ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
 ਧੀ-ਧਿਆਣੀ

ਉਹ ਇੱਕ ਗੱਡੀਆਂ-ਵਾਲੀ ਸੀ। ਕਾਲਾ ਧੂਸ ਰੰਗ, ਪਰ ਨੈਣ-ਨਕਸ਼ ਤਿੱਖੇ। ਮਸ਼ਾਲ ਵਾਂਗ ਬਲਦੀਆਂ ਅੱਖਾਂ। ਤੇੜ ਲਾਲ ਰੰਗ ਦੀ ਘੱਗਰੀ, ਜਿਹੜੀ ਉਹਦੀਆਂ ਪਿੰਜਣੀਆਂ ਤੱਕ ਉੱਚੀ ਸੀ। ਗਲ ਖੱਟੀ ਕੁੜਤੀ, ਜਿਸ ਦੇ ਗਲਮੇ ’ਤੇ ਚਿੱਟੇ ਪੱਥਰ ਦੇ ਮੋਤੀ-ਮਣਕੇ ਸਿਉਂਤੇ ਹੋਏ ਸਨ। ਪੈਰਾਂ ਵਿੱਚ ਨੌਕਾਂ ਵਾਲੀ ਦੁਖੱਲੀ ਜੁੱਤੀ। ਲੋਹੇ ਦੀਆਂ ਝਾਂਜਰਾਂ। ਨੱਕ ਵਿੱਚ ਪਿੱਤਲ ਦੀ ਤੀਲੀ ਤੇ ਕੰਨਾਂ ਵਿੱਚ ਪਿੱਤਲ ਦੇ ਹੀ ਘੁੰਗਰੂ। ਗਲ ਚਾਂਦੀ ਦੀ ਤਵੀਤੀ। ਹੱਥਾਂ ਦੀਆਂ ਉਂਗਲਾਂ ਵਿੱਚ ਪਿੱਤਲ ਦੀਆਂ ਛਾਪਾਂ ਤੇ ਬਾਹਾਂ ਚ ਰਬੜ ਦੀਆਂ ਰੰਗੀਨ ਚੂੜੀਆਂ ਤੇ ਗਜਰੇ। ਉਹਦੇ ਸੱਜੇ ਪਾਸੇ ਸਿਹਲੀ ’ਤੇ ਨਿੱਕਾ ਜਿਹਾ ਚੰਨ ਖੁਣਿਆ ਹੋਇਆ ਸੀ।

ਸਤੰਬਰ ਦਾ ਮਹੀਨਾ ਸੀ, ਦੁਪਹਿਰ ਦਾ ਵਕਤ। ਗਰਮੀ ਘਟ ਚੱਲੀ ਸੀ। ਮੈਂ ਵਿਹੜੇ ਵਿੱਚ ਕੰਧ ਦੀ ਛਾਂ ਹੇਠ ਬੈਠਾ ਕੁਝ ਲਿਖ-ਪੜ੍ਹ ਰਿਹਾ ਸਾਂ। ਉਹ ਇਕਦਮ ਹੀ ਮੇਰੀ ਬੀਵੀ ਦੇ ਪਿੱਛੇ-ਪਿੱਛੇ ਵਿਹੜੇ ਵਿੱਚ ਆ ਖੜੀ। ਫੱਟੇ ਨਾਲ ਪੰਜਾਬੀ ਬੋਲ ਰਹੀ ਸੀ। ਮੈਂ ਅੱਖਾਂ ਮੀਚ ਕੇ ਉਹਦੀ ਬੋਲੀ ਸੁਣੀ। ਬਿਲਕੁੱਲ ਜਿਵੇਂ ਕੋਈ ਪੰਜਾਬ ਦੀ ਮੁਟਿਆਰ ਬੋਲ ਰਹੀ ਹੋਵੇ। ਮੈਂ ਉਹਦੇ ਵੱਲ ਗਹੁ ਨਾਲ ਝਾਕਣ ਲੱਗਿਆ। ਉਹ ਥਾਂ ਦੀ ਥਾਂ ਬੈਠ ਗਈ ਤੇ ਸਾਡੇ ਘਰ ਦੀਆਂ ਚਿਉਂਦੇ ਥੱਲਿਆਂ ਵਾਲੀਆਂ ਦੋ ਬਾਲਟੀਆਂ ਦੀ ਨਿਰਖ਼-ਪਰਖ਼ ਕਰਨ ਲੱਗੀ।

ਬੀਵੀ ਨੇ ਪੁੱਛਿਆ-ਪੈਸੇ ਦੱਸ, ਕਿੰਨੇ ਲਵੇਂਗੀ?'

ਉਹ ਕਹਿਣ ਲੱਗੀ-ਟੀਨ ਹੈਗ? ਕੋਈ ਵੱਟਿਆ ਪੀਪਾ ਹੋਵੇ?'

ਬੀਬੀ ਸਟੋਰ ਵਿੱਚ ਗਈ ਤੇ ਮਿੱਟੀ ਦੇ ਤੇਲ ਵਾਲਾ ਇੱਕ ਖ਼ਾਲੀ ਗੇਲਣ ਚੁੱਕ ਲਿਆਈ। ਇਹ ਸੀਤਾਂ ਨਵਾਂ ਜਿਹਾ ਹੀ, ਪਰ ਇਹ ਦਾ ਹੈੱਡਲ ਟੁੱਟ ਗਿਆ ਸੀ। ਇਹਦੇ ਵਿਚੋਂ ਤੇਲ ਕੱਢਣ ਵੇਲੇ ਵੀ ਔਖਿਆਈ ਹੁੰਦੀ। ਇੱਕ ਵਾਰ ਇਹਦੇ ਵਿੱਚ ਚੁੱਲੇ ਚ ਅੱਗ ਬਾਲਣ ਲਈ ਗੰਦਾ ਤੇਲ ਪਵਾ ਲਿਆਏ ਸੀ। ਹੁਣ ਉਹ ਗੰਦਗੀ ਉਹਦੇ ਥੱਲੇ ਵਿੱਚ ਇੱਕ ਭੈੜੇ ਖ਼ਿਆਲ ਵਾਂਗ ਬੈਠੀ ਹੋਈ ਸੀ। ਬਥੇਰਾ ਸਾਫ਼ ਕੀਤਾ। ਗੰਦਗੀ ਜਾਂਦੀ ਨਹੀਂ ਸੀ। ਮਿੱਟੀ ਦਾ ਤੇਲ ਪਵਾ ਕੇ ਲਿਆਉਂਦੇ ਤਾਂ ਤੇਲ ਕਾਲਾ ਮਰਿਆੜ ਬਣ ਜਾਂਦਾ। ਅੱਖਾਂ ਨੂੰ ਬੁਰਾ ਲੱਗਦਾ। ਸੋ, ਹੁਣ ਇਹ ਗੇਲਣ ਅਣਵਰਤਿਆ ਹੀ ਸਟੋਰ ਵਿੱਚ ਪਿਆ ਹੋਇਆ ਸੀ।

ਗੇਲਣ ਦੇਖਦੇ ਹੀ ਗੱਡੀਆਂ-ਵਾਲੀ ਬੋਲ ਉੱਠੀ, "ਇਹ ਠੀਕ ਐ, ਬੱਸ।'

ਬੀਵੀ ਫੇਰ ਚਮਕੀ, ‘ਚੰਗਾ, ਪੈਸੇ ਦੱਸ।'

ਧੀ-ਧਿਆਣੀ

125