ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਪੜ੍ਹਾਈ ਨਾਲ ਤਾਂ ਬੰਦੇ ਦਾ ਜੀਵਨ ਸੁਧਰ ਜਾਂਦਾ ਹੈ। ਕੰਮੀਆਂ-ਕਮੀਣਾਂ ਦੇ ਮੁੰਡੇ ਤਾਂ ਇੱਕ ਤਰ੍ਹਾਂ ਦਾ ਸਰਦਾਰੀ ਜੀਵਨ ਬਤੀਤ ਕਰਨ ਲੱਗਦੇ ਹਨ। ਪੜ੍ਹਿਆ-ਲਿਖਿਆ ਤਾਂ ਗੱਲ ਹੀ ਹੋਰ ਹੁੰਦੀ ਹੈ। ਪੜ੍ਹਿਆਂ-ਲਿਖਿਆਂ ਦੀ ਤਾਂ ਟੌਰ੍ਹ ਹੀ ਹੋਰ ਹੁੰਦੀ ਹੈ। ਜਬਰਾ ਝੂਰਦਾ, ਪਰ ਉਸ ਦੇ ਮੁੰਡੇ ਦੇ ਕਰਮਾਂ ਵਿੱਚ ਇਹ ਸਰਦਾਰੀ ਜੀਵਨ ਕਿੱਥੇ? ਉਹਦਾ ਬਾਪ ਨਰਕ ਭੋਗਦਾ ਮਰ ਗਿਆ। ਉਹਨੇ ਆਪ ਸਾਰੀ ਉਮਰ ਨਰਕ ਭੋਗਿਆ ਤੇ ਹੁਣ ਉਹ ਦਾ ਬੂਟਾ....

ਅੱਧੀ ਰਾਤ ਤੋਂ ਉੱਤੇ ਦਾ ਸਮਾਂ ਹੋ ਗਿਆ ਸੀ। ਉਹ ਮੰਜੀਆਂ ਤੇ ਉੱਕ ਵਾਂਗ ਬੈਠੇ ਹੋਏ ਸਨ। ਉਨ੍ਹਾਂ ਦੀ ਨੀਂਦ ਪਤਾ ਨਹੀਂ ਕਿੱਧਰ ਖੰਭ ਲਾ ਕੇ ਉੱਡ ਗਈ। ਜਬਰਾ ਗੱਲ ਕਰਦਾ ਤਾਂ ਮੁਖਤਿਆਰੋ ਹੁੰਗਾਰਾ ਭਰਦੀ। ਮੁਖਤਿਆਰੋ ਕੋਈ ਗੱਲ ਕਰਦੀ ਤਾਂ ਜਬਰਾ ਹੁੰਗਾਰਾ ਭਰਦਾ।ਉਹ ਕਿਸੇ ਵੀ ਸਿਰੇ ਨਾ ਪਹੁੰਚਦੇ ਤੇ ਅਖ਼ੀਰ ਆਪਣੀ ਕਿਸਮਤ ’ਤੇ ਲਾਹਣਤਾਂ ਪਾਉਣ ਲੱਗਦੇ। ਰੱਬ ਨੇ ਉਨ੍ਹਾਂ ਦੇ ਕਿਹੋ ਜਿਹੇ ਲੇਖ ਲਿਖ ਦਿੱਤੇ।ਉਹ ਕਿਸ ਤਰ੍ਹਾਂ ਦੀ ਜੂਨ ਵਿੱਚ ਪਏ ਹੋਏ ਸਨ ਤੇ ਹਨੇਰਾ ਢੋ ਰਹੇ ਸਨ। ਇੱਕ ਦਿਨ ਵੀ ਉਨ੍ਹਾਂ ਨੇ ਕਦੇ ਸੁੱਖ ਦਾ ਨਹੀਂ ਦੇਖਿਆ। ਉਹ ਚਾਹੁੰਦੇ ਸਨ, ਆਪ ਤਾਂ ਉਨ੍ਹਾਂ ਦੀ ਬੀਤ ਗਈ ਸੋ ਬੀਤ ਗਈ, ਉਨ੍ਹਾਂ ਦਾ ਮੁੰਡਾ ਤਾਂ ਚੱਜ ਦਾ ਜੀਵਨ ਬਤੀਤ ਕਰੇ। ਉਹ ਤਾਂ ਪਸ਼ੂਆਂ ਵਾਲੇ ਜੀਵਨ ਵਿਚੋਂ ਬਾਹਰ ਨਿਕਲ ਜਾਵੇ। ਦੁਚਿੱਤੀ ਜਿਹੀ ਦੀਆਂ ਗੱਲਾਂ ਕਰਦੇ ਉਹ ਬੈਠੇ ਬਿਠਾਏ ਮੰਜੀਆਂ ’ਤੇ ਟੇਢੇ ਹੋ ਗਏ। ਰਾਤ ਦਾ ਪਿਛਲਾ ਪਹਿਰ ਗੁਜ਼ਰ ਰਿਹਾ ਸੀ ਤੇ ਫੇਰ ਉਨ੍ਹਾਂ ਦੀਆਂ ਅੱਖਾਂ ਮਿਚਣ ਲੱਗੀਆਂ। ਪਤਾ ਨਹੀਂ ਉਹ ਕਿਹੜੇ ਵੇਲੇ ਚੁੱਪ ਹੋ ਗਏ।

14

ਦੂਜੇ ਦਿਨ ਸਦੇਹਾਂ ਹੀ ਬੂਟੇ ਨੂੰ ਨਾਲ ਲੈ ਕੇ ਜਬਰਾ ਘਰੋਂ ਤੁਰ ਪਿਆ, ਪਰ ਉਹ ਦੀ ਠੁੱਸ-ਠੁੱਸ ਨੂੰ ਦੇਖ ਕੇ ਉਹਦਾ ਆਪਣਾ ਮਨ ਵੀ ਡਿੱਗੂ ਡਿੱਗੂ ਕਰ ਰਿਹਾ ਸੀ। ਬੂਟੇ ਦਾ ਚਿਹਰਾ ਲਮਕਿਆ ਹੋਇਆ ਸੀ। ਉਹਦੀਆਂ ਅੱਖਾਂ ਡੁੱਬੀਆਂ ਹੋਈਆਂ ਦਿੱਸਦੀਆਂ ਸਨ।ਉਹ ਹੌਲੀ-ਹੌਲੀ ਤੁਰ ਰਿਹਾ ਸੀ। ਪੰਜ-ਸੱਤ ਕਦਮ ਚੱਲਣ ਬਾਅਦ ਹੀ ਜਬਰਾ ਬੂਟੇ ਨੂੰ ਆਪਣੇ ਨਾਲ ਰਲਾਉਂਦਾ, ਪਰ ਉਹ ਫੇਰ ਪਿੱਛੇ ਰਹਿ ਜਾਂਦਾ। ਆਪਣੇ ਨਾਲ ਰਲਾਉਣ ਤੇ ਉਹਨੂੰ ਤੇਜ਼-ਤੇਜ਼ ਪੈਰ ਪੁੱਟਣ ਲਈ, ਕਦੇ-ਕਦੇ ਜਬਰਾ ਗਾਲ਼ ਵੀ ਕੱਢਦਾ, ਖਿਝ ਉੱਠਦਾ। ਪਰ ਕਦੇ ਪੁਚਕਾਰਦਾ ਵੀ, ਪੁੱਤ-ਪੁੱਤ ਕਰਨ ਲੱਗਦਾ।

ਜਬਰਾ ਸੋਚਦਾ ਹਾਲੇ ਇਸ ਦੀ ਉਮਰ ਹੀ ਕੀ ਹੈ। ਮੱਝਾਂ ਚਾਰਨ ਦੀ ਉਮਰ ਤਾਂ ਅਜੇ ਹੋਈ ਨਹੀਂ। ਬਹੁਤ ਨਿਆਣਾ ਹੈ, ਅਜੇ ਤਾਂ ਇਹ ਮਸ਼ਾਂ ਨੌਂ ਸਾਲਾਂ ਦਾ ਹੋਇਆ ਹੈ। ਕਿੰਨਾ ਮਾਸੂਮ ਚਿਹਰਾ ਹੈ। ਨਿੱਕੇ-ਨਿੱਕੇ ਹੱਥ-ਪੈਰ, ਡੱਕਿਆਂ ਵਰਗੀਆਂ ਪਤਲੀਆਂ ਲੱਤਾਂ-ਬਾਹਾਂ, ਮਲੂਕ ਜਿਹੀ ਜਿੰਦੜੀ। ਇਸ ਸਮੇਂ ਉਹਨੂੰ ਆਪਣਾ ਪੁੱਤਰ ਬਹੁਤ ਕਮਜ਼ੋਰ ਲੱਗ ਰਿਹਾ ਸੀ। ਉਹ ਝੂਰਦਾ, ਕਿੱਥੋਂ ਨਿੱਕੀ ਜਿਹੀ ਜਾਨ ਕੰਡਿਆਂ ਦੀ ਵਾੜ ਵਿੱਚ ਦੇ ਦਿੱਤੀ। ਜ਼ਿਮੀਦਾਰਾ ਕੰਮ ਤਾਂ ਕੰਡਿਆਂ ਦੀ ਵਾੜ ਹੈ। ਕਿਵੇਂ ਸਹਾਰੇਗਾ ਇਹ ਜੇਠ ਹਾੜ ਦੀ ਧੁੱਪ? ਬੂਟੇ ਦੇ ਤੇੜ ਪਾਈ ਨੀਲੀ ਨਿੱਕਰ ਜਬਰੇ ਨੂੰ ਬਹੁਤ ਸੋਹਣੀ ਲੱਗ ਰਹੀ ਸੀ। ਘਰ ਦੀ ਖੱਡੀ ’ਤੇ ਬੁਣੇ ਮੋਟੇ ਖੱਦਰ ਦਾ ਦੂਜੀ ਧੋ ਪਾਇਆ ਕੁੜਤਾ ਖਾਸਾ ਚਿੱਟਾ

ਛੱਪੜੀ ਵਿਹੜਾ

111