ਕਿਸ ਨੂੰ ਪਤਾ ਸੀ, ਇਹ ਦਿਨ ਵੀ ਆਉਣਗੇ?
ਦੋਸਤ ਦਾ ਖ਼ਤ ਆਇਆ ਹੈ, 'ਸੁੱਖ ਦੇ ਦਿਨ ਜੇ ਨਹੀਂ ਰਹੇ ਤਾਂ ਰਹਿੰਦੇ ਦੁੱਖਾਂ ਦੇ ਦਿਨ ਵੀ ਨਹੀਂ। ਦਿਲ ਨੂੰ ਤਸੱਲੀ ਦੇਹ।' ਪਰ ਕੀ ਕਰਾਂ, ਮਨ ਕਿਸੇ ਵੀ ਗੱਲ 'ਤੇ ਟਿਕਦਾ ਨਹੀਂ।
ਹੁਣੇ ਸ਼ੀਸ਼ੇ ਅੱਗੇ ਬੈਠ ਕੇ ਮਾਵਾ ਦਿੱਤੀ ਪੱਗ ਪਾਣੀ ਲਾ ਕੇ ਬੰਨ੍ਹੀ ਹੈ। ਪੱਗ ਬਹੁਤ ਸੋਹਣੀ ਬੱਝੀ ਹੈ, ਪਰ ਮਨ ਰੋ ਉੱਠਿਆ ਹੈ। ਕਿਸ ਨੂੰ ਕਹਾਂ- ‘ਦੇਖੀਂ, ਚੰਗੀ ਬੱਝ ਗਈ?' ਕੰਮ 'ਤੇ ਜਾਣ ਦਾ ਵੇਲਾ ਹੁੰਦਾ ਹੈ, ਜਾਣਾ ਹੀ ਹੈ, ਰੋਟੀ?
‘ਚੱਲਿਆ ਮੈਂ ਤਾਂ।'
'ਹੈਂ...'
'ਹਾਂ....'
'ਬਿੰਦ ਕੁ ਬਹਿ ਜਾ ਮੇਰੇ ਕੋਲ।'
ਉਸ ਦੇ ਮੰਜੇ ਦੀ ਬਾਹੀ ’ਤੇ ਬੈਠ ਜਾਂਦਾ ਹਾਂ। ਉਸ ਦਾ ਹੱਥ ਫੜ ਕੇ ਘੁੱਟਦਾ ਹਾਂ। ਜਾਣ ਦੀ ਕਾਹਲ ਵਿੱਚ ਹਾਂ। ਉਸ ਦੇ ਹੱਥ ਵਿਚੋਂ ਆਪਣਾ ਹੱਥ ਛੁਡਾਉਣ ਦਾ ਯਤਨ ਕਰਦਾ ਹਾਂ, ਪਰ ਮੇਰੇ ਹੱਥ ਨੂੰ ਕਾਲਜੇ ਨਾਲ ਲਾ ਕੇ ਕਾਹਨੂੰ ਕਾਲਜੇ ਵਿੱਚ ਖੁਭੋ ਕੇ ਕਹਿੰਦੀ ਹੈ- 'ਰਾਜ, ਕਦ ਮੁੜੇਂਗਾ ਹੁਣ?'
‘ਦੋ ਵਜੇ।'
ਉਹ ਹਉਕਾ ਲੈਂਦੀ ਹੈ। ਕਹਿੰਦੀ ਹੈ- 'ਹਿੱਕ ਨਾਲ ਲੱਗ ਜਾ।'
'ਇਉਂ ਨਾ ਕਰ।'
‘ਕਿਉਂ? ਉਸ ਨੇ ਮੇਰਾ ਹੱਥ ਫੜ ਰੱਖਿਆ ਹੈ।
'ਸਾਹਮਣੇ ਬੱਚੇ ਤੁਰੇ ਫਿਰਦੇ ਨੇ। ਕੀ ਕਹਿਣਗੇ?'
'ਚੰਗੇ, ਜਾਹ ਰਾਜ।'
ਤੁਰਨ ਲੱਗਦਾ ਹਾਂ। ਇੱਕ ਵਿਲਕਦੀ ਚਿਚਲਾਂਦੀ ਹੂੰਗਰ ਕੰਨੀਂ ਪੈਂਦੀ ਹੈ।
‘ਕਿਉਂ?'
‘ਜਣੀਂਦੀ ਕਾਲਜਾ ਕੱਢ ਲਿਆ ਕਾਸੇ ਨੇ। ਫੜੀਂ ਏਥੋਂ। ਦੱਬ ਕੇ ਘੁੱਟ ਲੈ।'
ਉਸ ਦੇ ਕਾਲਜੇ ਵਿੱਚ ਮੁੱਕੀ ਦਿੰਦਾ ਹਾਂ।
‘ਤੇਰ੍ਹਵੀ ਤਾਂ ਕੀਤੀ ਸੀ ਰੱਬ ਨੇ, ਇਹ ਡੋਬ ਕਾਹਤੋਂ ਪੈਂਦੇ ਨੇ?'