ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਦਿੱਸਦਾ। ਮੁੰਨੇ ਸਿਰ ਦੇ ਉਂਗਲ-ਉਂਗਲ ਕਰਚਿਆਂ ਉੱਤੇ ਉਹ ਆਪਣੀ ਮਾਂ ਦਾ ਨਵਾਂ ਨਕੋਰ ਜਾਲਖੀ ਮਲਮਲ ਦਾ ਪਿਆਜ਼ੀ ਦੁਪੱਟਾ ਬੰਨ੍ਹ ਲਿਆਇਆ ਸੀ। ਅੱਡੀਆਂ ਅਤੇ ਕੋਰਾਂ ਤੋਂ ਗੰਢੀ ਹੋਈ ਸਰੋਂ ਦੇ ਤੇਲ ਨਾਲ ਚੋਪੜੀ ਪੁਰਾਣੀ ਮੌਡੀ ਜੁੱਤੀ ਉਸ ਦੇ ਪੈਰਾਂ ਵਿੱਚ ਬੇਮਲੂਮਾ ਜਿਹਾ ਚੀਕ ਰਹੀ ਸੀ। ਗੰਢਾਉਣ ਕਰਕੇ ਸ਼ਾਇਦ ਭੀੜੀ ਹੋ ਗਈ ਹੋਵੇਗੀ। ਗੁੜ ਦੀਆਂ ਬਾਰੀਕ ਰੋੜੀਆਂ ਵਿੱਚ ਬਿਨਾਂ ਘਿਓ ਤੋਂ ਕੁੱਟੀ ਤਿੰਨ ਰੋਟੀਆਂ ਦੀ ਚੂਰੀ ਸਮੋਸੇ ਲੜ ਬੰਨ੍ਹ ਕੇ ਉਸ ਨੇ ਆਪਣੇ ਮੋਢੇ 'ਤੇ ਲਮਕਾਈ ਹੋਈ ਸੀ। ਠੁਮਕ-ਠੁਮਕ ਤੁਰਦਾ ਉਹ ਜਬਰੇ ਨੂੰ ਬਹੁਤ ਸੋਹਣਾ ਲੱਗ ਰਿਹਾ ਸੀ। ਪਰ ਜਦੋਂ ਹੀ ਉਸ ਨੂੰ ਉਸ ਦੇ ਪਿੱਛੇ ਰਹਿ ਜਾਣ ਦਾ ਅਹਿਸਾਸ ਹੁੰਦਾ ਤੇ ਉਹ ਉਸ ਦੇ ਉਤਰੇ ਹੋਏ ਚਿਹਰੇ ਵੱਲ ਗਰਦਨ ਭੰਵਾ ਕੇ ਦੇਖਦਾ ਤਾਂ ਉਸ ਦਾ ਆਪਣਾ ਚਿਹਰਾ ਵੀ ਉਤਰ ਜਾਂਦਾ। ਉਹ ਕਾਹਲ ਨਾਲ ਤੁਰਦਾ ਤੇ ਬੂਟਾ ਹੋਰ ਪਿੱਛੇ ਰਹਿ ਜਾਂਦਾ। ਇਸ ਸਮੇਂ ਉਹਨੂੰ ਬੂਟੇ ’ਤੇ ਗੁੱਸਾ ਆਉਂਦਾ ਤੇ ਫੇਰ ਤਰਸ ਵੀ।

ਵਸਾਖ-ਜੇਠ ਦੀ ਰੁੱਤ ਸੀ। ਉਹ ਬੂਟੇ ਨੂੰ ਕਰਮ ਸਿੰਘ ਦੇ ਕੋਠੀ ਛੱਡਣ ਜਾ ਰਿਹਾ ਸੀ। ਜਬਰੇ ਜ਼ਿੰਮੇ ਕਰਮ ਸਿੰਘ ਦਾ ਛੇ ਸੌ ਵਿਆਜੂ ਰੁਪਿਆ ਸੀ, ਇਸ ਰਕਮ ਦੇ ਵਿਆਜ ਚ ਬੂਟੇ ਨੇ ਹੁਣ ਕਰਮ ਸਿੰਘ ਦੀਆਂ ਮੱਝਾਂ ਚਾਰਨੀਆਂ ਸਨ। ਘੱਟੋ-ਘੱਟ ਛੇ ਮਹੀਨੇ ਤਾਂ ਚਾਰਨੀਆਂ ਹੀ ਸਨ ਨਾ। ਫੇਰ ਵੀ ਜੇ ਵਿਆਜੁ ਪੈਸਾ ਨਾ ਉਤਰਿਆ ਤਾਂ ਪਤਾ ਨਹੀਂ ਇਹ ਮੱਝਾਂ ਚਾਰਨ ਦਾ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ। ਹੁਣ ਤਾਂ ਬੂਟੇ ਨੇ ਇਹੀ ਕੰਮ ਕਰਨਾ ਸੀ, ਸਵੇਰ ਤੋਂ ਸ਼ਾਮ ਤੱਕ। ਕਰਮ ਸਿੰਘ ਦੇ ਖੇਤਾਂ ਵਿੱਚ ਆਥਣ ਉੱਗਣ ਹੋਰ ਨਿੱਕੇ-ਮੋਟੇ ਕੰਮ ਵੀ ਕਰਨੇ ਸਨ। ਰਾਤ ਨੂੰ ਵੀ ਕੋਠੀ ਹੀ ਸੌਣਾ ਸੀ। ਰੋਟੀ-ਟੁੱਕ ਸਭ ਓਥੇ। ਅੱਠੀਂ-ਦਸੀਂ ਦਿਨੀਂ ਪਿੰਡ ਗੇੜਾ ਮਾਰ ਸਕਦਾ ਬਿੰਦ ਦੀ ਬਿੰਦ।ਜਬਰਾ ਸੂਏ ਦੇ ਪੁਲ ਤੇ ਆ ਗਿਆ। ਮਗਰ ਆ ਰਹੇ ਬੂਟੇ ਨੂੰ ਹਾਕ ਮਾਰ ਕੇ ਉਹ ਪੁਲ ਦੇ ਇੱਕ ਪਾਸੇ ਬੈਠ ਗਿਆ ਤੇ ਫੇਰ ਪੁਲ ਤੇ ਆ ਖੜੇ ਬੂਟੇ ਨੂੰ ਉਹਨੇ ਕੋਲ ਬਿਠਾ ਲਿਆ। ਉਹਦੇ ਮੋਢੇ ਤੋਂ ਬਾਂਹ ਕੱਢ ਕੇ ਉਹਨੂੰ ਵੱਖੀ ਨਾਲ ਘੁੱਟਿਆ।

'ਲਾਇਆ ਕਰੇਂਗਾ, ਮਹੀਆਂ ਦੇ ਮੋੜੇ?'

ਹਾਂ ਵਿੱਚ ਬੂਟੇ ਨੇ ਸਿਰ ਹਿਲਾਇਆ ਮੂੰਹ ਤਾਂ ਜਿਵੇਂ ਉਸ ਦਾ ਸਿਉਂਤਾ ਹੋਇਆ ਹੋਵੇ।

‘ਮਾਂ ਨੂੰ ਯਾਦ ਕਰੇਂਗਾ?' ਨਾਲ ਦੀ ਨਾਲ ਜਬਰੇ ਨੇ ਸੋਚਿਆ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਬੂਟਾ ਵੀ ਜਬਰੇ ਵੱਲ ਝਾਕਣ ਲੱਗਿਆ। ਜਿਵੇਂ ਕਹਿ ਰਹਿ ਹੋਵੇ, ਇਹ ਕਿਸ ਤਰ੍ਹਾਂ ਦਾ ਸਵਾਲ ਹੈ ਬਾਪੂ?

ਸੂਏ ਦੇ ਦੋਵੇਂ ਪਾਸੀਂ ਖੜ੍ਹੀਆਂ ਉੱਚੀਆਂ-ਉੱਚੀਆਂ ਟਾਹਲੀਆਂ ਦੇ ਪੱਤੇ ਹਰੇ ਕਚੂਰ ਸਨ। ਠੰਡੀ-ਠੰਡੀ ਹਵਾ ਹੌਲੀ-ਹੌਲੀ ਚੱਲ ਰਹੀ ਸੀ। ਟਾਹਲੀਆਂ ਦੇ ਪੱਤੇ ਬਹੁਤ ਥੋੜਾ ਹਿੱਲਦੇ। ਦੂਰ ਤੱਕ ਕਣਕਾਂ ਦੇ ਖ਼ਾਲੀ ਖੇਤ ਜਬਰੇ ਦੇ ਮਨ ਵਾਂਗ ਹੀ ਉਜਾੜ ਪਏ ਸਨ। ਕੋਈ-ਕੋਈ ਕਿਸਾਨ ਦਾਣੇ ਵੱਢ ਰਿਹਾ ਸੀ। ਕਿਧਰੇ-ਕਿਧਰੇ ਕੋਈ ਜਣਾ ਕਣਕ ਦੇ ਵੱਢ ਨੂੰ ਪਾਣੀ ਲਾ ਰਿਹਾ ਸੀ ਤਾਂ ਕਿ ਨਰਮਾ ਬੀਜਣ ਲਈ ਖੇਤ ਤਿਆਰ ਕੀਤਾ ਜਾ ਸਕੇ। ਸੂਏ ਦਾ ਪਾਣੀ ਲਗਾਤਾਰ ਵਹਿੰਦਾ ਤੁਰਿਆ ਜਾ ਰਿਹਾ ਸੀ। ਟਾਹਲੀਆਂ ਦੇ ਸੁੱਕੇ ਪੱਤੇ ਕਿੱਕਰ ਦੀ ਕੋਈ ਟਹਿਣੀ, ਘਾਹ ਦੀ ਕੋਈ ਤਿੜ੍ਹ ਪਾਣੀ ਦਾ ਹਿੱਸਾ ਬਣੇ ਰੁੜੇ ਜਾ ਰਹੇ ਸਨ। ਇੱਕ ਥਾਂ ਨਿਗਾਹ ਟਿਕਾਓ, ਦੂਰ ਜਾ ਕੇ ਮੁੜ ਓਥੇ ਹੀ ਪਰਤ ਆਉਂਦੀ।

112

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ