ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਸਾਡੀਆਂ ਗੱਡੀਆਂ ਖੂਹ ਕੋਲ ਲੱਗੀਆਂ ਨੇ ਨਾ। ਉੱਥੋਂ ਦੀ ਲੰਘਦਾ ਮੈਂ ਤੈਨੂੰ ਸੌ ਵਾਰੀ ਦੇਖਿਐ। ਤੂੰ ਕਬੂਤਰਾਂ ਵਾਲੇ ਬਾਬੇ ਦਾ ਭਤੀਜਾ ਨੀਂ?'

‘ਬਈ ਵਾਹ, ਤੂੰ ਤਾਂ ਸਭ ਜਾਣਦੀ ਐਂ।" ਮੈਂ ਹੋਰ ਹੈਰਾਨ ਹੋਇਆ।

ਇੱਕ ਬਿੰਦ ਉਹ ਚੁੱਪ ਜਿਹੀ ਬੈਠੀ ਰਹੀ ਤੇ ਫੇਰ, ‘ਚੱਲ ਪੰਜ ਰੁਪਏ ਦੇ ਦਿਓ, ਕਹਿ ਕੇ ਖੜ੍ਹੀ ਹੋ ਗਈ।

‘ਤੂੰ ਤਾਂ ਸਾਡੇ ਪਿੰਡ ਦੀ ਕੁੜੀ ਹੈਂ। ਚਾਹ ਵੀ ਪੀ ਜਾਈਂ ਮੈਂ ਕਿਹਾ।

ਰੋਟੀ ਲੈ ਜਾਈਂ ਨਾਲੇ। ਬੀਵੀ ਮੇਰੇ ਨਾਲ ਉਹਦੀਆਂ ਗੱਲਾਂ ਸੁਣ ਕੇ ਮੋਹ ਦੇ ਅਹਿਸਾਸ ਵਿੱਚ ਉਤਰ ਗਈ। ਰੋਟੀ ਨਾਲ ਜਲੇਬੀਆਂ ਵੀ ਦੇਈਂ ਕੁੜੀ ਨੂੰ। ਇਹ ਤਾਂ ਆਪਣੇ ਪਿੰਡ ਦੀ ਐ।

ਗੱਡੀਆਂ-ਵਾਲੀ ਖ਼ੁਸ਼ ਸੀ। ਕਹਿਣ ਲੱਗੀ, "ਚੱਲ, ਮੈਨੂੰ ਦੇਖ ਆ, ਭੈਣ। ਅਸੀਂ ਔਥੇ ਸੜਕ 'ਤੇ ਬੈਠੇ ਆਂ। ਓਥੋਂ ਲੈ ਆਈਂ ਬਾਲਟੀਆਂ।'

‘ਬਈ ਵਾਹ, ਤੂੰ ਆਪ ਲੈ ਕੇ ਆ ਬਾਲਟੀਆਂ।' ਮੈਂ ਜ਼ੋਰ ਦਿੱਤਾ।

'ਕਦੋਂ ਕੁ ਆਏਂਗੀ?' ਬੀਵੀ ਨੇ ਪੁੱਛਿਆ।

‘ਬੱਸ ਅੱਧੇ-ਪੌਣੇ ਘੰਟੇ ਵਿੱਚ ਕਰ ਦਿੰਨੀ ਆਂ ਇਹ ਤਾਂ ਮੈਂ। ਉਹ ਜਾਣ ਲੱਗੀ।

‘ਚੰਗਾ, ਆਜਾ ਫੇਰ ਓਦੋਂ ਨੂੰ ਪਿਛਲੇ ਪਹਿਰ ਦੀ ਚਾਹ ਦਾ ਵੇਲਾ ਵੀ ਹੋ ਜਾਣੈ। ਚਾਹ ਵੀ ਪੀ ਲਈਂ। ਬੀਵੀ ਬੋਲੀ।

ਮੈਂ ਸੋਚਣ ਲੱਗਿਆ, ਕਦੇ-ਕਦੇ ਕਿਸੇ ਨਾਲ ਰਾਹ ਜਾਂਦਿਆਂ ਹੀ ਕਿਸ ਤਰ੍ਹਾਂ ਮੁਹੱਬਤ ਪੈ ਜਾਂਦੀ। ਧੌਲੇ ਦਾ ਨਾਉਂ ਲੈਕੇ ਗੱਡੀਆਂ-ਵਾਲੀ ਨੇ ਕਿਵੇਂ ਮੈਨੂੰ ਠੱਗ ਜਿਹਾ ਲਿਆ ਹੈ। ਕੁਝ ਵਰੇ ਹੀ ਹੋਏ ਨੇ ਪਿੰਡ ਛੱਡੇ ਨੂੰ। ਜਿਉਂ-ਜਿਉਂ ਦਿਨ ਬੀਤਦੇ ਜਾ ਰਹੇ ਹਨ, ਪਿੰਡ ਦਾ ਮੋਹ ਕਿੰਨਾ ਵਧਦਾ ਜਾ ਰਿਹਾ ਹੈ। ਸ਼ਹਿਰ ਵਿੱਚ ਆ ਕੇ ਤਾਂ ਮੈਂ ਇਕੱਲਾ ਜਿਹਾ ਰਹਿ ਗਿਆ ਹਾਂ। ਕੋਈ ਸਮਾਂ ਆਵੇਗਾ, ਜਦੋਂ ਪਿੰਡ ਦਾ ਮੋਹ ਹਉਂਕਾ ਬਣ ਕੇ ਰਹਿ ਜਾਵੇਗਾ, ਪਰ ਇਹ ਰਾਜਸਥਾਨ ਦੇ ਟੱਪਰੀ ਵਾਸ ਲੋਕ ਧੌਲੇ ਨੂੰ ਆਪਣਾ ਪਿੰਡ ਕਿਉਂ ਆਖ ਰਹੇ ਨੇ ਸਮਝ ਵਿੱਚ ਆਇਆ, ਜਿੱਥੇ ਕੋਈ ਬਹੁਤਾ ਰਹਿੰਦਾ ਹੋਏ, ਉਹੀ ਉਹਦਾ ਘਰ ਹੋ ਜਾਂਦਾ ਹੈ। ਕੋਈ ਥਾਂ ਕਿਸੇ ਖ਼ਾਸ ਲੋਕਾਂ ਦੀ ਨਿੱਜੀ ਜਾਇਦਾਦ ਤਾਂ ਨਹੀਂ ਹੁੰਦੀ। ਧਰਤੀ ਰੱਬ ਦੀ ਹੈ। ਲੋਕ ਰੱਬ ਦੇ ਹਨ। ਕੋਈ ਵੀ, ਧਰਤੀ ਤੇ ਕਿਤੇ ਵੀ ਰਹੇ, ਓਹੀ ਉਸਦਾ ਪਿੰਡ ਹੁੰਦਾ ਹੈ।

ਬੀਵੀ ਆਟੇ ਲਈ ਕਣਕ ਦਾ ਪੀਹਣ ਤਿਆਰ ਕਰਨ ਬੈਠ ਗਈ ਤੇ ਮੈਂ ਰੇਡੀਓ ਤੋਂ ਦੁਪਹਿਰ ਦੀਆਂ ਖ਼ਬਰਾਂ ਸੁਣਨ ਲੱਗਿਆ।

ਕੁਝ ਸਮਾਂ ਲੰਘਿਆ ਤੇ ਗੱਡੀਆਂ-ਵਾਲੀ ਬਾਲਟੀ ਦੇ ਵੇਂ ਥੱਲੇ ਜੜ ਕੇ ਲੈ ਆਈ। ਉਹਦੇ ਚਿਹਰੇ 'ਤੇ ਤੇਜ਼ ਮੁਸਕਰਾਹਟ ਸੀ। ਅੱਖਾਂ ਵਿੱਚ ਚੰਗਿਆੜੇ ਬਲਦੇ। ਉਹਦੇ ਦੰਦ ਬਹੁਤ ਹੀ ਚਿੱਟੇ ਦਿੱਸਦੇ ਸਨ, ਜਿਵੇਂ ਮੋਤੀ ਚਮਕਦੇ ਹੋਣ। ਮੈਂ ਪੁੱਛਿਆ, "ਤੇਰਾ ਨਾਂ ਕੀ ਐ?'

‘ਤੂੰ ਨਾਂ ਤੋਂ ਕੀ ਲੈਣੇ?'

ਉਹ ਹੱਸ ਪਈ। ਉਹਦੇ ਉਤਲੇ ਦੰਦਾਂ ਵਿੱਚ ਉਤਲੇ ਪਾਸੇ ਦੀ ਨੇਸ਼ ਤੇ ਸੋਨਾ ਚੜ੍ਹਿਆ ਹੋਇਆ ਸੀ।

‘ਤੂੰ ਸਾਡੇ ਪਿੰਡ ਦੀ ਧੀ ਐਂ। ਤੇਰਾ ਨਾਂ ਵੀ ਜਾਨਣਾ ਨੀਂ ਚਾਹਾਂਗਾ?' ਮੈਂ ਮੋਹ ਵਿੱਚ ਭਿੱਜ ਕੇ ਆਖਿਆ।

ਧੀ-ਧਿਆਣੀ

127