ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਵਿੱਚ ਆਇਆ, ਜਿਹੋ ਜਿਹਾ ਨਾ ਆਇਆ।‘ਮੰਗਣ ਗਿਆ ਸੋ ਮਰ ਗਿਆ’ ਵਾਲੀ ਗੱਲ ਉਹਦੇ ਧੁਰ ਕਾਲਜੇ ਵਿੱਚ ਛੁਰੀ ਵਾਂਗ ਵੱਜ ਰਹੀ ਸੀ। ਰੱਬ ਨੇ ਉਹਦੇ ਲੇਖ ਕਿਸ ਤਰ੍ਹਾਂ ਦੇ ਲਿਖ ਦਿੱਤੇ। ਉਹ ਤਾਂ ਜਿੱਦਣ ਦਾ ਜੰਮਿਆ ਸੀ, ਕਦੇ ਵੀ ਸੁੱਖ ਦਾ ਸਾਹ ਨਹੀਂ ਲਿਆ। ਸਦਾ ਹੀ ਗੁਲਾਮੀ ਕੀਤੀ। ਸਦਾ ਹੀ ਝਿੜਕਾਂ ਖਾਧੀਆਂ। ਉਹਨੂੰ ਲੱਗਿਆ, ਰੱਬ ਵੀ ਦਰਿਆਤ ਕਰਦਾ। ਕਈਆਂ ਕੋਲ ਤਾਂ ਹਵੇਲੀਆਂ ਹਨ, ਦਾਣਿਆਂ ਦੀਆਂ ਬੋਰੀਆਂ ਛੱਤਣਾਂ ਨਾਲ ਲੱਗੀਆਂ ਰਹਿੰਦੀਆਂ ਹਨ। ਕੋਈ ਹਿਸਾਬ-ਕਿਤਾਬ ਹੀ ਨਹੀਂ ਕਿ ਉਨ੍ਹਾਂ ਕੋਲ ਕਿੰਨਾ ਕੁ ਰੁਪਈਆ-ਪੈਸਾ ਹੈ ਤੇ ਕਈ ਅਜਿਹੇ ਹਨ, ਜਿਨ੍ਹਾਂ ਦੇ ਘਰ ਇੱਕ ਵੇਲੇ ਦੀ ਰੋਟੀ ਮਸਾਂ ਪੱਕਦੀ ਹੈ। ਨਿੱਕੀ-ਨਿੱਕੀ ਚੀਜ਼ ਤੋਂ ਵੀ ਤਰਸਦੇ ਰਹਿੰਦੇ ਹਨ। ਹਿੱਕ ਕੱਢ ਕੇ ਤੁਰ ਹੀ ਨਹੀਂ ਸਕਦੇ। ਸੰਸਾਰ ਵਿੱਚ ਜਿਵੇਂ ਉਹ ਫਾਲਤੂ ਜਿਹੀ ਚੀਜ਼ ਬਣ ਕੇ ਰਹਿ ਗਏ ਹੋਣ।

9

ਕਰਮ ਸਿੰਘ ਇੱਕ ਬਕਰੈਣ ਥੱਲੇ ਤਖ਼ਤਪੋਸ਼ 'ਤੇ ਬੈਠਾ ਗਰ੍ਹਨਾ ਕੱਢ ਰਿਹਾ ਸੀ। ਜਬਰੇ ਨੂੰ ਕੋਠਿਆਂ ਵੱਲ ਡੰਡੀ-ਡੰਡੀ ਤੁਰਿਆ ਆਉਂਦਾ ਦੇਖ ਕੇ ਪਹਿਲਾਂ ਤਾਂ ਉਹ ਬੜੇ ਗਹੁ ਨਾਲ ਨਿਗਾਹ ਪੁੱਟ ਕੇ ਝਾਕਦਾ ਰਿਹਾ ਤੇ ਜਦੋਂ ਉਹ ਨੇੜੇ ਆਇਆ ਤਾਂ ਕਰਮ ਸਿੰਘ ਨੇ ਨੀਵੀਂ ਪਾ ਲਈ। ਜਿਵੇਂ ਉਹਨੂੰ ਕਿਸੇ ਦੇ ਆਉਣ ਦਾ ਪਤਾ ਹੀ ਨਾ ਹੋਵੇ। ਜਬਰੇ ਨੇ ਦੂਰੋਂ ਹੀ ਭੱਜੀ-ਭਿੱਜੀ ਅਵਾਜ਼ ਵਿੱਚ ਸਤਿ ਸ੍ਰੀ ਅਕਾਲ ਬੁਲਾਈ ਤੇ ਨਾਲ ਦੀ ਨਾਲ ਪੁੱਛਿਆ, "ਕੁੱਤਾ ਤਾਂ ਨੀਂ ਕੋਈ ਬਾਬਾ?'

‘ਕੁੱਤਾ ਜੇ ਹੋਊ, ਤੈਨੂੰ ਨੀਂ ਵੱਢਦਾ। ਬੇਸੰਸ ਹੋ ਕੇ ਤੁਰਿਆ। ਕਰਮ ਸਿੰਘ ਬੋਲਿਆ। ਜਮਾਂ ਕੋਲ ਆ ਕੇ ਜਬਰੇ ਨੇ ਫੇਰ ਸਤ ਸ੍ਰੀ ਅਕਾਲ ਕਹੀ। ਜਿਵੇਂ ਪਹਿਲਾਂ ਕੋਈ ਕਸਰ ਰਹਿ ਗਈ ਹੋਵੇ। ਇਸ ਵਾਰ ਕਰਮ ਸਿੰਘ ਨੇ ਉਹ ਦੀ ਸਤਿ ਸ੍ਰੀ ਅਕਾਲ ਸੰਵਾਰ ਕੇ ਮੰਨੀ ਤੇ ਪੁੱਛਿਆ, ਐਧਰ-ਕਿੱਧਰ ਫਿਰਦੈ ਓਏ ਤੂੰ?'

‘ਬੱਸ ਬਾਬਾ, ਤੇਰੇ ਕੋਲ ਈ ਆਇਆਂ।'

‘ਮੇਰੇ ਕੋਲ ਪਹਿਲਾਂ ਨਾ ਕਦੇ ਆ ਗਿਆ। ਕੋਈ ਗੱਲ ਹੋਣੀ ਐ ਤਾਂ ਹੀ ਆਇਐਂ ਐਡੀ ਦੂਰ ਚੱਲ ਕੇ।'

‘ਗੱਲ ਤਾਂ ਹੈਗੀ, ਗੱਲ ਵੀ ਦੱਸ ਦਿੰਨੇ ਆਂ।

ਖੜ੍ਹਾ ਕਿਉਂ ਐਂ। ਐਧਰ ਲੱਕੜ ਦੀ ਖੁਰਲੀ ਤੇ ਬੈਠ ਜਾ। ਨਹੀਂ, ਆਹ ਇੱਟ ਲੈ

ਉਹ ਇੱਕ ਡਬਲ ਇੱਟ ’ਤ ਕਰਮ ਸਿੰਘ ਦੇ ਸਾਹਮਣੇ ਬੈਠ ਗਿਆ। ‘ਹਾਂ, ਹੁਣ ਦੱਸ।'

‘ਦੱਸਣਾ ਕੀਹ ਹੈ ਬਾਬਾ, ਇੱਕ ਦਾਣਾ ਨੀਂ ਘਰੇ, ਖਾਣ ਨੂੰ ਇੱਕ ਬੋਰੀ ਕਣਕ ਦੇਹ, ਔਖਾ-ਸੁਖਾਲਾ।

‘ਕਣਕ?' ਕਰਮ ਸਿੰਘ ਗੁੱਝਾ-ਗੁੱਝਾ ਮੁਸਕਰਾਇਆ।

‘ਹਾਂ, ਹੋਰ ਮਖਿਆ, ਬਾਬੇ ਕੋਲ ਚੱਲਦੇ ਆਂ, ਓਹੀ ਪਾਉ ਪੱਲੇ ਖੈਰ।


ਛੱਪੜੀ ਵਿਹੜਾ


101