ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਲੱਗਦੇ। ਦੋਵਾਂ ਦੇ ਹੀ ਕਾਲਜਿਆਂ ਵਿਚੋਂ ਇੱਕ ਰੁੱਗ ਜਿਹਾ ਉਨ੍ਹਾਂ ਦੇ ਅੰਦਰੋਂ ਨਿਕਲ ਉੱਠਦਾ ਤੇ ਬੂਟੇ ਦੀ ਆਉਣ ਵਾਲੀ ਜ਼ਿੰਦਗੀ ਹਨੇਰਾ-ਹਨੇਰਾ ਹੋ ਗਈ ਦਿੱਸਦੀ।

ਬੂਟੇ ਨੂੰ ਪਾਲੀ ਰਲਾਉਂਦੇ ਤਾਂ ਉਹਦੀ ਪੜ੍ਹਾਈ ਵਿਚੇ ਰਹਿ ਜਾਣੀ ਸੀ। ਇੱਕ ਵਾਰੀ ਹਟਿਆ ਉਹ ਮੁੜ ਕੇ ਕਦੋਂ ਫੇਰ ਸਕੂਲ ਜਾਂਦਾ। ਫੇਰ ਤਾਂ ਉਹ ਨੇ ਪਾਲੀ ਹੀ ਰਹਿਣਾ ਸੀ। ਉਹਦੇ ਵਿੱਚ ਪਾਲੀ ਮੁੰਡਿਆਂ ਵਾਲੀਆਂ ਆਦਤਾਂ ਪੱਕ ਜਾਣੀਆਂ ਸਨ। ਮੁੜ ਕੇ ਤਾਂ ਉਹਨੂੰ ਸਕੂਲ ਇੱਕ ਫਾਲਤੂ ਚੀਜ਼ ਲੱਗਣੀ ਸੀ। ਫੇਰ ਤਾਂ ਉਹ ਨੇ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਹੀ ਕੰਮ ਕਰਨਾ ਸੀ। ਖੇਤ ਮਜ਼ਦੂਰੀ ਜਾਂ ਵੱਧ ਤੋਂ ਵੱਧ ਸੀਰੀ ਦਾ ਕੰਮ। ਫੇਰ ਤਾਂ ਇਸੇ ਕੰਮ ਵਿੱਚ ਉਹਦੀ ਸਾਰੀ ਜ਼ਿੰਦਗੀ ਨਿਕਲ ਜਾਵੇਗੀ, ਨਿਕਲ ਕੀ ਜਾਵੇਗੀ, ਜ਼ਿੰਦਗੀ ਇਸੇ ਕੰਮ ਵਿੱਚ ਫਸ ਕੇ ਰਹਿ ਜਾਵੇਗੀ। ਬੂਟੇ ਨੂੰ ਘਰ ਰੱਖਦੇ ਤੇ ਗਾਂ ਦਾ ਰੱਸਾ ਖੁੱਲ੍ਹਵਾ ਦਿੰਦੇ ਤਾਂ ਫੇਰ ਦੁੱਧ ਵਾਲੇ ਝੂਠੇ ਵਿੱਚ ਲੱਤ ਵੱਜਦੀ ਸੀ। ਚਾਹ ਦੀ ਤਿੱਪ ਵੱਲੋਂ ਵੀ ਤਰਸਦੇ ਰਹਿ ਜਾਣਾ ਸੀ। ਮੁੱਲ ਦਾ ਦੁੱਧ ਤਾਂ ਨਿਰਾ ਪਾਣੀ ਹੁੰਦਾ ਹੈ। ਗਾਂ ਮਗਰ ਜੋ ਵੱਛਾ ਸੀ, ਦੋ ਸਾਲਾਂ ਨੂੰ ਤਾਂ ਉਸ ਵੱਛੇ ਨੇ ਹੀ ਕਿੰਨੇ ਮੁੱਲ ਦਾ ਹੋ ਕੇ ਵਿਕਣਾ ਸੀ।

ਜਬਰਾ ਗਿਣਤੀਆਂ-ਮਿਣਤੀਆਂ ਕਰਦਾ ਰਿਹਾ। ਸੱਤ ਸਾਲਾਂ ਨੂੰ ਮੁੰਡਾ ਦਸ ਜਮਾਤਾਂ ਪਾਸ ਕਰੇਗਾ, ਫੇਰ ਕੋਈ ਸਿਖਲਾਈ ਦਾ ਕੋਰਸ ਕਰਵਾਉਣ ਪਵੇਗਾ। ਕੀ ਪਤਾ, ਸਿਖਲਾਈ ਦੇ ਕੋਰਸ ਵਿੱਚ ਦਾਖ਼ਲਾ ਮਿਲੇ ਜਾਂ ਨਾ ਜੇ ਸਿਖਲਾਈ ਦਾ ਕੋਰਸ ਕਰ ਵੀ ਲਿਆ ਤਾਂ ਫੇਰ ਨੌਕਰੀ ਤੇ ਲੱਗਣ ਦਾ ਵੀ ਕੀ ਭਰੋਸਾ? ਅਨੇਕਾਂ ਦੁਨੀਆਂ ਪੜ੍ਹਾਈਆਂ ਕਰਕੇ ਘਰ ਵਿਹਲੀ ਬੈਠੀ ਹੋਈ ਹੈ। ਜਣੇ-ਖਣੇ ਨੂੰ ਨੌਕਰੀ ਕਿੱਥੋਂ ਮਿਲਦੀ ਹੈ। ਸਿਫ਼ਾਰਿਸ਼ ਦਾ ਯੁੱਗ ਹੈ।ਉਹ ਸੋਚ ਰਿਹਾ ਸੀ ਕਿ ਸੱਤ-ਅੱਠ ਸਾਲ ਤਾਂ ਬਹੁਤ ਲੰਬਾ ਅਰਸਾ ਹੈ। ਉਦੋਂ ਨੂੰ ਤਾਂ ਜੁੱਗ ਬੀਤ ਜਾਵੇਗਾ। ਉਦੋਂ ਨੂੰ ਤਾਂ ਉਹ ਆਪ ਵੀ ਬੀਤ ਜਾਵੇਗਾ। ਉਹ ਤਾਂ ਹੁਣੇ ਹੀ ਬੀਤਿਆ-ਬੀਤਿਆਂ ਜਿਹਾ ਰਹਿੰਦਾ ਹੈ। ਸੱਤ-ਅੱਠ ਸਾਲ ਕੀਹਨੂੰ ਆਏ। ਪੁੱਤ ਗੱਭਰੂ ਹੋਣ ’ਤੇ ਆਇਆ ਹੈ ਤਾਂ ਉਹਨੂੰ ਕਿਸੇ ਕੰਮ ਵਿੱਚ ਪਾਉਣਾ ਹੀ ਠੀਕ ਰਹੇਗਾ। ਪੜ੍ਹਾਈ ਲਈ ਤਾਂ ਇੱਕ ਪੱਕਾ ਜੇਰਾ ਚਾਹੀਦਾ ਹੈ। ਐਨਾ ਲੰਬਾ ਸਮਾਂ ਕੌਣ ਉਡੀਕ ਕਰਦਾ ਫਿਰੇਗਾ। ਜਬਰਾ ਤੇ ਮੁਖਤਿਆਰੋ ਫ਼ੈਸਲਾ ਜਿਹਾ ਕਰਨ ਲੱਗਦੇ ਕਿ ਬੂਟੇ ਨੂੰ ਹੀ ਸਕੂਲੋਂ ਹਟਾ ਲਿਆ ਜਾਵੇ ਤੇ ਕਰਮ ਸਿੰਘ ਦੇ ਕੋਰੀਂ ਉਹਦੀਆ ਮੱਝਾਂ ਦਾ ਪਾਲੀ ਬਣਾ ਕੇ ਤੋਰ ਦਿੱਤਾ ਜਾਵੇ। ਹੁਣੇ ਤੋਂ ਕੰਮ ਵਿੱਚ ਪਿਆ ਤਾਂ ਹੀ ਅਗਾਂਹ ਤੋਂ ਕੰਮ ਦਾ ਭੁੱਸ ਪਵੇਗਾ। ਮੁੱਢ ਤੋਂ ਹੀ ਮੁੰਡਾ ਕਾਮਾ ਹੋਵੇ ਤਾਂ ਗੱਭਰੂ ਹੋ ਕੇ ਪੂਰਾ ਕਰਿੰਦਾ ਬਣਦਾ ਹੈ।

ਪਰ ਉਨ੍ਹਾਂ ਦੇ ਮਨ ਵਿਚਲਾ ਕੋਈ ਸੁਪਨਾ ਉਨ੍ਹਾਂ ਦੇ ਫ਼ੈਸਲੇ ਨੂੰ ਮੋੜਾ ਦੇ ਜਾਂਦਾ। ਬਿਜਲੀ ਦੀ ਲਿਸ਼ਕ ਵਰਗਾ ਇੱਕ ਝਲਕਾਰਾ ਉਨ੍ਹਾਂ ਦੀਆਂ ਅੱਖਾਂ ਅੱਗੇ ਆ ਲਟਕਦਾ। ਛੱਪੜੀ-ਵਿਹੜੇ ਦੇ ਹੋਰ ਮੁੰਡੇ ਕਿਵੇਂ ਫੁਰਨ-ਫ਼ਰਨ ਸਕੂਲਾਂ ਵਿੱਚ ਪੜ੍ਹਦੇ ਜਾ ਰਹੇ ਸਨ। ਕੋਈ ਅੱਠਵੀਂ ਵਿੱਚ, ਕੋਈ ਦਸਵੀਂ ਵਿੱਚ ਪੜ੍ਹਦਾ ਸੀ। ਮੁੰਡੇ ਨੌਕਰੀਆਂ 'ਤੇ ਵੀ ਲੱਗੇ ਹੋਏ ਸਨ, ਕੁਝ ਨੂੰ ਲੱਗਣ ਦੀ ਆਸ ਸੀ। ਨੌਕਰੀ ਦਾ ਕਿੰਨਾ ਸੁੱਖ ਹੁੰਦਾ ਹੈ। ਮੀਂਹ ਜਾਵੇ, ਨੇਰੀ ਜਾਵੇ, ਬੱਧੀ-ਰੁੱਧੀ ਤਨਖ਼ਾਹ ਜੇਬ ਵਿੱਚ ਆ ਪੈਂਦੀ ਹੈ। ਕਿੰਨੀ ਸ਼ਾਹੀ ਠਾਠ ਹੈ।

110

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ