ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਦਲੇਰ ਔਰਤ


ਬਲਵਿੰਦਰ ਦੁਸਾਂਝ ਡੌਰਚੈਸਟਰ ਰਹਿੰਦੀ ਸੀ। ਮੈਨੂੰ ਉਹਦੇ ਤਿੰਨ ਫ਼ੋਨ ਆ ਚੁੱਕੇ ਸਨ। ਤੀਜੇ ਫ਼ੋਨ ਵੇਲੇ ਉਹ ਖਿਝੀ ਹੋਈ ਸੀ, ਤੁਸੀਂ ਆਉਂਦੇ ਕਿਉਂ ਨੀਂ? ਆਖ਼ਰ ਕਾਰਨ ਕੀ ਐ? ਕੀ ਮੈਨੂੰ ਬਿਨਾਂ ਮਿਲੇ ਈ ਵਾਪਸ ਇੰਡੀਆ ਚਲੇ ਜਾਓਗੇ? ਬਰਮਿੰਘਮ ਤੋਂ ਕੋਚ ਫੜੋ, ਤਿੰਨ ਘੰਟੇ ਲੱਗਦੇ ਨੇ ਡੌਰਚੈਸਟਰ ਪਹੁੰਚਣ ਨੂੰ। ਸਾਫ਼ ਦੱਸੋ, ਆਉਣੈ, ਨਹੀਂ ਆਉਣਾ? ਐਤਵਾਰ ਛੱਡ ਕੇ ਕਿਸੇ ਵੀ ਦਿਨ ਮੈਂ ਜਾ ਸਕਦਾ ਸੀ। ਐਤਵਾਰ ਨੂੰ ਉਹ ਸ਼ਾਪ ਤੋਂ ਛੁੱਟੀ ਕਰਦੀ। ਉਸ ਦਿਨ ਉਹ ਦੇ ਬਾਹਰ ਹੋਰ ਪ੍ਰੋਗਰਾਮ ਹੁੰਦੇ।

ਬਲਵਿੰਦਰ ਮੇਰੀ ਪੁਰਾਣੀ ਪਾਠਕ ਸੀ। ਉਹਨੇ ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਸਨ ਤੇ ਕਈ ਨਾਵਲ। ਉਹ ਮੈਨੂੰ ਚਿੱਠੀ ਲਿਖਦੀ ਹੁੰਦੀ। ਉਹਦੀ ਲਿਖਾਈ ਬੇਸ਼ੱਕ ਐਨੀ ਚੰਗੀ ਨਹੀਂ ਸੀ, ਪਰ ਭਾਸ਼ਾ ਵਧੀਆ ਹੁੰਦੀ। ਚਿੱਠੀ ਲਿਖਦੀ ਜਿਵੇਂ ਕਿਸੇ ਹੋਰ ਕਾਹਲ ਵਿੱਚ ਹੋਵੇ। ਹਰ ਚਿੱਠੀ ਦੇ ਅਖ਼ੀਰ ਵਿੱਚ, ਜਦੋਂ ਲਿਫ਼ਾਫ਼ਾ ਮੁੱਕਣ ਤੇ ਆਉਂਦਾ, ਜ਼ਰੂਰ ਲਿਖਦੀ-ਬਾਕੀ ਫੇਰ ਕਦੇ। ਇੱਕ ਵਾਰ ਉਹਨੇ ਮੇਰੇ ਜਨਮ ਦਿਨ ਤੇ ਪੌਂਡ ਦਾ ਨੋਟ ਹਵਾਈ ਪੱਤਰ ਵਿੱਚ ਪਾ ਕੇ ਹੀ ਭੇਜ ਦਿੱਤਾ ਸੀ। ਇਹ ਗਲਤ ਸੀ, ਪਰ ਉਹਦੀ ਭਾਵਨਾ ਨੂੰ ਕੌਣ ਰੋਕ ਸਕਦਾ ਸੀ।

ਮੈਂ ਫ਼ੋਨ 'ਤੇ ਹੀ ਪੁੱਛਿਆ, "ਘਰ ਵਿੱਚ ਹੋਰ ਕੌਣ-ਕੌਣ ਨੇ?'

ਉਹਦਾ ਜਵਾਬ ਸੀ, "ਮੈਂ ਤੇ ਮੇਰੇ ਤਿੰਨ ਬੱਚੇ।'

‘ਸਰਦਾਰ ਸਾਅਬ?'

'ਉਹ ਨਹੀਂ।'

ਮੈਂ ਪੁੱਛਿਆ ਨਹੀਂ ਕਿ ਉਹ ਸੰਸਾਰ ਵਿੱਚ ਹੀ ਨਹੀਂ ਹਨ ਜਾਂ ਕੋਈ ਹੋਰ ਗੱਲ ਹੈ। ਦੋਵੇਂ ਪ੍ਰਸ਼ਨ ਬੜੇ ਭੈੜੇ ਲੱਗੇ ਸਨ ਮੈਨੂੰ। ਐਨਾ ਹੀ ਪੁੱਛਿਆ, "ਬੱਚੇ ਕੀ ਕਰਦੇ ਨੇ?

‘ਸਕੂਲ ਜਾਂਦੇ ਨੇ। ਇੱਕ ਮੁੰਡਾ ਐ, ਦੋ ਕੁੜੀਆਂ। ਕੁੜੀਆਂ ਵੱਡੀਆਂ ਨੇ, ਮੁੰਡਾ ਛੋਟੈ।’ ਉਹਨੇ ਦੱਸਿਆ।

ਉਸ ਦਿਨ ਸ਼ੁੱਕਰਵਾਰ ਸੀ, ਮੈਂ ਘਰ ਵਿੱਚ ਇਕੱਲਾ ਸੀ। ਘਰ ਦੇ ਮਾਲਕ ਮੀਆਂ ਬੀਵੀ ਦੋਵੇਂ ਕੰਮਾਂ ’ਤੇ ਗਏ ਹੋਏ ਸਨ। ਦੁਪਹਿਰ ਢਲ ਚੁੱਕੀ ਸੀ। ਘਰ ਵਿੱਚ ਬਹੁਤ ਇਕਾਂਤ ਸੀ। ਕਬਰਾਂ ਜਿਹੀ ਖ਼ਾਮੋਸ਼ੀ। ਮੈਂ ਸੌ-ਸੌਂ ਕੇ ਕਿਤਾਬ ਪੜ੍ਹ-ਪੜ੍ਹ ਕੇ ਥੱਕ ਚੁੱਕਿਆ ਸੀ। ਅਜਿਹੇ ਸਮੇਂ ਕਿਸੇ ਦਾ ਫ਼ੋਨ ਰੌਣਕਾਂ ਲਾ ਕੇ ਬੈਠ ਗਿਆ। ਨਹੀਂ ਤਾਂ ਸ਼ੁੱਕਰਵਾਰ ਵਾਲੇ ਦਿਨ ਕੌਣ ਕਰਦਾ ਹੈ ਫ਼ੋਨ, ਫੇਰ ਇਸ ਵੇਲੇ। ਹਫ਼ਤੇ ਦੇ ਪਹਿਲੇ ਪੰਜ ਦਿਨ ਤਾਂ

ਇੱਕ ਦਲੇਰ ਔਰਤ

129