ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕਰਦੇ ਤੇ ਫੇਰ ਮਨੀਟਰ ਤੇ ਦੂਜੇ ਮੁੰਡੇ-ਕੁੜੀਆਂ ਨੂੰ ਸੁਣਾਉਂਦੇ। ਇਸ ਵਾਰ ਵੀ ਜਿਸ ਦੇ ਯਾਦ ਨਾ ਹੁੰਦਾ, ਉਨ੍ਹਾਂ ਦੇ ਕੰਨ ਫੜਾ ਦਿੱਤੇ ਜਾਂਦੇਨਹੀਂ ਤਾਂ ਦੂਜੇ ਮੁੰਡੇ-ਕੁੜੀਆਂ ਵੱਲੋਂ ਛੂਹੀਆਂ ਵਿੱਚ ਮੁੱਕੀਆਂ ਲਵਾਈਆਂ ਜਾਂਦੀਆਂ। ਕਦੇ-ਕਦੇ ਭੈਣ ਜੀ ਆਪ ਵੀ ਕੁੱਟਦੇ। ਮੁੱਕੀਆਂ-ਥੱਪੜ ਉਹ ਘੱਟ ਹੀ ਮਾਰਦੇ। ਇਸ ਤਰ੍ਹਾਂ ਮਾਰਨ ਨਾਲ ਤਾਂ ਉਨ੍ਹਾਂ ਦਾ ਹੱਥ ਥੱਕ ਜਾਂਦਾ ਸੀ ਤੇ ਦਰਦ ਕਰਨ ਲੱਗਦਾ ਸੀ। ਉਹ ਕੋਈ ਡੰਡਾ ਮੰਗਵਾਉਂਦੇ ਤੇ ਮੁੰਡੇ ਕੁੜੀਆਂ ਦੇ ਹੱਥਾਂ 'ਤੇ ਮਾਰਦੇ। ਇੱਕ ਡੰਡਾ ਉਸ ਹੱਥ ’ਤੇ, ਇੱਕ ਡੰਡਾ ਉਸ ਹੱਥ ’ਤੇ।

ਸਬਕ ਦੇ ਕੰਮ ਤੋਂ ਬਾਅਦ ਫੱਟੀਆਂ ਉਕੇਰੀਆਂ ਜਾਂਦੀਆਂ। ਇਕੱਲੀ-ਇਕੱਲੀ ਫੱਟੀ 'ਤੇ ਪੈਨਸਿਲ ਨਾਲ ਭੈਣ ਜੀ ਨਵੇਂ ਅੱਖਰ ਉਕੇਰ ਦਿੰਦੇ ਤੇ ਵਿਦਿਆਰਥੀ ਉਨ੍ਹਾਂ ਤੇ ਸਿਆਹੀ ਫੇਰ-ਫੇਰ ਲਿਖਦੇ। ਅੱਧੀ ਛੁੱਟੀ ਤੋਂ ਬਾਅਦ ਪਹਾੜੇ ਯਾਦ ਕੀਤੇ ਜਾਂਦੇ। ਇੰਝ ਇਹ ਇੱਕ ਨਵਾਂ ਹੀ ਜੀਵਨ ਸੀ, ਜਿਸ ਨੂੰ ਬੂਟਾ ਬੜਾ ਹੀ ਪਸੰਦ ਕਰਦਾ। ਉਹਦੇ ਹਮੇਸ਼ਾ ਹੀ ਸਬਕ ਯਾਦ ਹੁੰਦਾ। ਉਹ ਵਧੀਆ ਫੱਟੀ ਲਿਖਦਾ ਤੇ ਕਾੜ-ਕਾੜ ਪਹਾੜੇ ਸੁਣਾਉਂਦੇ।

11

ਬੂਟਾ ਤਿੰਨ ਜਮਾਤਾਂ ਪਾਸ ਕਰ ਚੁੱਕਿਆ ਸੀ। ਹੁਣ ਉਹ ਚੌਥੀ ਜਮਾਤ ਵਿੱਚ ਦਾਖ਼ਲ ਹੋ ਗਿਆ ਸੀ ਤੇ ਨਵੀਆਂ ਕਿਤਾਬਾਂ ਪੜ੍ਹਨ ਲਈ ਛਾਲਾਂ ਮਾਰਦਾ ਸੀ। ਲੱਗਭਗ ਸਾਰੇ ਮੁੰਡੇ-ਕੁੜੀਆਂ ਨੇ ਨਵੇਂ ਕੱਪੜੇ ਪਹਿਨੇ ਹੋਏ ਸਨ। ਜੱਟਾਂ-ਜ਼ਿਮੀਦਾਰਾਂ ਦੇ ਮੁੰਡਿਆਂ ਨੇ ਆਪਣੀਆਂ ਨਵੀਂਆਂ ਕਿਤਾਬਾਂ-ਕਾਪੀਆਂ ਖਰੀਦ ਲਈਆਂ ਸਨ। ਮਜ਼ਹਬੀ ਰਾਮਦਾਸੀਆਂ ਦੇ ਮੁੰਡਿਆਂ ਨੂੰ ਕਿਤਾਬਾਂ-ਕਾਪੀਆਂ ਸਰਕਾਰ ਵੱਲੋਂ ਮਿਲਣੀਆਂ ਸਨ। ਮਤਲਬ ਕਿ ਸਕੂਲ ਵੱਲੋਂ ਮਿਲਣੀਆਂ ਸਨ, ਇਸ ਲਈ ਅਜਿਹੇ ਵਿਦਿਆਰਥੀ ਅਜੇ ਖ਼ਾਲੀ ਬਸਤਿਆਂ ਨਾਲ ਹੀ ਸਕੂਲ ਆਉਂਦੇ। ਦੂਜੇ ਮੁੰਡਿਆਂ ਦੀਆਂ ਕਿਤਾਬਾਂ ਤੇ ਪੜ੍ਹਦੇ। ਮਜ਼ਹਬੀ-ਰਾਮਦਾਸੀਆਂ ਦੇ ਮੁੰਡਿਆਂ ਨੂੰ ਭੈਣ ਜੀ ਨੇ ਕਿਹਾ ਸੀ ਕਿ ਉਹ ਹਾਲੇ ਇੱਕ-ਇੱਕ ਕਾਪੀ ਪੰਜਾਬੀ, ਹਿੰਦੀ ਤੇ ਹਿਸਾਬ ਦੇ ਸਵਾਲਾਂ ਲਈ ਮੁੱਲ ਲੈ ਲੈਣ। ਸਕੂਲ ਵੱਲੋਂ ਥੋੜੇ ਦਿਨ ਠਹਿਰ ਕੇ ਉਨ੍ਹਾਂ ਨੂੰ ਹੋਰ ਕਾਪੀਆਂ ਦੇ ਦਿੱਤੀਆਂ ਜਾਣਗੀਆਂ ਅਤੇ ਸਾਰੀਆਂ ਕਿਤਾਬਾਂ ਵੀ।

ਬੂਟੇ ਦੀ ਮਾਂ ਨੇ ਉਹਨੂੰ ਬੋਸ਼ਕੀ ਦਾ ਨਵਾਂ ਕੁੜਤਾ ਤੇ ਮੈਲੇ ਲੱਠੇ ਦਾ ਇੱਕ ਪਜਾਮਾ ਸਿਲਾ ਦਿੱਤਾ। ਪੈਰਾਂ ਲਈ ਕਾਲੀ ਕੁਰਮ ਦੇ ਜੋੜੇ ਵੀ ਲੈ ਦਿੱਤੇ। ਪੱਗ ਵੱਲੋਂ ਉਹ ਆਪਣੀ ਮਾਂ ਦਾ ਨਵਾਂ ਦੁਪੱਟਾ ਬੰਨ੍ਹ ਲੈਂਦਾ। ਇਹ ਦੁਪੱਟਾ ਜਾਲਖਾ ਜਿਹਾ ਸੀ। ਨਵੇਂ ਨਵੇਂ ਨੂੰ ਮਾਵਾਂ ਵੀ ਸੀ। ਸੋ, ਬਟੇ ਨੂੰ ਤਾਂ ਇਹੀ ਵਧੀਆ ਲੱਗਦਾ। ਨਵੀਂ ਪੱਗ ਖਰੀਦਣ ਲਈ ਉਨ੍ਹਾਂ ਵਿੱਚ ਪਰੋਖੋਂ ਨਹੀਂ ਸੀ। ਨਵੀਂ ਪੱਗ 'ਤੇ ਤਾਂ ਬਹੁਤ ਪੈਸੇ ਲੱਗੇ ਜਾਣੇ ਸਨ। ਮਾਂ ਦੇ ਦੁਪੱਟੇ ਨਾਲ ਹੀ ਘਰੋਂ ਸਰ ਗਿਆ। ਬੂਟਾ ਖ਼ੁਸ਼ ਸੀ। ਦੂਜੇ ਵੱਡੇ ਮੁੰਡਿਆਂ ਦੇ ਦੇਖਾ ਦੇਖੀ ਪੱਗ ਦਾ ਟੂਚ ਕੱਢ ਕੇ ਜਾਂਦਾ ਤਿੱਖੀ ਨੋਕ ਰੱਖ ਕੇ।

ਜਬਰੇ ਨੂੰ ਬੂਟੇ ਦੇ ਪੜ੍ਹਨ ਦਾ ਬਹੁਤ ਚਾਅ ਸੀ। ਮੁਖਤਿਆਰੋ ਤਾਂ ਬੇਹੱਦ ਹੀ ਖ਼ੁਸ਼ ਸੀ ਕਿ ਉਹਦਾ ਪੁੱਤ ਸਕੂਲ ਪੜ੍ਹਨ ਜਾਂਦਾ ਹੈ ਤੇ ਸਰਦਾਰਾਂ ਦੇ ਕਾਕਿਆਂ ਵਾਂਗ ਤੁਰਦਾ


ਛੱਪੜੀ ਵਿਹੜਾ


105