ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸੋਹਣੇ ਮੌਸਮ ਵਿੱਚ ਇਹ ਪੁਲ ਕਿੰਨੀ ਸੋਹਣੀ ਥਾਂ ਸੀ। ਪਰ ਜਬਰੇ ਨੂੰ ਇਹ ਸਭ ਬਿਲਕੁੱਲ ਹੀ ਚੰਗਾ ਨਹੀਂ ਲੱਗ ਰਿਹਾ ਸੀ।

ਛੱਪੜੀ-ਵਿਹੜੇ ਦੇ ਨਾਲ ਲੱਗਦੇ ਦੋਵੇਂ-ਤਿੰਨੇ ਅਗਵਾੜਾ ਦੇ ਬਹੁਤ ਸਾਰੇ ਜਵਾਕ ਸਕੂਲ ਪੜ੍ਹਨ ਜਾਂਦੇ। ਦੇਖਦੇ-ਦੇਖਦੇ ਕਿੰਨੇ ਹੀ ਮੁੰਡੇ ਦਸਵੀਂ ਪਾਸ ਕਰ ਗਏ। ਕਈ ਤਾਂ ਨੇੜੇ ਸ਼ਹਿਰ ਵਿੱਚ ਕਾਲਜ ਵੀ ਜਾਂਦੇ। ਮਜ਼ਹਬੀ ਵਿਹੜੇ ਦੇ ਵੀ ਕੁਝ ਮੁੰਡੇ ਸਕੂਲ ਜਾਂਦੇ ਤੇ ਦੋ-ਤਿੰਨ ਮੁੰਡੇ ਕਾਲਜ ਵੀ। ਘੋਤੂ ਦਾ ਮੁੰਡਾ ਮਾਸਟਰ ਲੱਗਿਆ ਹੋਇਆ ਸੀ। ਧੱਲੇ ਦਾ ਮੁੰਡਾ ਪਟਵਾਰੀ ਸੀ। ਘੀਚਰ ਦੇ ਦੋਵੇਂ ਮੁੰਡੇ ਬਿਜਲੀ ਦੇ ਮਹਿਕਮੇ ਵਿੱਚ ਸਨ। ਸੋਹਣੀ ਰੋਟੀ ਖਾਂਦੇ। ਚੰਗੇ ਕੱਪੜੇ ਪਹਿਨਦੇ।

"ਓਏ, ਤੂੰ ਪੜ੍ਹ ਕੇ ਈ ਰਾਜ਼ੀ ਐਂ? ਜਬਰਾ ਉੱਭੜਵਾਹਿਆਂ ਬੋਲਿਆ।

ਮੁੰਡੇ ਦੀਆਂ ਅੱਖਾਂ ਜਿਵੇਂ ਚਮਕ ਪਈਆਂ ਹੋਣ। ਚਿਹਰਾ ਜਿਵੇਂ ਮੀਂਹ ਧੋਤੇ ਫੁੱਲ ਵਾਂਗ ਨਿੱਖਰ ਆਇਆ ਹੋਵੇ।ਉਸ ਦੇ ਜਮਾਤੀ ਮੁੰਡੇ ਗਿੰਦਰੀ, ਢੂੰਡਾ ਤੇ ਪਾਖਰ ਕਿੰਨੇ ਚਾਅ ਨਾਲ ਪੜ੍ਹ ਰਹੇ ਸਨ। ਉਹ ਤਾਂ ਉਨ੍ਹਾਂ ਤਿੰਨਾਂ ਨਾਲੋਂ ਹੁਸ਼ਿਆਰ ਸੀ। ਉਹ ਹਟ ਗਿਆ ਹੈ। ਤਾਂ ਹੁਣ ਜਮਾਤ ਵਿੱਚ ਉਨ੍ਹਾਂ ਤਿੰਨਾਂ ਦੀ ਸਰਦਾਰੀ ਹੋ ਜਾਵੇਗੀ। ਚੌਥੀ ਦਾ ਮਨੀਟਰ ਹੁਣ ਉਨ੍ਹਾਂ ਤਿੰਨਾਂ ਵਿਚੋਂ ਹੀ ਕੋਈ ਬਣੇਗਾ। ਨਹੀਂ ਤਾਂ ਉਹ ਮਨੀਟਰ ਬਣ ਸਕਦਾ ਸੀ। ਓਸੇ ਨੇ ਹੀ ਬਣਨਾ ਸੀ। ਉਹ ਤਾਂ ਹੁਸ਼ਿਆਰ ਹੀ ਬੜਾ ਨਿਕਲ ਆਇਆ ਸੀ। ਭੈਣ ਜੀ ਸਵਾਲ ਬੋਲਦੇ ਹੀ ਰਹਿ ਜਾਂਦੇ ਤੇ ਉਹ ਸਭ ਤੋਂ ਪਹਿਲਾਂ ਕੱਢ ਕੇ ਲਿਆ ਦਿਖਾਉਂਦਾ। ਰੇਡੀਓ ਦੀਆਂ ਖ਼ਬਰਾਂ ਵਾਂਗ ਪੰਜਾਬੀ ਪੜ੍ਹਦਾ, ਕਿੰਨੀ ਵਧੀਆ ਲਿਖਾਈ ਸੀ ਉਹਦੀ।

ਜਬਰੇ ਨੂੰ ਮਹਿਸੂਸ ਹੋਇਆ, ਛੇ ਸੌ ਰੁਪਿਆ ਮੋੜਨਾ ਬਹੁਤ ਔਖਾ ਹੈ। ਗਾਂ ਦੇ ਦਿੱਤੀ ਹੁੰਦੀ ਤਾਂ ਮੁੜ ਕੇ ਪਸ਼ੂ ਨਹੀਂ ਜੁੜਨਾ ਸੀ। ਮੁੰਡੇ ਨੂੰ ਕੰਮ ਵਿੱਚ ਨਾ ਪਾਇਆ ਤਾਂ ਅੱਗੋਂ ਘਰ ਦਾ ਖ਼ਰਚ ਕੌਣ ਤੋਰੇਗਾ? ਸੱਤ-ਅੱਠ ਸਾਲ ਕਿੱਥੇ ਪਏ ਨੇ।ਓਦੂੰ ਪਹਿਲਾਂ ਪਹਿਲਾਂ ਤਾਂ ਪੂਰਾ ਸੀਰੀ ਬਣ ਚੁੱਕਿਆਂ ਹੋਵੇਗਾ। ਘਰ ਦੇ ਦਾਣੇ ਆਉਣ ਲੱਗਣਗੇ। ਜਬਰੇ ਦੇ ਮਨ ਵਿੱਚ ਇੱਕ ਸੁਨਹਿਰੀ ਕਿਰਨ ਜਾਗੀ। ਉਹਨੇ ਵਿਉਂਤ ਲੜਾਈ ਕਿ ਉਹ ਇੱਕ ਸਾਲ ਤੋਂ ਬਾਅਦ ਬੂਟੇ ਨੂੰ ਕਿਸੇ ਹੋਰ ਜ਼ਿਮੀਦਾਰ ਨਾਲ ਪਾਲੀ ਰਲਾ ਦੇਵੇਗਾ। ਉਸ ਜ਼ਿਮੀਂਦਾਰ ਤੋਂ ਪੈਸੇ ਲੈ ਕੇ ਉਹ ਕਰਮ ਸਿੰਘ ਦੇ ਛੇ ਸੌ ਰੁਪਏ ਦਾ ਫਾਹਾ ਵੱਢ ਦੇਵੇਗਾ। ਕੁਝ ਪੈਸੇ ਨਵੇਂ ਜ਼ਿਮੀਂਦਾਰ ਤੋਂ ਤੇ ਕੁਝ ਉਹ ਆਪ ਕਰੇਗਾ। ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਉਹ ਆਪਣਾ ਭਾਰ ਲਾਹ ਦੇਵੇਗਾ।ਤੇ ਫੇਰ ਐਨੇ ਨੂੰ ਬੂਟਾ ਸੀਰੀ ਰਲਣ ਜੋਗਾ ਹੋ ਜਾਵੇਗਾ। ਫੇਰ ਤਾਂ ਘਰ ਦਾ ਸਾਰਾ ਭਾਰ ਚੁੱਕ ਲਵੇਗਾ।

‘ਆਪਾਂ ਨੂੰ ਵਿੱਦਿਆ ਕਿੱਥੇ ਭਾਈ, ਚੱਲ ਉੱਠ।’ ਜਬਰੇ ਨੇ ਲੰਬਾ ਸਾਹ ਲਿਆ।

'ਬੂਟਾ ਉਹਦੇ ਵੱਲ ਝਾਕਿਆ ਤੇ ਉੱਠ ਖੜ੍ਹਾ। ਉਹਦੀ ਝਾਕਣੀ ਵਿੱਚ ਘੋਰ ਨਿਰਾਸ਼ਾ ਸੀ।

ਜਬਰਾ ਅਜੇ ਵੀ ਖੜ੍ਹਾ ਸੀ। ਉਹਦੇ ਮੁੰਹੋਂ ਕੁਝ ਨਾ ਸਰਿਆ। ਫੇਰ ਕੁਝ ਪਲਾਂ ਬਾਅਦ ਉਹ ਬੋਲਿਆ-ਚੱਲ ਤੁਰ, ਮੈਂ ਸੜਕ ਤੇ ਵੀ ਜਾਣੈ ਅਜੇ। ਮੇਟ ਤਾਂ ਡੀਕੀ ਜਾਂਦਾ ਹੋਣੈ ਮੈਨੂੰ'

ਬੂਟੇ ਦੀਆਂ ਅੱਖਾਂ ਜਿਵੇਂ ਡੁੱਬ ਹੀ ਗਈਆਂ ਹੋਣ। ਨੀਵੀਂ ਪਾ ਕੇ ਉਹ ਆਪਣੇ ਪਿਓ ਦੇ ਪਿੱਛੇ-ਪਿੱਛੇ ਹੋ ਗਿਆ। ਕਰਮ ਸਿੰਘ ਦੇ ਕੋਠੇ ਸਾਹਮਣੇ ਹੀ ਦਿੱਸ ਰਹੇ ਸਨ। ਪਿਓ-ਪੁੱਤ ਸਿਰ ਸੁੱਟੀ ਜਾ ਰਹੇ ਸਨ।


ਛੱਪੜੀ ਵਿਹੜਾ

113