ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 "ਹੋਰ ਲਾਂਘਾ ਲੰਘਣ ਦੀ ਖ਼ੁਸ਼ੀ ਸੋਚ ਹੁਣ, ਜਬਰ ਸਿਆਂ। ਐਤਕੀਂ ਤਾਂ ਨਬੇੜ ਦੇ ਬੱਸ। ਆਹ ਹੁਣ ਸੇਠ ਸ਼ਾਬ ਕਰ ਦਿੰਦੈ, ਤੈਨੂੰ ਦੱਸ ਦਿੰਦੈ, ਡੱਕੋ-ਭਾਲ। ਐਤਕੀਂ ਤਾਂ ਕਿਵੇਂ ਕਰ। ਔਖਾ ਹੋ, ਸੁਖਾਲਾ ਹੋ। ਮੈਂ ਤਾਂ ਬਿਆਨਾ ਫੜਾਈ ਬੈਠਾ, ਭੌਇ ਦਾ ਸੌਦਾ ਹੋਗਿਐ। ਰਕਮ ਕੱਠੀ ਕਰਨੀ ਐ। ਨਹੀਂ ਤਾਂ ਐਵੇ ਕਹਿੰਦਾ ਨੀਂ ਸੀ ਮੈਂ ਤੈਨੂੰ। ਕਰਮ ਸਿੰਘ ਕਰੜਾ ਹੋ ਕੇ ਕਹਿ ਰਿਹਾ ਸੀ।

ਉਹਦੀ ਗੱਲ ਖਚਰੀ ਸੀ। ਜਿਸ ਨੂੰ ਜਬਰਾ ਸਮਝਦਾ ਸੀ ਤੇ ਨਹੀਂ ਵੀ। ਖ਼ੈਰ, ਉਸ ਨੇ ਤਾਂ ਰਕਮ ਦੇਣੀ ਸੀ। ਇਹ ਦਿੱਤੇ ਬਗੈਰ ਤਾਂ ਖਹਿੜਾ ਨਹੀਂ ਛੁਟਣਾ ਸੀ। ਚਰਨੀ ਨੇ ਹਿਸਾਬ ਕੀਤਾ ਤੇ ਠੋਕ-ਵਜਾਕੇ ਦੱਸਿਆ ਕਿ ਸਣੇ ਵਿਆਜ ਹੁਣ ਤੱਕ ਕੁੱਲ ਛੇ ਸੌ ਰੁਪਏ ਬਣਦਾ ਹੈ।ਜਬਰੇ ਦਾ ਮੂੰਹ ਖੁੱਲ੍ਹਦਾ ਖੁੱਲ੍ਹਾ ਰਹਿ ਗਿਆ। ਜਿਵੇਂ ਚਰਨੀ ਨੇ ਝੂਠ ਮਾਰਿਆ ਹੋਵੇ। ਉਹ ਹੈਰਾਨ ਹੋਇਆ ਕਿ ਥੋੜੇ ਦਿਨਾਂ ਵਿੱਚ ਹੀ ਇਹ ਦੁੱਗਣੀ ਰਕਮ ਹੋ ਗਈ ਹੈ। ਉਹਨੂੰ ਤਾਂ ਇਹ ਚੇਤਾ ਨਹੀਂ ਸੀ ਕਿ ਇਹ ਥੋੜੇ ਦਿਨ ਤਿੰਨ ਸਾਲਾਂ ਦਾ ਲੰਬਾ ਅਰਸਾ ਸੀ। ਉਸ ਸਾਲ ਬੂਟਾ ਪਹਿਲੀ ਵਿੱਚ ਦਾਖ਼ਲ ਹੋਇਆ ਸੀ ਤੇ ਹੁਣ ਉਹ ਚੌਥੀ ਜਮਾਤ ਵਿੱਚ ਸੀ।

ਪੈਂਦੀ ਸੱਟ ਹੀ ਕਰਮ ਸਿੰਘ ਨੇ ਸਾਰੀ ਗੱਲ ਸੁਣਾ ਦਿੱਤੀ-ਲੈ ਬਈ, ਸੁਣ ਲੈ ਮੇਰੀ ਗੱਲ। ਇੱਕੋ ਸੁਣਾ ਦਿੰਨਾਂ। ਸੌ ਹੱਥ ਰੱਸਾ, ਸਿਰੇ 'ਤੇ ਗੰਢ ਜਾਂ ਤਾਂ ਇਹ ਸਾਰੀ ਛੀ ਸੌ ਦੀ ਰਕਮ ਚਾਰ ਦਿਨਾਂ ਦੇ ਅੰਦਰ-ਅੰਦਰ ਤਾਰ ਦੇ, ਨਹੀਂ ਤਾਂ ਫੇਰ ਪੰਜਵੇਂ ਨੂੰ ਤੇਰੀ ਗਾਂ ਦਾ ਰੱਸਾ ਲੈ ਜਾਣੈ ਮੈਂ। ਗਾਂ ਤੇਰੀ ਛੀ ਸੌ ਤੋਂ ਇੱਕ ਪੈਸਾ ਵੱਧ ਨੀਂ। ਆਹ ਬੈਠੇ, ਚਰਨੀ ਮੱਲ ਸੇਠ।

ਕਰਮ ਸਿੰਘ ਦੀ ਗੱਲ ਸੁਣ ਕੇ ਜਬਰੇ ਦੀਆਂ ਪਾਤਲੀਆਂ ਹੇਠ ਚੰਗਿਆੜੇ ਬਲਣ ਲੱਗੇ। ਗਾਂ ਉਨ੍ਹਾਂ ਨੇ ਧੀਆਂ ਵਾਂਗ ਪਾਲੀ ਸੀ। ਉਹਨੂੰ ਲੱਗਿਆ, ਜਿਵੇਂ ਕਰਮ ਸਿੰਘ ਨੇ ਉਹ ਦੀ ਧੀ ਨੂੰ ਕੁਝ ਕਹਿ ਦਿੱਤਾ ਹੋਵੇ। ਇਹ ਗਾਂ ਤਾਂ ਉਨ੍ਹਾਂ ਦੇ ਘਰ ਦਾ ਬੰਨ੍ਹ ਸੀ। ਇਹ ਗਾਂ ਤਾਂ ਉਨ੍ਹਾਂ ਦੇ ਘਰ ਦਾ ਸ਼ਿੰਗਾਰ ਸੀ। ਸਾਰਾ ਦਿਨ ਦੁੱਧ ਬਾਫਰ ਰਹਿੰਦਾ, ਰਾਤ ਨੂੰ ਉਹ ਥੋੜ੍ਹਾ-ਥੋੜ੍ਹਾ ਪੀ ਵੀ ਲੈਂਦੇ। ਬੂਟਾ ਇਸੇ ਦੁੱਧ ਦੇ ਸਹਾਰੇ ਹੁੰਦੜ ਹੋਲ ਹੁੰਦਾ ਜਾ ਰਿਹਾ ਸੀ, ਨਹੀਂ ਤਾ ਜ਼ਿਮੀਦਾਰਾਂ ਦੇ ਘਰਾਂ ਵਾਂਗ ਉਹਨੂੰ ਕਿਹੜੀਆਂ ਧਰੀਆਂ ਪਈਆਂ ਸਨ ਮਖਣੀਆਂ।

‘ਬੋਲਿਆ ਨਾ, ਦੱਸ ਫੇਰ ਕਿਵੇਂ ਕਰਨੈ, ਕਰਮ ਸਿੰਘ ਨੇ ਜਿਵੇਂ ਉਹਨੂੰ ਨੀਂਦ ਵਿਚੋਂ ਜਗਾਇਆ ਹੋਵੇ।

ਉਹ ਬੇਸੁੱਧ ਜਿਹਾ ਨੀਵੀਂ ਪਾਈ ਬੈਠਾ ਸੀ।

ਚਰਨੀ ਨੇ ਬਹੀ ’ਤੇ ਡੋਰ ਵਲ੍ਹੇਟ ਦਿੱਤੀ। ਜਿਸ ਵਿੱਚ ਵੱਖਰੇ ਕਾਗਜ਼ ’ਤੇ ਹਿਸਾਬ ਕੀਤਾ, ਉਹ ਵੀ ਬਹੀ ਦੇ ਵਿੱਚ ਹੀ ਜਬਰੇ ਦੇ ਨਾਮੇ ਵਾਲੀ ਥਾਂ ਰੱਖ ਦਿੱਤਾ। ਜਬਰਾ ਕੰਨ ਖੁਰਕਣ ਲੱਗਿਆ। ਉਹਨੇ ਮੱਥਾ ਪੂੰਝਿਆ। ਮੱਥੇ 'ਤੇ ਠੰਡਾ ਮੁੜ੍ਹਕਾ ਸੀ। ਕਰਮ ਸਿੰਘ ਤੇ ਚਰਨੀ ਦੋਵੇਂ ਉਹਦੇ ਵੱਲ ਲਗਾਤਾਰ ਝਾਕੀ ਜਾ ਰਹੇ ਸਨ। ਕਰਮ ਸਿੰਘ ਦੀ ਨਿਗਾਹ ਤਿੱਖੇ ਤੀਰ ਵਾਂਗ ਜਬਰੇ ਦੇ ਲੂੰ-ਲੂੰ ਨੂੰ ਵਿੰਨ੍ਹ ਰਹੀ ਸੀ। ਖੜ੍ਹਾ ਹੋਣ ਲੱਗੇ ਉਹਨੇ ਮਰਦਲਾ ਜਿਹਾ ਜਵਾਬ ਦਿੱਤਾ, "ਕੋਈ ਨੀਂ, ਮੈਂ ਮੁਖਤਿਆਰੋ ਨਾਲ ਸਲਾਹ ਕਰ ਲਾਂ। ਤੜਕੇ ਘਰ ਆਉਂ ਮੈਂ ਥੋਡੇ।'

'ਘਰ ਕਿੱਥੇ? ਮੈਂ ਤਾਂ ਕੋਠੀ ਬੈਠਾ ਹੋਊਂ। ਪਿੰਡ ਨੀਂ ਰਹਿੰਦਾ ਅੱਜ ਮੈਂ ਤਾਂ ਹੁਣੇ ਤੁਰਨ ਵਾਲਾ।’ ਕਰਮ ਸਿੰਘ ਨੇ ਕਿਹਾ।

108

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ