗੁੱਝਾ ਲਗਾਓ ਵੀ ਕਿ ਉਹ ਉਹਦੀ ਖਾਤਰ ਹੀ ਕੁੱਟ ਖਾਂਦੀ ਹੈ। ਦੁਰਗੀ ਨਾਲ ਉਹਨੂੰ ਇੱਕ ਅਜੀਬ ਕਿਸਮ ਦੀ ਮੂਕ ਜਿਹੀ ਮੁਹੱਬਤ ਹੋਣ ਲੱਗੀ। ਦੂਜੇ ਪਾਸੇ ਉਹਨੂੰ ਬਾਬੂ ’ਤੇ ਹਰਖ ਚੜ੍ਹਦਾ, 'ਸਾਲਾ, ਕਿੱਡਾ ਮੂਰਖ਼ ਆਦਮੀ ਐ, ਬਿਨਾਂ ਕਿਸੇ ਗੱਲ ਤੋਂ ਈ ਤੀਮੀਂ ਨੂੰ ਭੰਨ੍ਹੀਂ ਜਾਂਦੈ।

ਘਣੀਏ ਦਾ ਜੀਅ ਕਰਦਾ, ਉਹ ਬਾਬੂ ਨੂੰ ਸਮਝਾਵੇ, ਪਰ ਉਹ ਸੋਚਦਾ,ਇਸ ਤਰ੍ਹਾਂ ਕਰਨ ਨਾਲ ਤਾਂ ਬਾਬੂ ਦਾ ਸ਼ੱਕ ਪੱਕਾ ਹੋ ਜਾਵੇਗਾ।

ਕਿਵੇਂ ਵੀ, ਉਹ ਸੱਥ ਵਿੱਚ ਆਉਣ ਤੋਂ ਹਟਿਆ ਨਾ। ਸੋਚਦਾ ਸੀ, ਆਪਣਾ ਇਹ ਕੀ ਮਸਲਾ ਹੈ? ਕੁੱਟੀ ਜਾਂਦਾ ਹੈ ਆਪਣੀ ਤੀਵੀਂ ਨੂੰ ਕੁੱਟੀਂ ਜਾਵੇ। ਕਿਸੇ ਦਾ ਕੀ ਲੈਂਦਾ ਹੈ। ਆਪਣਾ ਘਰ ਹੀ ਵਿਗਾੜਦਾ ਹੈ, ਵਿਗਾੜੀ ਜਾਵੇ।

ਘਣੀਆ ਆਪਣੇ ਬਾਹਰਲੇ ਘਰ ਡੰਗਰਾਂ ਕੋਲ ਰਾਤ ਨੂੰ ਸੌਂਦਾ ਹੁੰਦਾ। ਇੱਕ ਦਿਨ ਵੱਡੇ ਤੜਕੇ ਉਹ ਦੀ ਬੈਠਕ ਦਾ ਬਾਰ ਖੜਕਿਆ। ਉਹਨੇ ਅੰਦਰਲਾ ਕੁੰਡਾ ਖੋਲ੍ਹਿਆ, ਦੁਰਗੀ ਭੂਤ ਵਾਂਗ ਅੰਦਰ ਆ ਵੜੀ। ਘਣੀਏ ਦਾ ਸਰੀਰ ਕੰਬ ਗਿਆ। ਦੁਰਗੀ ਨੰਗੇ ਮੂੰਹ ਸੀ। ਰੋਸ਼ਨਦਾਨ ਦੀ ਜਾਲੀ ਵਿੱਚ ਦੀ ਗਲੀ ਦੀ ਟਿਊਬ ਦਾ ਚਾਨਣ ਬੈਠਕ ਅੰਦਰ ਆ ਰਿਹਾ ਸੀ। ਘਣੀਏ ਨੇ ਉਹ ਨੂੰ ਸਿਆਣ ਤਾਂ ਲਿਆ, ਪਰ ਬੜਾ ਹੈਰਾਨ ਕਿ ਉਹ ਇਸ ਤਰ੍ਹਾਂ ਉਹ ਦੇ ਕੋਲ ਕਿਉਂ ਆ ਗਈ ਹੈ। ਗਲੀਆਂ ਵਿੱਚ ਲੋਕ ਅਜੇ ਤੁਰਨ-ਫਿਰਨ ਨਹੀਂ ਲੱਗੇ ਸਨ।

ਦੁਰਗੀ ਨੇ ਖ਼ੁਦ ਹੀ ਬਾਰ ਦਾ ਅੰਦਰਲਾ ਕੁੰਡਾ ਲਾ ਦਿੱਤਾ। ਉਹ ਮੰਜੇ 'ਤੇ ਬੈਠਾ ਤਾਂ ਦੁਰਗੀ ਮੰਜੇ ਦੀਆਂ ਪੈਂਦਾ ’ਤੇ ਟੇਢੀ ਜਿਹੀ ਹੋ ਕੇ ਬੈਠ ਗਈ। ਪੂਰਾ ਦਿਲ ਕੱਢ ਕੇ ਕਹਿਣ ਲੱਗੀ, 'ਦੇਖ ਮਰੀ ਤਾਂ ਮੈਂ ਪਹਿਲਾਂ ਈ ਪਈ ਆਂ, ਨਿੱਤ ਹੱਡ ਭੰਨ੍ਹਦੈ ਮੇਰੇ, ਤੇਰਾ ਨਾਉਂ ਲੈ-ਲੈ। ਜਾਂ ਤਾਂ ਐਸੇ ਵਖ਼ਤ ਲੈ ਚੱਲ ਮੈਨੂੰ ਕਿਧਰੇ, ਨਹੀਂ ਮੈਂ ਹੁਣੇ ਕੋਈ ਖੂਹ-ਖਾਤਾ ਗੰਦਾ ਕਰਦੀ ਆਂ।'

'ਮੈਂ ਸਭ ਸੁਣਿਆ ਹੋਇਆ, ਪਰ ਮੈਂ ਤਾਂ ਤੈਨੂੰ ਕਦੇ ਕੋਈ ਚੰਗੀ-ਮਾੜੀ ਆਖੀ ਨੀਂ। ਤੂੰ ਆਵਦੇ ਦਿਲ ਨੂੰ ਪੁੱਛ ਕੇ ਦੇਖ।'

‘ਤੂੰ ਨਹੀਂ ਆਖੀ, ਮੈਂ ਆਖਦੀ ਆਂ ਅੱਜ ਤੈਨੂੰ। ਮੈਂ ਬਾਬੂ ਨੂੰ ਚੰਡੀ ਦਾ ਭੌਣ ਦਿਖਾਉਣੈ। ਤੀਹੋ ਕਾਲ ਮੈਂ ਨ੍ਹੀਂ ਰਹਿਣਾ ਓਸ ਚੰਡਾਲ ਦੇ ਘਰ। ਉਹ ਤੇਰਾ ਨਾਉਂ ਧਰਦੈ

92

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ