ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/107

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕੰਮ ਬਿਲਕੁਲ ਨਹੀਂ ਕਰਵਾਏਗੀ। ਇਹ ਕਿਤੇ ਸੌਖਾ ਕੰਮ ਥੋੜਾ ਸੀ। ਆਪਣੇ ਘਰ ਦਾ ਰੋਟੀ-ਟੁੱਕ ਨਿਬੇੜ ਕੇ ਉਹ ਛੇਤੀ-ਛੇਤੀ ਲੋਕਾਂ ਦੇ ਘਰਾਂ ਵਿੱਚ ਜਾਂਦੀ ਤੇ ਮਸ਼ੀਨ ਵਾਂਗ ਕੰਮ ਕਰਨ ਲੱਗਦੀ। ਉਹਦਾ ਸਿਰ ਦੁਖਦਾ ਹੁੰਦਾ, ਵੱਖੀ ਵਿੱਚ ਦਰਦ ਹੁੰਦਾ ਜਾਂ ਉਂਝ ਹੀ ਕਿਵੇਂ ਚਿੱਤ ਢਿੱਲਾ ਹੁੰਦਾ, ਉਹ ਅਗਲੇ ਦੇ ਘਰੋਂ ਬੱਸ ਤੱਤੀ-ਤੱਤੀ ਚਾਹ ਪੀਂਦੀ ਤੇ ਕੰਮ ਜੁਟ ਜਾਂਦੀ।

12

ਇਸ ਵਾਰੀ ਹਾੜ੍ਹੀ ਨੂੰ ਹਿਸਾਬ ਕਰਨ ਲਈ ਕਰਮ ਸਿੰਘ ਨੇ ਜਬਰੇ ਨੂੰ ਚਰਨੀ ਦੀ ਹੱਟ ਤੇ ਬੁਲਾਇਆ। ਹਿਸਾਬ ਕਰਨ ਤੋਂ ਪਹਿਲਾਂ ਉਹ ਖ਼ੁਦ ਵੀ ਜਬਰੇ ਦੇ ਘਰ ਤਿੰਨ ਵਾਰੀ ਜਾ ਆਇਆ। ਉਹ ਇੱਕ ਵਾਰ ਵੀ ਨਹੀਂ ਮਿਲਿਆ। ਮੁਖਤਿਆਰੋ ਹੀ ਜਵਾਬ ਸਵਾਲ ਕਰਦੀ। ਕਹਿੰਦੀ, "ਉਹ ਆਪ ਈ ਆਜੂ ਜੀ, ਥੋਡੇ ਕੋਲ। ਜਦੋਂ ਲਏ ਨੇ, ਖ਼ਰੇ ਦੁੱਧ ਅਰਗੇ ਦੇਣੇ ਐਂ। ਲੇਖਾ ਮਾਵਾਂ-ਧੀਆਂ ਦਾ, ਜਿਹੜਾ ਦੇਣੈ, ਦੇਣਾ ਈ ਐ। ਰੱਬ ਅੱਗੇ ਜਾਨ ਦੇਣੀ ਐਂ।’ ਕਰਮ ਸਿੰਘ ਚਾੜ੍ਹ ਕੇ ਕਹਿੰਦਾ-ਐਤਕੀਂ ਹਿਸਾਬ ਕਰਨ ਨਾਲ ਨੀਂ ਸਰਨਾ। ਐਤਕੀਂ ਥੋੜਾ-ਬਹੁਤਾ ਬਹੁਤਾ ਦਿਓ ਵੀ। ਕੁਝ ਤਾਂ ਹੱਥ-ਪੱਲਾ ਝਾੜੋ।'

ਮੁਖਤਿਆਰੋ ਦੇਖਦੀ। ਹਰ ਵਾਰ ਉਹਦੀ ਨਿਗਾਹ ਉਨ੍ਹਾਂ ਦੇ ਘਰ ਖੜੀ ਤੀਜੇ ਸੂਏ ਸੂਈ ਗਾਂ ਵੱਲ ਉੱਠ ਜਾਂਦੀ। ਗਾਂ, ਜੀਹਦੇ ਮਗਰ ਦੋ ਮਹੀਨਿਆਂ ਦਾ ਵੱਛਾ ਸੀ। ਇੱਕ ਤੁਰਦੀ-ਫਿਰਦੀ ਅਵਾਰਾ ਵੱਛੀ ਜਬਰੇ ਨੇ ਘਰ ਲਿਆ ਬੰਨ੍ਹੀ। ਸੜਕ ਤੋਂ ਆਉਂਦਾ ਉਹਦੇ ਲਈ ਥੋੜ੍ਹਾ-ਮੋਟਾ ਹਰਾ ਉਹ ਕਿਤੋਂ ਨਾ ਕਿਤੋਂ ਲੈ ਆਉਂਦਾ। ਕਦੇ ਕਿਧਰੋਂ ਤੂੜੀ ਦੀ ਪੰਡ ਵੀ। ਵੱਛੀ ਘਰ ਵਿੱਚ ਹੀ ਬੰਨ੍ਹੀ ਰਹਿੰਦੀ। ਮੁਖਤਿਆਰੋ ਧੀਆਂ ਵਾਂਗ ਉਹ ਦੀ ਪਾਲਣਾ ਕਰਦੀ। ਤਿੰਨੇ ਸਏ ਉਹ ਉਨ੍ਹਾਂ ਦੇ ਘਰ ਹੀ ਸੂਈ। ਤਿੰਨੇ ਵਾਰ ਵੱਛੇ ਦਿੱਤੇ। ਕਰਮਾਂ ਵਾਲੀ ਗਾਂ ਸੀ। ਪਹਿਲੇ ਦੋਵੇਂ ਵੱਛੇ ਵੀ ਉਨ੍ਹਾਂ ਦੇ ਕੋਲ ਹੀ ਸਨ। ਵੱਡਾ ਵੱਛਾ ਤਾਂ ਚੰਗੇ ਪੈਸੇ ਵਟਾਉ ਸੀ। ਪੂਰਾ ਵਹਿੜਕਾ ਬਣ ਗਿਆ।

ਜਬਰਾ ਆਥਣੇ ਚਰਨੀ ਦੀ ਹੱਟ ਤੇ ਗਿਆ। ਉਸ ਦਿਨ ਉਹ ਸਦੇਹਾਂ ਹੀ ਸੜਕ ਤੋਂ ਆ ਗਿਆ ਸੀ। ਮੁਖਤਿਆਰੋ ਨੇ ਉਹਨੂੰ ਪੂਰਾ ਤਾੜ ਕੇ ਆਖਿਆ ਕਿ ਉਹ ਉਸ ਦਿਨ ਚਰਨੀ ਦੀ ਹੱਟ ’ਤੇ ਆਥਣੇ ਜ਼ਰੂਰ ਜਾਵੇ, ਨਹੀਂ ਤਾਂ ਜੱਟ ਲਾਹੁਣ-ਚਾਹਣ ਕਰੇਗਾ।

ਕਰਮ ਸਿੰਘ ਪਹਿਲਾਂ ਤਾਂ ਉਹਦਾ ਹਾਲ-ਚਾਲ ਜਿਹਾ ਪੁੱਛਣ ਲੱਗਿਆ।ਜਬਰਾ ਦੇਹਲੀਆਂ ਤੋਂ ਬਾਹਰ ਹੀ ਪੈਰਾਂ ਭਾਰ ਬੈਠਾ ਹੋਇਆ ਸੀ। ਕਰਮ ਸਿੰਘ ਬਹੀ ਦੀ ਡੋਰ ਖੋਲ੍ਹਣ ਲੱਗਿਆ ਤਾਂ ਚਰਨੀ ਨੇ ਜਬਰੋ ਨੂੰ ਦੇਹਲੀ ਅੰਦਰ ਆ ਕੇ ਬੈਠਣ ਲਈ ਆਖਿਆ। ਬਹੀ ਖੋਲ੍ਹ ਕਰਮ ਸਿੰਘ ਨੇ ਚਰਨੀ ਮੂਹਰੇ ਰੱਖ ਦਿੱਤੀ ਤੇ ਕਿਹਾ, "ਲੈ ਬਈ ਸੇਠਾ, ਪਿਛਲਾ ਸ਼ਾਬ ਵੀ ਦੱਸਦੇ ਇਹਨੂੰ। ਹੁਣ ਤਾਈ ਦਾ ਪੂਰਾ ਟੋਟਰ ਕਰਦੇ। ਇਹ ਨੂੰ ਸ਼ੱਕ ਨਾ ਰਹਿ ਜੇ ਕੋਈ।'

‘ਸ਼ੱਕ ਨੂੰ ਤਾਂ ਕੀਹ ਐ, ਬਾਬਾ ਕਰਮ ਸਿਆਂ। ਜਿੰਨੇ ਬਣਗੇ ਠੀਕ ਹੈ। 'ਕੱਲੀ ਟਿੰਘ ਆਂ, ਕੋਈ ਸਹਾਰਾ ਹੁੰਦਾ ਤਾਂ ਐਥੇ ਤਾਈ ਕਾਹਨੂੰ ਪਹੁੰਚਦੀ ਗੱਲ। ਤੇਰੇ ਵੀ ਭਾਈ ਸ਼ਾਬਾਸੋ, ਐਨੇ ਸਾਲ ਜਰਾਂਦ ਰੱਖੀ। ਥੋੜਾ ਚਿਰ ਹੋਰ ਲੰਘਾ ਦੇ ਹੁਣ। ਜਬਰਾ ਕਹਾਣੀ ਜਿਹੀ ਪਾਉਣ ਲੱਗਾ।


ਛੱਪੜੀ ਵਿਹੜਾ

107