ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਹ ਬੋਲੀ, "ਦੇਖੋ, ਦੋ ਬਾਲਟੀਆਂ ਨੇ।'

‘ਹਾਂ ਦੋ ਨੇ।’ ਬੀਵੀ ਵੀ ਤਿੱਖੀ ਹੋਈ ਖੜ੍ਹੀ ਸੀ।

ਮੈਂ ਤਮਾਸ਼ਾ ਦੇਖਣ ਦੇ ਰਉਂ ਵਿੱਚ ਆ ਗਿਆ। ਮਨ ਵਿੱਚ ਹੀ ਹੱਸ ਰਿਹਾ ਸਾਂ। ਗੱਡੀਆਂ ਵਾਲੀ ਵਧਾ ਚੜ੍ਹਾ ਕੇ ਪੈਸੇ ਕਹੇਗੀ। ਬੀਵੀ ਉਹਦੇ ਮੂਹਰਿਓਂ ਬਾਲਟੀਆਂ ਚੁੱਕ ਲਵੇਗੀ ਤੇ ਕਹਿ ਉੱਠੇਗੀ, ਐਨੇ ਪੈਸਿਆਂ ਦੀਆਂ ਤਾਂ ਬਾਲਟੀਆਂ ਵੀ ਨਹੀਂ। ਤੇ ਫੇਰ ਗੱਡੀਆਂ-ਵਾਲੀ ਪੈਸੇ ਘਟਾ ਦੇਵੇਗੀ। ਬੀਵੀ ਉਸ ਤੋਂ ਘੱਟ ਆਖੇਗੀ ਤੇ ਫਿਰ ਵਿਚ-ਵਿਚਾਲਾ ਹੋ ਕੇ ਸੌਦਾ ਤੈਅ ਹੋ ਜਾਵੇਗਾ। ਗਲੀ ਵਿੱਚ ਆਏ ਕਿਸੇ ਵੀ ਹਾਕਰ ਨਾਲ ਬੀਵੀ ਇੰਝ ਦਾ ਹੀ ਵਿਹਾਰ ਕਰਦੀ ਹੈ। ਹਾਕਰ ਵੀ ਤਿੱਖੇ ਹੁੰਦੇ ਨੇ। ਉਹ ਔਰਤਾਂ ਦੀ ਰਗ ਰਗ ਨੂੰ ਜਾਣਦੇ ਨੇ।

ਗੱਡੀਆਂ-ਵਾਲੀ ਕਹਿੰਦੀ, ‘ਕੰਮ ਤਾਂ ਭੈਣ, ਦਸ ਰੁਪਿਆਂ ਦਾ, ਪਰ ਤੂੰ ਅੱਠ ਦੇ ਦੇਈਂ।'

‘ਰੁਪਏ ਅੱਠ ਦੀ ਥਾਂ ਦਸ ਲੈ ਲੈ, ਪਰ ਟੀਨ ਆਪਣੇ ਕੋਲੋਂ ਲਾ।' ਬੀਵੀ ਨੇ ਗੇਲਣ ਉਹਦੇ ਅੱਗੋਂ ਚੁੱਕ ਲਿਆ।

ਇੱਕ ਬਿੰਦ ਮੇਰੇ ਮਨ ਵਿੱਚ ਡਰ ਉੱਠਿਆ, ਗੇਲਣ ਸਾਲਾ ਕਿਤੇ ਮੁੜ ਕੇ ਸਟੋਰ ਵਿੱਚ ਨਾ ਚਲਿਆ ਜਾਵੇ।

ਗੱਡੀਆਂ-ਵਾਲੀ ਮੇਰੇ ਵੱਲ ਝਾਕ ਰਹੀ ਸੀ। ਉਹਦੇ ਕੋਲੋਂ ਕੋਈ ਫ਼ੈਸਲਾ ਨਹੀਂ ਹੋ ਰਿਹਾ ਹੋਵੇਗਾ। ਉਹ ਚਾਹੁੰਦੀ ਹੋਵੇਗੀ, ਮੈਂ ਸੌਦਾ ਤੋੜ ਦਿਆਂ। ਮੈਂ ਹੌਲੀ ਜਿਹਾ ਬੋਲਿਆ, ‘ਫੇਰ ਦੱਸ ਵੀ, ਕਿੰਨੇ ਲਏਂਗੀ?'

‘ਸੱਤ ਦੇ ਦਿਓ, ਚੱਲ ਛੇ ਦੇ ਦਿਓ।' ਕਹਿ ਕੇ ਗੱਡੀਆਂ-ਵਾਲੀ ਨੇ ਨਿੱਕੀ ਬਾਲਟੀ ਨੂੰ ਵੱਡੀ ਬਾਲਟੀ ਵਿੱਚ ਸੁੱਟਿਆ ਤੇ ਛੋਟੀ ਬਾਲਟੀ ਵਿੱਚ ਗੇਲਣ ਧਰ ਲਿਆ। ਖੜ੍ਹੀ ਹੋਣ ਲੱਗੀ।

ਛੇ ਦਾ ਕੋਈ ਰਾਹ ਨੀਂ। ਰੁਪਏ ਸਾਰੇ ਚਾਰ ਦੇਊਂਗੇ’ ਬੀਵੀ ਅਜੇ ਵੀ ਅੜੀ ਖੜ੍ਹੀ ਸੀ।

ਗੱਡੀਆਂ-ਵਾਲੀ ਫੇਰ ਬੈਠ ਗਈ। ਅੰਦਰ ਕਮਰੇ ਵਿੱਚ ਛੋਟੀ ਕੁੜੀ ਨੇ ਚੀਕ ਮਾਰੀ। ਖੜਕਾ ਵੀ ਹੋਇਆ ਸੀ। ਉਹਦੇ ਕੋਲੋਂ ਕੋਈ ਚੀਜ਼ ਡਿੱਗੀ ਸੀ। ਬੀਵੀ ਭੱਜ ਕੇ ਅੰਦਰ ਗਈ। ਗੱਡੀਆਂ ਵਾਲੀ ਲਗਾਤਾਰ ਮੇਰੇ ਵੱਲ ਝਾਕਦੀ ਜਾ ਰਹੀ ਸੀ। ਪੁੱਛ ਹੀ ਬੈਠੀ, 'ਤੂੰ ਨੌਕਰੀ ਕਰਦੈ ਕੋਈ?'

'ਹਾਂ, ਮੈਂ ਮਾਸਟਰ ਆਂ, ਐਥੇ।'

‘ਤੇਰਾ ਪਿੰਡ ਧੌਲਾ ਨੀਂ? ਉਹ ਝੱਟ ਬੋਲ ਪਈ।

ਹਾਂ, ਤੈਨੂੰ ਕਿਵੇਂ ਪਤਾ?' ਮੈਂ ਹੈਰਾਨ ਸਾਂ।

ਉਹ ਦੱਸਣ ਲੱਗੀ, 'ਅਸੀਂ ਧੌਲੇ ਦੇ ਆਂ।'

‘ਧੌਲੇ ਦੇ ਕਿਵੇਂ, ਤੁਸੀਂ ਤਾਂ ਗੱਡੀਆਂ ਆਲੇ ਓ। ਤੁਸੀਂ ਤਾਂ ਰਾਜਸਥਾਨ ਦੇ ਓ। ਤੁਸੀਂ ਧੌਲੇ ਦੇ ਕਿਵੇਂ ਹੋ ਗਏ?'

'ਨਹੀਂ, ਅਸੀਂ ਓਧਰ ਰਾਜਸਥਾਨ ਵਿੱਚ ਕਦੇ ਨਹੀਂ ਗਏ। ਧੌਲੇ ਈ ਬਹੁਤਾ ਰਹਿਨੇ ਆਂ। ਏਧਰ-ਓਧਰ ਪਿੰਡਾਂ ਵਿੱਚ ਵਿਰ-ਚਰ ਔਨੇ ਆਂ। ਪਰ ਪੱਕਾ ਡੇਰਾ ਧੌਲੇ ਰੱਖਦੇ ਆਂ। ਓਹੀ ਸਾਡਾ ਪਿੰਡ ਐ।'

‘ਤੂੰ ਮੈਨੂੰ ਕਿਵੇਂ ਜਾਣਦੀ ਐਂ?" ਮੈਂ ਪੁੱਛਿਆ।


126

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ