ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਹੈ। ਜਬਰਾ ਸੋਚਦਾ, ਬੂਟਾ ਸੱਤ ਸਾਲਾਂ ਨੂੰ ਦਸਵੀਂ ਪਾਸ ਕਰ ਜਾਵੇਗਾ। ਦਸਵੀਂ ਪਾਸ ਕਰਨ ਬਾਅਦ ਉਹ ਕਿਧਰੇ ਸਰਕਾਰੀ ਨੌਕਰੀ ਵਿੱਚ ਅੜ੍ਹਕ ਜਾਵੇਗਾ। ਬੂਟਾ ਸਰਕਾਰੀ ਨੌਕਰੀ 'ਤੇ ਹੋ ਗਿਆ ਤਾਂ ਉਹ ਘਰ ਦੀ ਸਾਰੀ ਕਬੀਲਦਾਰੀ ਸੰਭਾਲ ਲਵੇਗਾ। ਜਬਰਾ ਸੁਪਨੇ ਲੈਂਦਾ ਕਿ ਜਦੋਂ ਬੂਟਾ ਘਰ ਤਨਖ਼ਾਹ ਲਿਆਉਣ ਲੱਗ ਪਿਆ ਤਾਂ ਉਹ ਆਪ ਸੜਕ ਦੀ ਬੇਲਦਾਰੀ ਛੱਡ ਦੇਵੇਗਾ। ਮੌਜਾਂ ਨਾਲ ਘਰ ਬੈਠਿਆ ਕਰੇਗਾ। ਇੱਕ ਮੱਝ ਰੱਖ ਛੱਡਿਆ ਕਰੇਗਾ। ਮੱਝ ਦੀ ਸੇਵਾ-ਸੰਭਾਲ 'ਤੇ ਹੀ ਰਹੇਗਾ। ਬੂਟੇ ਨੂੰ ਵਿਆਹ ਲਵੇਗਾ। ਸਾਰਾ ਟੱਬਰ ਮੱਝ ਦਾ ਡੱਕਵਾਂ ਦੁੱਧ ਪੀਵੇਗਾ ਤੇ ਮੱਖਣੀ ਖਾਵੇਗਾ। ਸਾਰੇ ਰੰਗ-ਭਾਗ ਲੱਗ ਜਾਣਗੇ। ਉਹ ਸਮਝਦਾ, ਬੱਸ ਹੁਣ ਇਹ ਸੱਤ-ਅੱਠ ਸਾਲ ਦੀ ਔਖਿਆਈ ਹੈ।

ਇਨ੍ਹਾਂ ਤਿੰਨਾਂ ਸਾਲਾਂ ਵਿੱਚ ਕਰਮ ਸਿੰਘ ਦਾ ਉਹਨੇ ਇੱਕ ਪੈਸਾ ਵੀ ਨਹੀਂ ਮੋੜਿਆ ਸੀ। ਛੇ ਮਹੀਨਿਆਂ ਪਿੱਛੋਂ ਕਰਮ ਸਿੰਘ ਹਿਸਾਬ ਕਰਦਾ, ਵਿਆਜ ਦੇ ਪੈਸੇ ਲੱਗ ਕੇ ਰਕਮ ਵਧ ਜਾਂਦੀ। ਜਬਰਾ ਚੁੱਪ ਕੀਤਾ ਹੀ ਗੂਠਾ ਲਾ ਦਿੰਦਾ। ਹਿਸਾਬ ਕਰਨ ਵੇਲੇ ਕਰਮ ਸਿੰਘ ਮਲਵੀਂ ਜਿਹੀ ਜੀਭ ਨਾਲ ਕਹਿੰਦਾ-ਜਬਰ ਸਿਆਂ ਵਿਆਜ ਦੀ ਰਕਮ ਤਾਂ ਮੋੜ ਦਿਆ ਕਰ, ਅਸਲ ਰਕਮ ਜਦੋਂ ਹੋਈ, ਓਦੋਂ ਤਾਰ ਦੀ।

ਜਬਰਾ ਖੁੱਸੇ-ਖੁੱਸੇ ਹੌਸਲੇ ਨਾਲ ਜਵਾਬ ਦਿੰਦਾ-ਰਕਮ ਤਾਂ ਜਿੱਦੋਂ ਮੋੜੀ ਸਰਦਾਰ ਜੀ, ਹੁਣ ਕੱਠੀ ਈ ਮੋੜਾਂਗੇ। ਬੱਸ ਦੰਦਾਂ 'ਚ ਜੀਭ ਐ। ਸਭ ਲਾਹ ਦਿਆਂਗੇ।

ਉਹ ਬਹੁਤ ਕੋਸ਼ਿਸ਼ ਕਰਦਾ ਕਿ ਕਰਮ ਸਿੰਘ ਦਾ ਪੈਸਾ ਕਿਵੇਂ ਨਾ ਕਿਵੇਂ ਮੋੜ ਦਿੱਤਾ ਜਾਵੇ। ਇਹ ਤਾਂ ਵਧਦਾ ਹੀ ਵਧਦਾ ਜਾ ਰਿਹਾ ਹੈ। ਇੱਕ ਦਿਨ ਅਜਿਹਾ ਆਵੇਗਾ ਜਦੋਂ ਉਹ ਐਨੀ ਰਕਮ ਮੋੜਨ ਲਈ ਸੋਚ ਤੱਕ ਨਹੀਂ ਸਕੇਗਾ। ਉਹਨੂੰ ਚੰਗਾ ਭਲਾ ਪਤਾ ਸੀ ਕਿ ਕਰਮ ਸਿੰਘ ਜਾਣ-ਬੁੱਝ ਕੇ ਰਕਮ ਵਧਾ ਰਿਹਾ ਹੈ। ਇਕੱਲਾ ਵਿਆਜ ਮੋੜਨ ਲਈ ਤਾਂ ਉਹ ਐਵੇਂ ਸੁਲਾਹ ਮਾਰਿਆ ਕਰਦਾ ਹੈ। ਇਹੀ ਲੁੱਟਣ-ਖਾਣ ਦੇ ਢੰਗ ਹੁੰਦੇ ਨੇ ਇਨ੍ਹਾਂ ਲੋਕਾਂ ਦੇ। ਜੁਆਲਾ ਸ਼ਾਹ ਤੇ ਕਰਮ ਸਿੰਘ ਵਿੱਚ ਭੋਰਾ ਵੀ ਫ਼ਰਕ ਨਹੀਂ। ਤਿੰਨਾਂ ਸਾਲਾਂ ਵਿੱਚ ਦੁੱਗਣੇ ਪੈਸੇ ਹੋ ਗਏ ਸਨ। ਵਿਆਜ ਲੱਗਦਾ ਤੇ ਅਗਲੀ ਵਾਰ ਪਹਿਲੀ ਰਕਮ ਅਸਲ ਰਕਮ ਗਿਣ ਲਈ ਜਾਂਦੀ। ਇਸ ਵਧ ਰਹੀ ਰਕਮ ਦਾ ਝੋਰਾ ਜਬਰੇ ਦੇ ਹੱਡਾਂ ਨੂੰ ਲੱਕੜ ਦੇ ਘੁਣ ਵਾਂਗ ਖਾ ਰਿਹਾ ਸੀ।

ਹੋਰ ਕੋਈ ਕਮਾਈ ਨਹੀਂ ਸੀ। ਬੱਸ ਇੱਕ ਸੜਕ ਹੀ ਸੜਕ ਸੀ। ਸੜਕ ਦੀ ਤਨਖ਼ਾਹ ਆਉਂਦੀ ਤੇ ਉਨ੍ਹਾਂ ਦਾ ਜੂਨ-ਗੁਜ਼ਾਰਾ ਜਿਹਾ ਹੋਈ ਜਾਂਦਾ। ਵੱਧ ਤੋਂ ਵੱਧ ਬੂਟੇ ਦੀ ਮਾਂ ਪਿੰਡ ਵਿੱਚ ਜ਼ਿਮੀਦਾਰਾਂ ਦੇ ਘਰਾਂ ਦਾ ਕੰਮ ਕਰ ਆਉਂਦੀ ਤੇ ਨਿੱਕ-ਸੁੱਕ ਜਿਹਾ ਮਿਲ ਜਾਂਦਾ। ਕੋਈ ਆਟਾ ਦੇ ਦਿੰਦਾ, ਕੋਈ ਦਾਣੇ, ਕੋਈ ਗੁੜ ਤੇ ਕੋਈ-ਕੋਈ ਘਰ ਦੋ-ਚਾਰ ਰੁਪਏ ਵੀ। ਛੱਤਾਂ ਨੂੰ ਤਲੀਆਂ ਦੇਣ, ਕੰਧਾਂ ਤੇ ਪਾਂਡੂ ਦਾ ਰੋਲਾ, ਮਿੱਟੀ ਦੇ ਚੁੱਲ੍ਹੇ, ਹਾਰੇ, ਚਾਪੜ, ਕੰਧੋਲੀਆਂ ਤੇ ਗੁਹਾਰੇ ਆਦਿ ਦਾ ਸਾਰਾ ਕੰਮ ਉਹ ਕਰਦੀ। ਉਹਨੂੰ ਇੱਕੋ ਹੌਸਲਾ ਸੀ ਕਿ ਉਸ ਦਾ ਪੁੱਤ ਪੜ੍ਹ ਰਿਹਾ ਹੈ। ਦਸਵੀਂ ਜਮਾਤ ਪਾਸ ਕਰਕੇ ਕੋਈ ਸਰਕਾਰੀ ਨੌਕਰੀ ਲਵੇਗਾ। ਜਬਰੇ ਵਾਂਗ ਉਹ ਵੀ ਸੋਚਦੀ ਕਿ ਜਦੋਂ ਉਹ ਦਾ ਬੂਟਾ ਕਿਸੇ ਸਰਕਾਰੀ ਨੌਕਰੀ 'ਤੇ ਹੋ ਗਿਆ ਤੇ ਵਿਆਹਿਆਂ ਗਿਆ, ਉਹਦੇ ਘਰ ਨੂੰਹ ਆ ਗਈ ਤਾਂ ਉਹ ਲੋਕਾਂ ਦੇ ਘਰਾਂ ਦਾ ਇਹ ਗੋਲਾ-ਧੰਦਾ ਛੱਡ ਦੇਣਗੇ। ਆਪਣੀ ਨੂੰਹ ਤੋਂ ਇਹ


106

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ