ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮਰਨ ਦਾ ਨਾਉਂ ਸੁਣ ਕੇ ਪਤਨੀ ਸੁੰਗੜ ਜਿਹੀ ਗਈ ਹੈ।

ਤੇ ਫੇਰ ਬੁੱਢਾ ਕਹਿੰਦਾ ਹੈ, ਜਿਹੜਾ ਕੋਈ ਇਹਦੀ ਸੇਵਾ ਕਰੇਗਾ, ਮਕਾਨ ਸੰਭਾਲ ਲਵੇਗਾ, ਇਹ ਦੇ ਭਾਈ-ਭਤੀਜੇ ਹੈਗੇ। ਏਥੇ ਅਜਮੇਰ ਵਿੱਚ ਈ।'

ਬੁੱਢੇ ਵਿੱਚ ਖੇਮ ਚੰਦ ਨੂੰ ਕੋਈ ਦਿਲਚਸਪੀ ਨਹੀਂ ਰਹਿ ਜਾਂਦੀ। ਉਹ ਛੇਤੀ-ਛੇਤੀ ਗੱਲ ਮੁਕਾਉਂਦਾ ਹੈ ਤੇ ਰਜਨੀ ਕੋਲ ਵਾਪਸ ਆ ਬੈਠਦਾ ਹੈ।ਉਹ ਗੋਡਿਆਂ ਵਿਚਕਾਰ ਸਿਰ ਰੱਖ ਕੇ ਉੱਘਲਾ ਰਹੀ ਹੈ।

ਦੁਪਹਿਰ ਢਲਣ ਲੱਗੀ ਹੈ।

ਚੱਲੀਏ? ਰਜਨੀ ਪੁੱਛਦੀ ਹੈ।

ਕਿੱਧਰ?'

'ਕਿਤੇ ਹੋਰ।'

‘ਹੁਣ ਕਿੱਥੇ ਜਾਵਾਂਗੇ। ਘਰ ਚੱਲਦੇ ਆਂ।'

‘ਇੱਕ ਗੱਲ ਹੋਰ ਕਰੋ ਤੁਸੀਂ।'

‘ਕੀ?'

'ਅਖ਼ਬਾਰ 'ਚ ਇਸ਼ਤਿਹਾਰ ਕਢਵਾ ਦਿਓ ਕਿ ...'

‘ਬੱਚਾ ਗੋਦ ਲੈਣ ਲਈ ਤਾਂ ਇਸ਼ਤਿਹਾਰ ਹੁੰਦੈ। ਗੋਦ ਦੇਣ ਲਈ ਸੱਚ, ‘ਬੱਚਾ ਵਿਕਾਊ ਹੋ, ਦਾ ਇਸ਼ਤਿਹਾਰ ਨਹੀਂ ਹੋ ਸਕਦਾ। ਹੋ ਸਕਦੈ?'

ਇੰਝ ਤਾਂ ਫੜੇ ਜਾਵਾਂਗੇ। ਇਹ ਗੈਰ ਕਾਨੂੰਨੀ ਧੰਦਾ ਐ। ਨਹੀਂ ਫੜੇ ਜਾਵਾਂਗੇ?'

ਜ਼ਨਾਨੀ ਹਊਕਾ ਲੈਂਦੀ ਹੈ। ਕਹਿੰਦੀ ਹੈ, ‘ਚਲੋ ਫੇਰ, ਘਰ ਈ ਚੱਲਦੇ ਆਂ। ਅਗਲੇ ਐਤਵਾਰ ਦਰਗਾਹ ਚੱਲਾਂਗੇ। ਮਜ਼ਾਰ ਕੋਲ ਬੈਠ ਕੇ ਬੇਔਲਦੇ ਲੋਕਾਂ ਦੀਆਂ ਪਾਰਥਨਾਵਾਂ ਸੁਣਾਂਗੇ।'


124

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ