ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨੇ ਇੱਕ ਪੈੱਗ ਵਿਸਕੀ ਦਾ ਬਣਾਇਆ। ਵਿੱਚ ਬਰਫ਼ ਦੇ ਦੋ ਟੁਕੜੇ ਸੁੱਟ ਦਿੱਤੇ। ਦੂਜੇ ਪਿਆਲੇ ਵਿੱਚ ਆਪਣੇ ਵਾਸਤੇ ਕੋਕ ਪਾ ਲਿਆ। ਕਹਿੰਦੇ, 'ਮੈਂ ਡਰਿੰਕ ਨਹੀਂ ਕਰਦੀ। ਤੁਸੀਂ ਲਓ। ਮੈਂ ਕੋਕ ਲਊਂਗੀ।'

ਮੈਨੂੰ ਸੌਖਾ ਸਾਹ ਆਇਆ। ਮੈਂ ਦੋ ਪੈੱਗ ਪੀਤੇ। ਦੂਜਾ ਪੈਂਗ ਆਪ ਪਾ ਲਿਆ ਸੀ। ਫ਼ੋਨ ਦੀ ਘੰਟੀ ਵੱਜੀ। ਉਹ ਤੇਜ਼ੀ ਨਾਲ ਉੱਠੀ ਤੇ ਫ਼ੋਨ ਸੁਣਲ ਲੱਗੀ। ਸਿਟਿੰਗ ਦੇ ਨਾਲ ਹੀ ਪੌੜੀਆਂ ਦੇ ਸ਼ੁਰੂ ਵਿੱਚ ਫ਼ੋਨ ਰੱਖਿਆ ਹੋਇਆ ਸੀ। ਪਹਿਲਾਂ ਤਾਂ ਉਹ ਹੌਲੀ-ਹੌਲੀ, ਫੇਰ ਉੱਚਾ ਬੋਲਣ ਲੱਗੀ ਤੇ ਉਹਨੇ ਬੰਦਿਆਂ ਵਾਂਗ ਦੋ-ਤਿੰਨ ਗਾਲਾਂ ਕੱਢੀਆਂ।

ਉਹ ਵਾਪਸ ਆ ਕੇ ਮੇਰੇ ਸਾਹਮਣੇ ਕੁਰਸੀ 'ਤੇ ਬੈਠੀ ਤਾਂ ਉਹ ਦਾ ਚਿਹਰਾ ਭਖਿਆ ਹੋਇਆ ਸੀ। ਹੁਣ ਉਹ ਆਪਣੇ ਆਪ ਵਿੱਚ ਨਹੀਂ ਸੀ। ਮੈਂ ਪੁੱਛਿਆ, "ਕੌਣ ਸੀ?'

‘ਓਹੀ ਹਰਾਮਜ਼ਾਦਾ। ਕਹਿੰਦਾ ਤੂੰ ਲੈਣ ਕਿਉਂ ਆਈ ਬੱਚਿਆਂ ਨੂੰ।'

ਮੇਰੀ ਸਮਝ ਵਿੱਚ ਕੋਈ ਗੱਲ ਨਹੀਂ ਆਈ। ਮੈਂ ਉਹਦੇ ਵੱਲ ਖ਼ਾਲੀ-ਖ਼ਾਲੀ ਝਾਕਣ ਲੱਗਿਆ।

‘ਤੁਹਾਨੂੰ ਦੱਸ ਈ ਦਿਆਂ। ਇਹ ਮੇਰਾ ਹਸਬੈਂਡ ਸੀ। ਅੱਜ ਉਹਦੇ ਮੁੰਡੇ ਦਾ ਜਨਮ ਦਿਨ ਸੀ। ਮੇਰੇ ਇਹ ਤਿੰਨੇ ਬੱਚੇ ਗਏ ਸੀ। ਦੁਪਹਿਰ ਦੇ ਗਏ ਸ਼ਾਮ ਤੱਕ ਨਹੀਂ ਮੁੜੇ। ਹੁਣੇ ਆਏ ਨੇ, ਆਪ ਜਾ ਕੇ ਲਿਆਈ ਆਂ। ਮੈਨੂੰ ਫ਼ਿਕਰ ਹੋਣ ਲੱਗਿਆ। ਕੁੜੀਆਂ ਵੱਡੀਆਂ ਹੋ ਰਹੀਆਂ ਨੇ। ਮੈਂ ਉਨ੍ਹਾਂ ਨੂੰ ਲੈਣ ਚਲੀ ਗਈ। ਹੁਣ ਇਹ ਮੈਨੂੰ ਕਹਿ ਰਿਹਾ ਸੀ, ਤੂੰ ਕਿਉਂ ਆ ਕੇ ਖੜ੍ਹੀ ਮੇਰੇ ਘਰ ਦੇ ਸਾਹਮਣੇ? ਮੈਂ ਤਾਂ ਸੁਣਾਂ ’ਤੀਆਂ ਫੇਰ।

ਮੈਂ ਸਮਝ ਗਿਆ ਕੁਝ, ਇਹਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਹੈ। ਉਹ ਦੇ ਦੂਜੇ ਵਿਆਹ ਦੇ ਮੁੰਡੇ ਦਾ ਜਨਮ ਦਿਨ ਹੋਵੇਗਾ। ਪਰ .. ਮੈਂ ਪੁੱਛਿਆ, 'ਤੇਰੇ ਬੱਚੇ ਕਿਉਂ ਗਏ ਸੀ?'

'ਬੱਚੇ ਜਾਂਦੇ ਨੇ ਜੀ। ਇਸ ਦੇਸ਼ ਦੇ ਕਾਨੂੰਨ ਅਜੀਬ ਨੇ। ਇਹ ਕੋਰਟ ਦਾ ਫ਼ੈਸਲਾ ਐ ਕਿ ਬੱਚੇ ਆਪਣੇ ਬਾਪ ਨੂੰ ਮਿਲਦੇ ਰਹਿਣਗੇ।

'ਅੱਛਾ। ਵਾਕਿਆ ਈ ਅਜੀਬ ਫ਼ੈਸਲਾ ਐ।'

ਜਿਹੜੀ ਉਹਦੇ ਘਰ ਐਨਾ ਹੁਣ ਕੁੱਤੀ, ਮੇਰੀ ਭਤੀਜੀ ਐ। ਮੈਂ ਈ ਲਿਆਂਦਾ ਸੀ ਉਹ ਨੂੰ। ਮੇਰਾ ਘਰ ਈ ਉਜਾੜ ਦਿੱਤਾ, ਕੀੜੇ ਪੈਣੀ ਨੇ। ਉਹ ਭਰੇ ਬੱਦਲ ਵਾਂਗ ਫਟਣ ਲੱਗੀ। ਮੈਂ ਤੀਜਾ ਪੈੱਗ ਬਣਾ ਲਿਆ ਤੇ ਘੁੱਟ ਭਰੀ।

ਉਹ ਦੱਸ ਰਹੀ ਸੀ, "ਮੇਰੇ ਤਿੰਨ ਭਰਾ ਨੇ। ਵੱਡਾ ਆਖਦਾ ਰਹਿੰਦਾ, ਵਿੰਦਰ, ਤੂੰ ਮੇਰੇ ਕਿਸੇ ਇੱਕ ਜੁਆਕ ਨੂੰ ਲੈ ਜਾ, ਫੇਰ ਰਾਹ ਖੁੱਲ੍ਹ ਜੂਗਾ। ਬਾਕੀ ਫੇਰ ਆਪੇ ਆ ਜਾਣਗੇ। ਮੈਂ ਇਹ ਮੰਗਾ ਲਈ। ਸਤਾਰਾਂ ਵਰਿਆਂ ਦੀ ਸੀ, ਸਾਰੀ। ਦਸਵੀਂ ਪਾਸ ਸੀ। ਕਾਲਜ ਛੱਡ ਕੇ ਆਈ ਸੀ ਏਧਰ। ਸੋਚਿਆ ਸੀ, ਕੰਮ 'ਤੇ ਲਵਾ ਲੂੰਗੀ। ਫੇਰ ਇਹ ਦਾ ਵਿਆਹ ਕਰੂੰਗੀ। ਮੈਂ ਫੈਕਟਰੀ ਜਾਂਦੀ ਹੁੰਦੀ। ਬੱਚੇ ਛੋਟੇ ਸੀ। ਘਰ ਵਾਲਾ ਮੇਰਾ ਕੋਚ ਦਾ ਡਰਾਈਵਰ ਸੀ। ਹੁਣ ਵੀ ਡਰਾਈਵਰੀ ਕਰਦੈ। ਭਤੀਜੀ ਘਰੇ ਹੁੰਦੀ। ਮੈਂ ਉਹ ਦੇ ਲਈ ਕੰਮ ਲੱਭ ਰਹੀ ਸੀ। ਇੱਕ ਦਿਨ ਮੈਂ ਕੰਮ ਛੱਡ ਕੇ ਘਰ ਆਈ। ਮੇਰੀ ਤਬੀਅਤ ਠੀਕ


132

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ