ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਹੀ ਸ਼ਬਦ ਸੀ। ਉਹ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਾਉਣ ਲੱਗ ਪਿਆ। ਐਵੇਂ ਹੀ ਕੋਈ ਮੁੰਡਾ ਖੜ੍ਹਾ ਹੁੰਦਾ ਤੇ ਮਾਸਟਰਣੀ ਨੂੰ ਜਾ ਕਹਿੰਦਾ-ਭੈਣ ਜੀ, ਮੈਂ ਉਹਦੀ ਕਲਮ ਨੂੰ ਮਾੜਾ ਜਿਹਾ ਹੱਥ ਲਾ ’ਤਾ, ਕਹਿੰਦਾ-ਮੇਰੀ ਸ਼ਿਕਾਇਤ ਜੜੂੰ’ ਜਾਂ ਕੋਈ ਬੈਠਾ-ਬੈਠਾ ਹੀ ਉੱਚੀ ਅਵਾਜ਼ ਵਿੱਚ ਬੋਲਦਾ-ਭੈਣ ਜੀ ਅਹਿਨੇ ਮੇਰੀ ਦਵਾਤ ’ਚੋਂ ਡੋਭਾ ਲੈ ਲਿਆ।'

ਮਾਸਟਰਾਣੀ ਉਨ੍ਹਾਂ ਦੀਆਂ ਸ਼ਿਕਾਇਤਾਂ ਤੋਂ ਅੱਕਦੀ-ਥੱਕਦੀ ਨਹੀਂ। ਉਹ ਹਰ ਕਿਸੇ ਦੀ ਗੱਲ ਸੁਣਦੀ ਤੇ ਜਿਸ ਵਿਰੁੱਧ ਸ਼ਿਕਾਇਤ ਲਾਈ ਗਈ ਹੁੰਦੀ, ਉਹ ਦਾ ਨਾਉਂ ਲੈਂਦੀ-ਇਹ ਦਿਲਜੀਤ, ਸਿੱਧਾ ਹੋ ਕੇ ਬੈਠ।’ ਜਾਂ ‘ਇਹ ਕੁੜੀਏ, ਆਪਣਾ ਕੰਮ ਕਰ। ਤੇ ਜਾਂ ਓਏ ਗੁਰਜੰਟ, ਬੰਦਾ ਬਣ ਜਾ।'

ਵੱਡੀ ਸ਼ਿਕਾਇਤ ਹੁੰਦੀ ਤਾਂ ਮੁੰਡੇ ਦੇ ਕੰਨ ਫੜਾ ਦਿੱਤੇ ਜਾਂਦੇ। ਵੱਡੀ ਸ਼ਿਕਾਇਤ, ਜਿਵੇਂ ਕੋਈ ਮੁੰਡਾ ਕਿਸੇ ਦੂਜੇ ਮੁੰਡੇ ਦੇ ਮੁੱਕੀ ਮਾਰੇ ਤੇ ਉਹ ਰੋਣ ਲੱਗ ਪਵੇ। ਕੋਈ ਦੂਜੀ ਕੁੜੀ ਦੀ ਗੁੱਤ ਖਿੱਚ ਦੇਵੇ, ਉਹਦੇ ਵਾਲ ਪੁੱਟੇ ਜਾਣ 'ਤੇ ਉਹ ਅੱਖਾਂ ਵਿੱਚ ਵੱਡੇ-ਵੱਡੇ ਹੰਝੂ ਭਰ ਕੇ ਭੈਣ ਜੀ ਕੋਲ ਆ ਜਾਵੇ ਤੇ ਰੁਕ-ਰੁਕ ਕੇ ਬੋਲੇ, ਗੁੱਤ ਖਿੱਚਣ ਵਾਲੀ ਕੁੜੀ ਨੂੰ ਉਹਦੇ ਨੰਬਰ ਤੇ ਖੜ੍ਹਾ ਕਰ ਦਿੱਤਾ ਜਾਂਦਾ। ਕੰਨ ਫੜਨ ਵਾਲੀ ਗੱਲ ਵੀ ਬੂਟੇ ਨੂੰ ਦਿਲਚਸਪ ਲੱਗੀ। ਉਹ ਘਰ ਆ ਕੇ ਕੰਨ ਫੜਨ ਦਾ ਅਭਿਆਸ ਕਰਦਾ। ਆਪਣੀ ਮਾਂ ਨੂੰ ਕੰਨ ਫੜ ਕੇ ਦਿਖਾਉਂਦਾ। ਮਾਂ ਹੱਸਦੀ ਤੇ ਕਹਿੰਦੀ-"ਵੇ ਜਾਣਦੇ, ਕਿਹੋ-ਜ੍ਹੀਆਂ ਗੱਲਾਂ ਸਿੱਖ-ਸਿੱਖ ਕੇ ਔਂਦੈ ਖਰੂਦੀ। ਓਥੇ ਏਹੀ ਸਖੌਦੀਆਂ ਨੇ ਤੇਰੀਆਂ ਭੈਣ ਜੀਆਂ?'

ਸਕੂਲ ਵਿੱਚ ਮੁੰਡੇ-ਕੁੜੀਆਂ ਦਾ ਲੜਨਾ-ਝਗੜਨਾ ਵੀ ਅਜੀਬ ਢੰਗ ਦਾ ਸੀ। ਕੋਈ ਮੁੰਡਾ ਕਿਸੇ ਮੁੰਡੇ ਨਾਲ ਆਪਣੇ ਭਾਈਚਾਰਕ ਸਬੰਧ ਤੋੜ ਲੈਣਾ ਚਾਹੁੰਦਾ ਤਾਂ ‘ਦੋ ਕਰ ਦਿੰਦਾ। ਕਿਸੇ ਮੁੰਡੇ ਨੇ ਇੰਝ ਦੁਜੇ ਮੁੰਡੇ ਸਾਹਮਣੇ ਦੋ ਉਂਗਲਾਂ ਖੜੀਆਂ ਕੀਤੀਆਂ ਨਹੀਂ ਤੇ ਸਬੰਧ ਖ਼ਤਮ ਹੋਏ ਨਹੀਂ। ਇਹ ‘ਦੋ ਕਰ ਦੇਣਾ ਬਹੁਤ ਵੱਡੀ ਬਾਈਕਾਟ ਸੀ। ਜਿਨ੍ਹਾਂ ਦੀ ‘ਦੋ ਕੀਤੀ ਹੁੰਦੀ, ਉਹ ਇੱਕ-ਦੂਜੇ ਦਾ ਨਾਉਂ ਤੱਕ ਵੀ ਨਾ ਲੈਂਦੇ। ਨਾਉਂ ਲੈਣ ਨਾਲ ਦੋ ਟੁੱਟ ਜਾਂਦੀ ਤੇ ਉਨ੍ਹਾਂ ਦੀ ਆਪਣੇ-ਆਪ ਹੀ ਦੁਬਾਰਾ ਆੜੀ ਪੈ ਜਾਂਦੀ। ਕਦੇ-ਕਦੇ ਤਾਂ ਇਹ ‘ਦੋਂ ਤੁੜਵਾਉਣ ਲਈ ਦੂਜੇ ਮੁੰਡੇ ਵੀ ਕੋਸ਼ਿਸ਼ ਕਰਦੇ। ਕੁੜੀਆਂ ਦੀ ਵੀ ਆਪਸ ਵਿੱਚ ਹੁੰਦੀ ਰਹਿੰਦੀ।

ਬੂਟੇ ਦੇ ਭੈਣ ਜੀ ਸਵੇਰੇ ਹੀ ਨਵਾਂ ਸਬਕ ਪੜ੍ਹਾਉਂਦੇ ਤੇ ਉਸਨੂੰ ਖੜ੍ਹਾ ਹੋ ਕੇ ਯਾਦ ਕਰਨ ਲਈ ਕਹਿੰਦੇ। ਉਹ ਖੜ੍ਹੇ ਰਹਿੰਦੇ, ਯਾਦ ਕਰਦੇ ਰਹਿੰਦੇ। ਕੋਈ ਮੁੰਡਾ ਸਬਕ ਯਾਦ ਨਾ ਕਰ ਰਿਹਾ ਹੁੰਦਾ ਤੇ ਹੋਰ ਪਾਸੇ ਝਾਕਦਾ ਤਾਂ ਭੈਣ ਜੀ ਉਹਨੂੰ ਘੂਰਦੇ। ਉਹ ਦੁਬਾਰਾ ਉੱਚੀ-ਉੱਚੀ ਬੋਲਣ ਲੱਗ ਪੈਂਦਾ।ਤੇ ਫੇਰ ਜਦੋਂ ਬਹੁਤਿਆਂ ਦੇ ਸਬਕ ਯਾਦ ਹੋ ਜਾਂਦਾ, ਭੈਣ ਜੀ ਸਭ ਨੂੰ ਬਿਠਾ ਦਿੰਦੇ ਤੇ ਮਨੀਟਰ ਮੁੰਡੇ ਤੋਂ ਆਪ ਸੁਣਦੇ ਤੇ ਫੇਰ ਓਸ ਮਨੀਟਰ ਮੁੰਡੇ ਨੂੰ ਕਹਿੰਦੇ ਕਿ ਸਭ ਤੋਂ ਉਹ ਇਕੱਲਾ-ਇਕੱਲਾ ਕਰਕੇ ਇਹੀ ਸਬਕ ਸੁਣੇ। ਮਨੀਟਰ ਇੱਕ ਮੁੰਡੇ ਨੂੰ ਖੜ੍ਹਾ ਕਰਕੇ ਸਬਕ ਸੁਣਦਾ, ਯਾਦ ਹੁੰਦਾ ਤਾਂ ਬਿਠਾ ਦਿੰਦਾ, ਨਾ ਯਾਦ ਹੁੰਦਾ ਤਾਂ ਖੜ੍ਹਾ ਰਹਿਣ ਦਿੰਦਾ, ਜਿੰਨੇ ਮੁੰਡੇ-ਕੁੜੀਆਂ ਖੜ੍ਹੇ ਹੁੰਦੇ, ਉਨ੍ਹਾਂ ਨੂੰ ਦੁਬਾਰਾ ਯਾਦ ਕਰਕੇ ਸੁਣਾਉਣ ਲਈ ਆਖਿਆ ਜਾਂਦਾ। ਉਹ ਉੱਚੀ-ਉੱਚੀ ਬੋਲ ਕੇ ਯਾਦ

104

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ