ਬਾਲਟੀਆਂ ਫ਼ਰਸ਼ ਤੇ ਰੱਖ ਕੇ ਉਹਨੇ ਆਪਣੀ ਘੱਗਰੀ ਛੂੰਗੀ ਤੇ ਬੈਠ ਗਈ। ਕਹਿੰਦੀ, 'ਮੇਰਾ ਨਾਂ ਬੀਰਾਂ ਐਂ।
‘ਕਿੰਨਾ ਸੁਹਣਾ ਨਾਂ ਐਂ।' ਮੈਂ ਤਾਰੀਫ਼ ਕਰ ਦਿੱਤੀ।
ਉਹ ਮੁਸਕਰਾ ਉੱਠੀ। ਇੱਕ ਟੱਪਰੀਵਾਸ ਕੁੜੀ ਨੂੰ ਨਾਉਂ ਦੇ ਸੋਹਣੇ ਹੋਣ ਜਾਂ ਨਾ ਹੋਣ ਨਾਲ ਕੀ ਫ਼ਰਕ ਪੈਂਦਾ ਸੀ।
ਬੀਵੀ ਨੇ ਸਟੋਵ ਤੇ ਚਾਹ ਧਰ ਦਿੱਤੀ।
ਪਿਛਲੇ ਦਿਨ ਘਰ ਵਿੱਚ ਇੱਕ ਤਿਹਾਰ ਮਨਾਇਆ ਗਿਆ ਸੀ। ਜਲੇਬੀਆਂ ਬਚੀਆਂ ਪਈਆਂ ਸਨ। ਲਿਫ਼ਾਫ਼ੇ ਵਿੱਚ ਪਾ ਕੇ ਬੀਵੀ ਪੰਜ-ਸੱਤ ਜਲੇਬੀਆਂ ਲਿਆਈ ਤੇ ਲਿਫ਼ਾਫ਼ਾ ਬੀਰਾਂ ਨੂੰ ਫੜਾ ਦਿੱਤਾ। ਬੀਰਾਂ ਨੇ ਲਿਫ਼ਾਫ਼ੇ ਦਾ ਮੂੰਹ ਖੋਲ੍ਹ ਕੇ ਜਲੇਬੀਆਂ ਉੱਤੇ ਉਡਦੀ ਜਿਹੀ ਨਜ਼ਰ ਮਾਰੀ ਤੇ ਉਹਨੂੰ ਚੁੰਨੀ ਦੇ ਲੜ ਨਾਲ ਬੰਨ੍ਹ ਲਿਆ। ਹੁਣ ਉਹ ਗੰਭੀਰ ਖ਼ੁਸ਼ੀ ਵਿੱਚ ਮਸਤ ਸੀ। ਉਹ ਚੁੱਪ ਜਿਹੀ ਹੋ ਗਈ ਸੀ। ਪਤਾ ਨਹੀਂ ਕੀ ਸੋਚ ਰਹੀ ਹੋਵੇਗੀ। ਬੀਵੀ ਨੇ ਚਾਹ ਦੇ ਗਲਾਸ ਨਾਲ ਅੰਬ ਦਾ ਅਚਾਰ ਧਰ ਕੇ ਉਹਨੂੰ ਦੋ ਰੋਟੀਆਂ ਵੀ ਦੇ ਦਿੱਤੀਆਂ। ਉੱਥੇ ਬੈਠਿਆਂ ਹੀ ਬਿਨਾਂ ਕਿਸੇ ਸੰਗ ਸ਼ਰਮ ਦੇ ਉਹ ਨੇ ਰੋਟੀਆਂ ਚਾਹ ਨਾਲ ਘੱਟਾ-ਬਾਟੀ ਕਰਕੇ ਖਾ ਲਈਆਂ।
ਉਹ ਉੱਠੀ ਤਾਂ ਬੀਵੀ ਉਹਨੂੰ ਪੰਜ ਰੁਪਏ ਦੇਣ ਲੱਗੀ। ਬੀਰਾਂ ਪੈਸੇ ਨਹੀਂ ਲੈ ਰਹੀ ਸੀ। ਕਹਿੰਦੀ, "ਤੁਸੀਂ ਸਾਡੇ ਪਿੰਡ ਦੇ ਓ। ਥੋਡੇ ਕੋਲੋਂ ਪੈਸੇ ਨਹੀਂ ਲੈਣੇ।
‘ਪਿੰਡ ਦੇ ਆਂ, ਫੇਰ ਕੀ ਐ, ਤੂੰ ਮਿਹਨਤ ਕੀਤੀ ਐ। ਮਿਹਨਤ ਦੇ ਪੈਸੇ ਤਾਂ ਲੈਣੇ ਈ ਨੇ। ਤੂੰ ਪੈਸੇ ਫੜ ਲੈ।' ਮੈਂ ਗੰਭੀਰ ਹੋ ਕੇ ਆਖਿਆ।
ਨਹੀਂ, ਪੈਸੇ ਨਹੀਂ ਮੈਂ ਲੈਣੇ। ਕੋਈ ਹੋਰ ਕੰਮ ਹੈਗਾ ਤਾਂ ਦੱਸੋਂ।
ਬੀਰਾਂ ਅਮੋੜ ਸੀ।
ਮੈਂ ਦੁਬਿਧਾ ਵਿੱਚ ਸਾਂ। ਸੋਚਦਾ ਸਾਂ, ਉਹ ਕਿੰਨੀ ਭਾਵੁਕ ਹੋ ਗਈ ਹੈ। ਪੈਸੇ ਨਹੀਂ ਲਵੇਗੀ ਤਾਂ ਸਾਡੇ ਮਨ 'ਤੇ ਬੋਝ ਰਹੇਗਾ। ਉਹਨੂੰ ਪੈਸੇ ਲੈ ਲੈਣੇ ਚਾਹੀਦੇ ਹਨ।
ਬੀਵੀ ਹੱਥੋਂ ਪੰਜਾਂ ਦਾ ਨੋਟ ਲੈ ਕੇ ਉਹਦੇ ਵੱਲ ਵਧਾਅ ਕੇ ਮੈਂ ਕਿਹਾ, 'ਨਹੀਂ ਬੀਰਾਂ, ਇਹ ਤਾਂ ਮਿਹਨਤ ਐ।'
ਕੋਈ ਹੋਰ ਗੱਲ ਸੁਣੇ ਬਗ਼ੈਰ ਉਹ ਸਾਡੇ ਘਰੋਂ ਬਾਹਰ ਹੋਣ ਲੱਗੀ।
‘ਚੰਗਾ, ਇੱਕ ਗੱਲ ਸੁਣ।' ਮੈਂ ਉੱਚਾ ਬੋਲ ਕੇ ਉਹਨੂੰ ਖੜ੍ਹਾ ਲਿਆ।
ਉਹ ਗਰਦਨ ਭੰਵਾਂ ਕੇ ਰੁਕ ਗਈ।
‘ਜੇ ਤੂੰ ਪੰਜ ਰੁਪਏ ਨਹੀਂ ਲੈਣੇ ਤਾਂ ਨਾ ਲੈ, ਪਰ ਤੂੰ ਧੌਲੇ ਦੀ ਐਂ। ਸਾਡੇ ਪਿੰਡ ਦੀ ਧੀ-ਧਿਆਣੀ ਐਂ। ਅਸੀਂ ਘਰ ਆਈ ਕੁੜੀ ਨੂੰ ਖ਼ਾਲੀ ਨੀਂ ਮੋੜਦੇ। ਆਹ ਪੰਜ ਰੁਪਏ ਧੀ-ਧਿਆਣੀ ਸਮਝ ਕੇ ਲੈ ਜਾ। ਹੁਣ ਤਾਂ ਠੀਕ ਐਂ ਨਾ?' ਤੇ ਫਿਰ ਉਸ ਨੇ ਪੰਜਾਂ ਦਾ ਨੋਟ ਫੜ ਲਿਆ। *
128
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ