ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ‘ਜਦੋਂ ਰੱਬ ਦਿੰਦੈ ਨਾ, ਛੱਪਰ ਫਾੜ ਕੇ ਦਿੰਦੈ। ਨਿਹਚਾ ਰੱਖ ਬੱਸ ਓਸੇ ਤੇ। ਖੇਮ ਚੰਦ ਅਸਮਾਨ ਵੱਲ ਉਂਗਲ ਕਰਦਾ ਹੈ।

'ਨਿਹਚਾ ਤਾਂ ਹੈ ਤੇ ਫੇਰ ਕੰਮ ਥੋੜਾ ਕਰਦੀ ਆਂ ਮੈਂ। ਹਜ਼ਾਰੀ ਬਾਗ ਵਾਲੇ ਸਿਲਾਈ ਸੈਂਟਰ ਤੋਂ ਕਿੰਨਾ ਕੱਪੜਾ ਸਿਉਣ ਲਈ ਘਰ ਲੈ ਕੇ ਅੰਨੀ ਆਂ।ਕਿੰਨਾ ਕਮੌਨੀ ਆਂ।

‘ਸਿਲਾਈ-ਸੈਂਟਰ ਵਾਲੇ ਦਿੰਦੇ ਵੀ ਕੀਹ ਨੇ। ਸਾਰਾ ਦਿਨ ਮਸ਼ੀਨ ਚਲੌਨੀ ਐਂ, ਮਸ਼ਾਂ ਸੱਤ-ਅੱਠ ਰੁਪਏ ਬਣਦੇ ਨੇ। ਉੱਤੋਂ ਮਹਿੰਗਾਈ ਤਾਂ ਦੇਖ।'

‘ਮੈਂ ਤੁਹਾਨੂੰ ਇੱਕ ਗੱਲ ਕਹਾਂ?'

'ਕੀ?'

‘ਤੁਸੀਂ ਇਹ ਰੇਲਵੇ-ਵਰਕਸ਼ਾਪ ਵਾਲੀ ਨੌਕਰੀ ਛੱਡ ਪਰੇ। ਸਾਰਾ ਦਿਨ ਇੰਜਣਾਂ ਦੇ ਕੋਲ-ਪੁਰਜ਼ਿਆਂ ਨਾਲ ਮੱਥਾ ਮਾਰਦੇ ਓ। ਤਨਖ਼ਾਹ ਤੁਹਾਡੀ ਕਿਹੜੀ ਐ। ਕੀ ਚਾਰ ਸੌ ਪਿਆ? ਚਾਰ ਸੌ ਤਾਂ ਬੰਦਾ ਕਿਤੋਂ ਵੀ ਕਮਾ ਲਵੇ। ਕੇਲਿਆਂ-ਸੇਬਾਂ ਦੀ ਰੇਹੜੀ ਲਾ ਕੇ ਬੈਠ ਜਾਓ, ਸ਼ਾਮ ਨੂੰ ....'

'ਇਹ ਗੱਲਾਂ ਈ ਨੇ, ਰਜਨੀ। ਕੰਮ ਕਰਨਾ ਔਖਾ ਨਹੀਂ, ਕੰਮ ਮਿਲਣਾ ਔਖੈ।'

‘ਇੱਕ ਤਾਂ ਦੇਣ-ਲੈਣ ਨਹੀਂ ਮੁੱਕਦਾ ਲੋਕਾਂ ਦਾ ਪੈਸਾ ਘਰ 'ਚ ਐੱਦਾ ਤਾਂ ਬਹੁਤ ਐ, ਜਾਂਦਾ ਪਤਾ ਨਹੀਂ ਕਿੱਧਰ ਐ। ਹਰ ਮਹੀਨੇ ਇੱਕ-ਦੋ ਗਵਾਂਢੀਆਂ ਦਾ ਉਧਾਰ ਮੋੜਨਾ ਰਹਿ ਜਾਂਦੈ।'

‘ਸਾਲਾ, ਉਹ ਘਣਸ਼ਾਮ ਕਿੰਨਾ ਮਿੱਠਾ-ਸੁੱਚਾ ਸੀ। ਜਦੋਂ ਵੀ ਪੈਸੇ ਮੰਗੋ, ਜਵਾਬ ਨਹੀਂ ਦਿੰਦਾ ਸੀ। ‘ਪੈਸੇ ਦੇ ਕੇ ਰਸੀਦ ਵੀ ਤਾਂ ਤੁਰੰਤ ਲੈਂਦਾ। ਜਿਹੜਾ ਉਹ ਲਗਾਤਾਰ ਤੁਹਾਨੂੰ ਇਸ ਤਰ੍ਹਾਂ ਪੈਸੇ ਦਿੰਦਾ ਜਾਂਦਾ ਸੀ, ਇਹਦਾ ਮਤਲਬ ਉਹਦੇ ਦਿਲ ਚ ਪਹਿਲਾਂ ਈ ਚੋਰ ਸੀ।'

ਹਾਂ, ਇਹ ਤਾਂ ਹੈ। ਉਹਦੀ ਪਹਿਲਾਂ ਈ ਮੁੰਡੇ 'ਤੇ ਅੱਖ ਸੀ।

‘ਦੋ ਹਜ਼ਾਰ ਦੇ ਕੇ ਤਿੰਨ ਹਜ਼ਾਰ ਬਣਾ ਲਿਆ, ਵਿਆਜ ਜੋੜ-ਜੋੜ। ਤਿੰਨ-ਸਾਢੇ ਤਿੰਨ ਸਾਲਾਂ ਵਿੱਚ ਈ। ਤੇ ਫੇਰ ਦੋ ਹਜ਼ਾਰ ਨਕਦ ਦੇ ਕੇ ਮੁੰਡਾ ਲੈ ਲਿਆ।

‘ਪੈਸਾ ਉਹਦੇ ਕੀ ਯਾਦ ਸੀ। ਅਕਾਊਂਟਸ ਬ੍ਰਾਂਚ ਵਿੱਚ ਹੈੱਡ ਕਲਰਕ। ਪੂਰੇ ਪੈਸੇ ਵੱਢਦਾ। ਰਿਸ਼ਵਤ ਲਏ ਬਗੈਰ ਉਹਨੇ ਸਕੇ ਪਿਓ ਦਾ ਕੰਮ ਨਹੀਂ ਕੀਤਾ। ਐਨਾ ਪਾਪੀ ਸੀ, ਤਦ ਈ ਤਾਂ ਉਹਦੇ ਕੋਈ ਔਲਾਦ ਨਾ ਹੋਈ।

‘ਸ਼ੰਭੂ ਤਾਂ ਰਹਿੰਦਾ ਈ ਉਨ੍ਹਾਂ ਦੇ ਘਰ ਸੀ। ਐਡਾ ਵੱਡਾ ਹੋ ਚੱਲਿਆ ਸੀ। ਹੋਰ ਕਿਸੇ ਨੂੰ ਦਿੱਤਾ ਹੁੰਦਾ ਤਾਂ ਉਹਨੇ ਭੋਰਾ ਵੀ ਜੀਅ ਨਹੀਂ ਲੈਣਾ ਸੀ। ਓਸੇ ਸਾਲ ਦੀ ਘਣਸ਼ਾਮ ਦੀ ਬਦਲੀ ਬਿਲਾਸਪੁਰ ਦੀ ਹੋ ਗਈ ਤੇ ਉਹ ਸ਼ੰਭੂ ਨੂੰ ਨਾਲ ਲੈ ਗਿਆ।

ਹੁਣ ਤਾਂ ਸ਼ੰਭੂ ਆਪਣਾ ਅੱਠ-ਨੌਂ ਸਾਲ ਦਾ ਹੋ ਗਿਆ ਹੋਣੈ। ਸਕੂਲ ਜਾਂਦਾ ਹੋਵੇਗਾ।

‘ਆਪਣਾ ਕਿਉਂ, ਘਣਸ਼ਾਮ ਦਾ ਕਹੋ।

‘ਚਲੋ, ਕਿਸੇ ਦਾ ਹੋਇਆ। ਰੋਟੀ ਤਾਂ ਢਿੱਡ ਭਰ ਕੇ ਖਾਂਦਾ ਹੋਵੇਗਾ। ਸਾਡੇ ਕੋਲ ਤਾਂ ਉਹਨੇ ਭੁੱਖਾ ਈ ਮਰਨਾ ਸੀ। 122


ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ