ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕਦੇ ਤਾਂ ਮੱਤ ਆਵੇਗੀ ਕਿ ਮੇਰਾ ਬਾਪ ਹੈ। ਪੜ੍ਹਾਇਆ-ਲਿਖਾਇਆ ਸੀ। ਸਮਾਨ ਦਾ ਕੀ ਸੀ, ਉਹਨੂੰ ਦਿੱਤਾ ਸੀ, ਉਹਦੇ ਕੋਲ ਹੈ। ਅਸੀਂ ਕੀ ਕਰਨਾ ਸੀ ਸਮਾਨ ਦਾ? ਉਹਦਾ ਹੈ, ਵਰਤੇ ਆਪਣਾ।

ਅਸੀਂ ਬੱਸ ਦਾ ਅੱਧਾ ਸਫ਼ਰ ਮੁਕਾ ਚੁੱਕੇ ਸੀ। ਉਹ ਮੁੰਡੇ ਦੀ ਗੱਲ ਲਮਕਾ ਰਿਹਾ ਲੱਗਿਆ। ਗੱਲ ਤਾਂ ਐਨੀ ਸੀ ਕਿ ਮੁੰਡਾ ਪੜ੍ਹਾਇਆ-ਲਿਖਾਇਆ, ਓਵਰਸੀਅਰ ਦੀ ਵਧੀਆ ਨੌਕਰੀ ਮਿਲ ਗਈ, ਕਮਾਈ ਵਾਲੀ ਥਾਂ ਸੀ, ਸਹੁਰਿਆਂ ਨੇ ਦਿੱਤਾ ਬਹੁਤ, ਬਹੂ ਚੁਸਤ-ਚਲਾਕ ਸੀ, ਮੁੰਡਾ ਮਰ ਗਿਆ, ਬਹੁਤ ਵੱਡਾ ਦੁੱਖ ਹੈ। ਮੁੰਡਾ ਮਰੇ ਦਾ ਕੀਹਨੂੰ ਦੁੱਖ ਨਹੀਂ ਹੁੰਦਾ? ਮੈਂ ਗੱਲ ਨੂੰ ਸੰਖੇਪ ਕਰਨਾ ਚਾਹਿਆ-ਉਹ ਮਰ ਕਿਵੇਂ ਗਿਆ?'

ਇਹ ਵੀ ਕੀ ਆਖ ਸਕਦੇ ਆਂ, ਭਾਈ ਸਾਅਬ? ਖਬਰੈ, ਮਰ ਗਿਆ ਜਾਂ ਮਾਰ ਤਾਂ ਵੀਹ ਦਿਨ ਹਸਪਤਾਲ ਰਿਹਾ। ਕੋਈ ਬਿਮਾਰੀ ਦਾ ਭੇਤ ਨੀਂ ਆਇਆ। ਦਸ ਦਿਨ ਤਾਂ ਕਿਸੇ ਨੇ ਖ਼ਬਰ ਨੂੰ ਕੀਤੀ। ਪਤਾ ਲੱਗੇ ਤਾਂ ਗਏ ਸੀ। ਮੈਂ ਤੇ ਮੇਰੀ ਘਰਵਾਲੀ ਰਹੇ ਉਹ ਦੇ ਕੋਲ। ਪਹਿਲਾਂ-ਪਹਿਲਾਂ ਤਾਂ ਸਹੁਰੀ ਗੇੜਾ ਜਾ ਮਾਰ ਜਾਂਦੀ ਸੀ, ਫੇਰ ਆਉਣੋ ਈ ਹਟਗੀ। ਇੱਕ ਦਿਨ ਪਹਿਲਾਂ ਘਰੇ ਲੈ ਗੇ ਸੀ। ਡਾਕਟਰਾਂ ਨੇ ਜੁਆਬ ਦੇ ਦਿੱਤਾ ਸੀ। ਰਾਤ ਨੂੰ ਤੁਰ ਗਿਆ ਬੱਸ। ਸਹੁਰੇ ਨੇ ਹਿੰਝ ਨੀਂ ਸਿੱਟੀ ਕੋਈ। ਦੂਰ ਸੀ, ਓਥੇ ਈ ਫੂਕ ਆਏ ਫੇਰ। ਏਥੇ ਲਿਆ ਕੇ ਵੀ ਤਾਂ ਫੂਕਣਾ ਈ ਸੀ। ਬੱਸ ਜੀ, ਸਹੁਰੀ ਨੇ ਭੋਰਾ ਵੀ ਨੀਂ ਡੀਕਿਆ, ਸਾਂਭਣ ’ਤੇ ਹੋ ’ਗੀ। ਭੋਗ ਤੋਂ ਅਗਲੇ ਦਿਨ ਈ ਸਾਨੂੰ ਘਰੋਂ ਕੱਢ ਤਾ, ਅਖੇ"ਥੋਡਾ ਕੀਹ ਐ ਹੁਣ ਐਥੇ। ਸਮਾਨ ਮੇਰਾ, ਮੇਰੇ ਮਾਪਿਆਂ ਨੇ ਦਿੱਤਾ ਸੀ।

‘ਫੇਰ ਤਾਂ ਬੜੀ ਮਾੜੀ ਨਿਕਲੀ। ਜ਼ਾਲਮ ਸੀ ਉਹ ਥੋਡੀ ਨੂੰਹ।'

‘ਜ਼ਾਲਮ ਵਰਗੀ ਜ਼ਾਲਮ। ਜਮਾਂ ਚੰਡਾਲਣੀ, ਮੁੰਡਾ ਖਾ ਗੀ ਸਾਡਾ। ਰਾਜਪਾਲ ਅਤਿ ਦੁਖੀ ਸੀ।

ਅਸੀਂ ਚੁੱਪ ਹੋ ਗਏ। ਮੈਂ ਅੱਖਾਂ ਮੀਟ ਕੇ ਸਾਹਮਣੇ ਵਾਲੀ ਸੀਟ ਤੇ ਡੰਡੇ ਨਾਲ ਮੱਥਾ ਲਾ ਲਿਆ। ਅਗਲਾ ਅੱਡਾ ਆਇਆ ਤਾਂ ਮੈਂ ਸਵਾਰੀਆਂ ਦੀ ਉਤਰਾਈ-ਚੜ੍ਹਾਈ ਦੇਖਣ ਲੱਗਿਆ। ਰਾਜਪਾਲ ਵੱਲ ਮੇਰਾ ਬਿਲਕੁੱਲ ਧਿਆਨ ਨਹੀਂ ਸੀ। ਸਮਝ ਲਿਆ ਸੀ ਕਿ ਗੱਲ ਮੁੱਕ ਗਈ ਤੇ ਬੱਸ। ਪਰ ਉਹਨੇ ਮੇਰੇ ਮੋਢੇ ਨੂੰ ਹੱਥ ਲਾਇਆ ਤਾਂ ਮੈਂ ਚੌਂਕ ਕੇ ਉਹਦੇ ਚਿਹਰੇ ਵੱਲ ਝਾਕਣ ਲੱਗਿਆ। ਉਹਦੀਆਂ ਅੱਖਾਂ ਵਿੱਚ ਤਪਸ਼ ਸੀ। ਉਹ ਬੋਲਿਆ, "ਫੇਰ ਬੱਚਾ ਸੀ ਪੇਟ ’ਚ ਚਾਰ ਮਹੀਨੇ ਦਾ, ਉਹ ਕਢਾ 'ਤਾ। ਮੁੰਡਾ ਤਾਂ ਚਲੋ ਮੁੱਕ ਗਿਆ ਸੀ ਸਾਡਾ। ਉਹਦੀ ਨਿਸ਼ਾਨੀ ਤਾਂ ਰਹਿ ਜਾਂਦੀ ਜੱਗ ’ਤੇ, ਉਹ ਵੀ ਖ਼ਤਮ।'

‘ਚੱਲ ਛੱਡ ਰਾਜਪਾਲ। ਜਦੋਂ ਤੇਰਾ ਮੁੰਡਾ ਨੀਂ ਰਿਹਾ, ਤੂੰ ਉਹ ਦਾ ਜੁਆਕ ਕੀ ਕਰਨਾ ਸੀ?' ਮੈਂ ਆਪਣੇ ਮਨ ਵਿੱਚ ਕਿਹਾ, "ਠੀਕ ਕੀਤਾ ਉਹਨੇ। ਹੁਣ ਉਹ ਨਵਾਂ ਵਿਆਹ ਕਰਾ ਸਕੇਗੀ। ਬੰਦੇ ਦੇ ਨਾਲ ਤਾਂ ਮੁੱਕਿਆ ਨੀਂ ਜਾਂਦਾ। ਉਹਨੇ ਆਪਣੀ ਜ਼ਿੰਦਗੀ ਅਗਾਂਹ ਵੀ ਤਾਂ ਤੋਰਨੀ ਸੀ।'

‘ਜਿੰਨਾ ਪੈਸਾ ਜਮਾਂ ਸੀ ਨਰੇਸ਼ ਦਾ ਸਾਰਾ ਕਢਾ ਲਿਆ। ਪਤਾ ਨੀਂ ਦੋ ਲੱਖ ਸੀ, ਪਤਾ ਨੀਂ ਚਾਰ ਲੱਖ ਸੀ। ਖਬਰੈ, ਕਿੰਨਾ ਸੀ? ਮੈਂ ਤਾਂ ਪਤਾ ਕਰ ਲਿਆ, ਕੱਖ ਨੀਂ ਉਹਦੇ ਨਾਂ, ਹੁਣ ਕੁੱਛ ਕਿਸੇ ਬੈਂਕ 'ਚ। ਇੱਕ ਸਾਲੇ ਕਾਨੂੰਨ ਅਹੇ-ਜੇ ਬਣ ਗੇ, ਘਰ ਵਾਲੀ ਦੇ


116

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ