ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕੋਈ ਹੁੰਗਾਰਾ ਵੀ ਨਹੀਂ ਭਰਦਾ। ਘੰਟੀ ਵੱਜਦੀ ਰਹਿੰਦੀ ਹੈ, ਕੋਈ ਫ਼ੋਨ ਚੁੱਕਦਾ ਹੀ ਨਹੀਂ। ਬਲਵਿੰਦਰ ਨੂੰ ਮੈਂ ਆਖ ਦਿੱਤਾ ਕਿ ਮੈਂ ਅਗਲੇ ਸੋਮਵਾਰ ਆ ਰਿਹਾ ਹਾਂ। ਬਰਮਿੰਘਮ ਤੋਂ ਨੌਂ-ਦਸ ਵਜੇ ਸਵੇਰੇ ਕੋਚ ਫੜਾਂਗਾ, ਫ਼ੋਨ ਕਰਕੇ ਆਵਾਂਗਾ। ਉਹ ਮੈਨੂੰ ਡੌਰਚੈਸਟਰ ਬੱਸ-ਸਟਾਪ ਤੋਂ ਲੈ ਲਵੇ।

ਉਹ ਹੁਣ ਖ਼ੁਸ਼ ਸੀ। ਕਹਿੰਦੀ, "ਠੀਕ ਐ। ਮੈਂ ਬੱਸ-ਸਟਾਪ ਤੋਂ ਤੁਹਾਨੂੰ ਚੁੱਕ ਲਵਾਂਗੀ।

‘ਚੁੱਕਣਾ ਸ਼ਬਦ ਇੰਗਲੈਂਡ ਵਿੱਚ ਆਮ ਬੋਲਿਆ ਜਾਂਦਾ ਹੈ। ਇਸ ਦਾ ਮਤਲਬ ਹੁੰਦਾ ਹੈ, 'ਲੈ ਜਾਣਾ।' ਪਰ ਜਦੋਂ ਹੀ ਕੋਈ ਇਹ ਸ਼ਬਦ ਬੋਲਦਾ, ਮੈਨੂੰ ਹਾਸਾ ਆਉਂਦਾ। ਜਿਵੇਂ ਕਿਸੇ ਨੂੰ ਲੱਕੋਂ ਚੁੱਕਣਾ ਹੋਵੇ ਜਾਂ ਗੋਦੀ ਚੁੱਕਣਾ ਹੋਵੇ ਕੋਈ ਜੁਆਕ। ਬਲਵਿੰਦਰ ਦੀ ਗੱਲ 'ਤੇ ਵੀ ਹੱਸ ਪਿਆ। ਉਹ ਬੋਲੀ, 'ਕੀ ਗੱਲ, ਇਹ ਕਾਹਦਾ ਹਾਸਾ ਆ ਗਿਆ ਤੁਹਾਨੂੰ?'

'ਆਹ ਚੁੱਕਣ ’ਤੇ। ਤੂੰ ਮੈਨੂੰ ਚੁੱਕੀ ਨਾ।ਮੈਂ ਆਪੇ ਈ ਤੇਰੀ ਕਾਰ ਚ ਬੈਠਾ ਜੂੰਗਾ। ਮੇਰੀ ਗੱਲ ਤੇ ਉਹ ਵੀ ਹੱਸਣ ਲੱਗੀ। ਡੌਰਚੈਸਟਰ ਤੋਂ ਚਾਰ ਮੀਲ ਦੀ ਵਿੱਥ ਤੇ ਹਾਇਰ ਹੈਂਪਟਨ ਹੈ। ਇੱਥੇ ਹੀ ਦੁਨੀਆਂ ਦਾ ਮਸ਼ਹੂਰ ਨਾਵਲਕਾਰ ਥਾਮਸ ਹਾਰਡੀ ਪੈਦਾ ਹੋਇਆ ਸੀ। ਉਹਦੇ ਇੱਕੋ ਨਾਵਲ ‘ਟੈਂਸ’ ਨੇ ਉਸ ਨੂੰ ਗਲਪ-ਸਾਹਿਤ ਦੀ ਬੁਲੰਦੀ 'ਤੇ ਪਹੁੰਚਾ ਦਿੱਤਾ ਸੀ। ਮੈਂ ਉਹਦੇ ਦੋ ਨਾਵਲ ਹੋਰ ‘ਵਾਰ ਫਰੌਮ ਦੀ ਮੈਡਿੰਗ ਕਰਾਉਡ’ ਤੇ ‘ਦੀ ਮੇਅਰ ਆਫ ਕਾਸਟਰਬਰਿੱਜ ਵੀ ਪੜੇ ਹੋਏ ਸਨ। ਕਾਸਟਰਬਰਿੱਜ ਫ਼ਰਜ਼ੀ ਨਾਂ ਹੈ, ਡੌਰਚੈਸਟਰ ਦਾ। ਹਾਰਡੀ ਮੇਰਾ ਮਨਪਸੰਦ ਲੇਖਕ ਸੀ। ਸੋਚਿਆ ਸੀ, ਚਲੋ ਹਾਰਡੀ ਦਾ ਜਨਮ ਸਥਾਨ ਦੇਖ ਆਵਾਂਗਾ। ਮੈਂ ਪੜ੍ਹਿਆ ਸੀ ਕਿਤੇ ਕਿ ਡੌਰਚੈਸਟਰ ਦੇ ਨਾਲ ਹੀ ਸਮੁੰਦਰ ਹੈ। ਸਮੁੰਦਰ ਦੇ ਦਰਸ਼ਨ ਵੀ ਕਰਾਂਗਾ। ਜਦੋਂ ਕਦੇ ਵੀ ਮੈਂ ਸਮੁੰਦਰ ਵਿੱਚ ਉੱਠਦੀਆਂ ਭਿਆਨਕ ਛੱਲਾਂ ਦੇਖਦਾ ਤਾਂ ਮੈਨੂੰ ਮਨੁੱਖੀ ਜੀਵਨ ਭੁੱਲਣ ਲੱਗ ਪੈਂਦਾ ਹੈ। ਜਿਵੇਂ ਬੱਸ ਸਮੁੰਦਰ ਹੀ ਸਮੁੰਦਰ ਹੋਵੇ, ਧਰਤੀ ਗੁਆਚ ਗਈ ਹੈ। ਮਨੁੱਖ ਕਿਧਰੇ ਨਹੀਂ ਹੈ। ਕੋਚ ਵਿੱਚ ਮੈਂ ਬਾਰੀ ਕੋਲ ਬੈਠਾ ਸਾਂ। ਜਿਉਂ-ਜਿਉਂ ਡੌਰਚੈਸਟਰ ਨੇੜੇ ਆਉਂਦਾ ਜਾ ਰਿਹਾ ਸੀ। ਬਾਰੀ ਵਿਚੋਂ ਦਿੱਸਦੇ ਖੇਤ ਤੇ ਖੇਤਾਂ ਵਿੱਚ ਕਿਧਰੇ-ਕਿਧਰੇ ਚਰਦੀਆਂ ਭੇਡਾਂ ਦੇਖ ਕੇ ਮੈਨੂੰ ਹਾਰਡੀ ਯਾਦ ਆਉਂਦਾ। ਲੱਗਦਾ, ਹਾਰਡੀ ਦੇ ਪ੍ਰੇਰਨਾ ਸ੍ਰੋਤ ਇਹੀ ਖੇਤ ਹੋਣਗੇ, ਇਹੀ ਭੇਡਾਂ, ਇਹੀ ਲੋਕ। ਪ੍ਰੈੱਸ ਇੱਥੇ ਹੀ ਕਿਤੇ ਖੜ੍ਹੀ ਹੋਵੇਗੀ। ਡੌਰਚੈਸਟਰ ਦੇ ਬੱਸ-ਸਟਾਪ ਜਾ ਕੇ ਮੈਂ ਉਤਰਿਆ ਤਾਂ ਉਹ ਥੋੜ੍ਹਾ ਹਟ ਕੇ ਆਪਣੀ ਕਾਲੀ ਕਾਰ ਦੇ ਕੋਲ ਹੱਥ ਵਿੱਚ ਕੋਈ ਅੰਗਰੇਜ਼ੀ ਮੈਗਜ਼ੀਨ ਲਈ ਖੜ੍ਹੀ ਪੜ੍ਹ ਰਹੀ ਸੀ। ਕੋਚ ਦੇਖ ਕੇ ਉਹ ਬਿੰਦੇ-ਬਿੰਦੇ ਏਧਰ ਝਾਕਦੀ ਤੇ ਮੈਗਜ਼ੀਨ ਵਿੱਚ ਫੇਰ ਨਿਗਾਹ ਗੱਡ ਲੈਂਦੀ। ਮੈਂ ਉਹਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਹਦੀ ਛੋਟੇ ਵੀ ਨਹੀਂ ਦੇਖੀ ਸੀ। ਉਹਨੇ ਫ਼ੋਨ ਤੇ ਅੱਜ ਸਵੇਰੇ ਹੀ ਆਪਣੀ ਪਹਿਚਾਣ ਦੱਸੀ ਕਿ ਉਹਦੀ ਕਾਰ ਦਾ ਰੰਗ ਕਾਲਾ ਹੈ। ਉਹ ਆਪਣੀ ਕਾਰ ਸਾਹਮਣੇ ਮੈਗਜ਼ੀਨ ਲੈ ਕੇ ਖੜ੍ਹੀ ਮੈਨੂੰ ਉਡੀਕ ਰਹੀ ਹੋਵੇਗੀ। ਕਾਲਾ ਸੂਟ ਪਹਿਨਿਆ ਹੋਵੇਗਾ। ਕਾਲੀ ਕਮੀਜ਼, ਕਾਲੀ ਸਲਵਾਰ। ਉਹਦਾ

130

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ