ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਤਾਂਗਾ ਹੌਲੀ ਹੋਇਆ ਹੈ। ਤਾਂਗੇ ਵਾਲਾ ਪਿਛਾਂਹ ਝਾਕਦਾ ਹੈ। ਚਾਹੁੰਦਾ ਹੋਵੇਗਾ, ਇੱਕ ਸਵਾਰੀ ਹੋਰ ਲੈ ਲਵੇ। ਫੱਟੇ ਤੇ ਬਿਠਾ ਲਵੇਗਾ, ਪਰ ਉਹ ਨੂੰ ਕੋਈ ਸਵਾਰੀ ਤਾਂਗੇ ਵੱਲ ਭੱਜੀ ਆਉਂਦੀ ਦਿੱਸੀ ਨਹੀਂ। ਘੋੜਾ ਸਪੀਡ-ਬਰੇਕਰਾਂ ਨੂੰ ਪਾਰ ਕਰਕੇ ਤੇਜ਼ ਦੌੜਦਾ ਹੈ।

ਸੇਂਟ ਫਰਾਂਸਿਜ ਹਸਪਤਾਲ ਕੋਲ ਆ ਕੇ ਖੇਮ ਚੰਦ ਨੇ ਰਾਜੂ ਦੀ ਗੱਲ੍ਹ ’ਤੇ ਪੋਲੀ ਜਿਹੀ ਚੂੰਢੀ ਵੱਢੀ ਹੈ ਤੇ ਕਿਹਾ ਹੈ, "ਅਰੇ, ਤੇਰਾ ਜਨਮ-ਸਥਾਨ ਆ ਗਿਆ।

ਰਜਨੀ ਨੇ ਮੁੰਡੇ ਨੂੰ ਬੁੱਕਲ ਵਿੱਚ ਘੁੱਟ ਲਿਆ ਹੈ। ਪੁੱਚ-ਪੁੱਚ ਕਰਕੇ ਪਿਆਰ ਕਰਨ ਲੱਗੀ ਹੈ।

‘ਬੱਚਾ ਪੈਦਾ ਨਾ ਹੋ ਰਿਹਾ ਹੋਵੇ ਤਾਂ ਨਰਸਾਂ ਕੋਈ ਡਾਕਟਰੀ ਦਵਾ-ਬੂਟੀ ਕਰਨ ਦੀ ਥਾਂ ਪ੍ਰਾਰਥਨਾ ਕਰਨ ਲੱਗ ਪੈਂਦੀਆਂ ਨੇ।' ਗੱਲ ਕਰਕੇ ਪਤੀ-ਪਤਨੀ ਹੱਸਣ ਲੱਗਦੇ ਹਨ।

ਤੇ ਫੇਰ ਬਰਿੱਜ ਕੋਲ ਦੀ ਲੰਘਦਿਆਂ ਦੋਵਾਂ ਦੀ ਨਜ਼ਰ ਮਾਂਗੀ ਟੇਲਰਜ਼ ਵੱਲ ਗਈ ਹੈ। ਰਜਨੀ ਕਹਿੰਦੀ ਹੈ-ਤੁਹਾਡੀ ਨੀਲੀਂ ਪੈਂਟ ਇੱਥੋਂ ਸਿਲਾਈ ਸੀ, ਯਾਦ ਐ?'

‘ਹਾਂ ਕਿੰਨੇ ਸਾਲ ਹੋ ਗਏ। ਅੱਜ ਤੱਕ ਉਹੀ ਤਾਂ ਇੱਕ ਪੇਂਟ ਐ, ਮੇਰੇ ਕੋਲ। ਕਿਧਰੇ ਔਣ-ਜਾਣ ਨੂੰ।'

ਅੱਜ ਰਾਜੂ ਚਲਿਆ ਜਾਵੇ ਤਾਂ ਤੁਹਾਨੂੰ ਇੱਕ ਪੈਂਟ ਹੋਰ ਬਣਵਾ ਦਿਆਂ, ਟੈਰੀਕਾਟ ਦੀ ਵਧੀਆ ਜਿਹੀ। ਇੱਕ ਬੁਸ਼ਰਟ ਵੀ। ‘ਇੱਕ ਟ੍ਰਾਂਜਿਸਟਰ ਤੇ ਘੜੀ ਵੀ ਲੈਣੀ ਐ ਏਸ ਸਾਲ। ਵਰਿਆਂ ਤੋਂ ਇਹ ਚੀਜ਼ਾਂ ਮੇਰੇ ਕੋਲ ਨਹੀਂ। ਅੱਜ-ਕੱਲ੍ਹ ਤਾਂ ਹਰ ਕਿਸੇ ...'

‘ਰਾਜੂ, ਤੁਹਾਡੇ ਏਸ ਬੱਚੇ ਦਾ ਨਾਉਂ ਐ ਜੀ?' ਤਾਂਗੇ ਵਿੱਚ ਬੈਠੇ ਇੱਕ ਬੁੱਢੇ ਨੇ ਆਪਣੀਆਂ ਐਨਕਾਂ ਉੱਤੋਂ ਦੀ ਝਾਕ ਕੇ ਖੇਮ ਚੰਦ ਨੂੰ ਪੁੱਛਿਆ ਹੈ। ਖੇਮ ਚੰਦ ਕੰਬ ਗਿਆ ਹੈ। ਰਜਨੀ ਬੁੱਢੇ ਵੱਲ ਭੈ ਭੀਤ ਅੱਖਾਂ ਨਾਲ ਝਾਕੀ ਹੈ ਤੇ ਫੇਰ ਝੱਟ ਹੀ ਖੇਮ ਚੰਦ ਬੋਲਦਾ ਹੈ, "ਨਹੀਂ ਜੀ, ਬਿਲਕੁੱਲ ਨਹੀਂ।ਰਾ ਜੂ ਸਾਡੇ ਬੱਕਰੇ ਦਾ ਨਾਉਂ ਐ।'

'ਹੱਛਾ! ਹੈਂ-ਹੀਂ....’ ਬੁੱਢਾ ਹੱਸਿਆ ਹੈ ਤੇ ਫੇਰ ਭਾਟੀ ਸਟੂਡੀਓ ਅੱਗੇ ਖੜ੍ਹੀ ਭੀੜ ਵੱਲ ਦੇਖਣ ਲੱਗ ਪਿਆ ਹੈ।

ਹੁਣ ਖੇਮ ਚੰਦ ਤੇ ਰਜਨੀ ਚੁੱਪ ਹਨ। ਤਾਂਗੇ ਵਾਲਾ ਉੱਚੀਆਂ ਅਵਾਜ਼ਾਂ ਨਾਲ ਬਾਜ਼ਾਰ ਵਿੱਚ ਦੀ ਰਾਹ ਬਣਾਉਂਦਾ ਤੁਰਿਆ ਜਾ ਰਿਹਾ ਹੈ।

ਰੇਲਵੇ-ਸਟੇਸ਼ਨ ਸਾਹਮਣੇ ਮਦਾਰ ਗੇਟ ਦੇ ਸਟਾਪ ’ਤੇ ਤਾਂਗਾ ਰੁਕ ਗਿਆ ਹੈ। ਸਭ ਉਤਰ ਗਏ ਹਨ। ਤਾਂਗੇ ਵਾਲੇ ਨੂੰ ਪੰਜਾਹ-ਪੰਜਾਹ ਪੈਸੇ ਦਿੰਦੇ ਹਨ ਤੇ ਤੁਰਦੇ ਜਾ ਰਹੇ ਹਨ।

ਅੱਜ ਕਿੱਥੇ ਚਲਿਆ ਜਾਵੇ? ਪਾਨ ਲੈ ਕੇ ਮੂੰਹ ਵਿੱਚ ਪਾਉਂਦਾ ਖੇਮ ਚੰਦ ਪੁੱਛਦਾ ਹੈ।

‘ਬਜਰੰਗ ਗੜ੍ਹ ਨਾ ਚੱਲੀਏ? ਰਜਨੀ ਸੁਝਾਓ ਦਿੰਦੀ ਹੈ। ‘ਕੀ ਫ਼ਾਇਦਾ?

120

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ