ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਨਹੀਂ ਸੀ। ਘਰ ਆ ਕੇ ਦੇਖਿਆ ਤਾਂ ਮੇਰਾ ਘਰਵਾਲਾ ਵੀ ਘਰ ਸੀ। ਸਵੇਰੇ ਕੰਮ ਤੇ ਗਿਆ ਸੀ ਚੰਗਾ ਭਲਾ। ਪਤਾ ਨਹੀਂ ਕਿਹੜੇ ਵੇਲੇ ਮੁੜ ਕੇ ਆ ਗਿਆ। ਮੇਰੀ ਭਤੀਜੀ.... ਦੇ ਵਰ ਇਨ ਦਾ ਬੈਂਡ। ਮੇਰੇ ਤਾਂ ਪੈਰਾਂ ਥੱਲਿਓਂ ਜ਼ਮੀਨ ਨਿਕਲਗੀ। ਉਹ ਫਟਾ ਫਟ ਉੱਠਿਆ ਤੇ ਕੱਪੜੇ ਪਾ ਕੇ ਘਰੋਂ ਬਾਹਰ ਹੋ ਗਿਆ। ਕਾਰ ਲੈ ਗਿਆ। ਮੈਂ ਜੁੱਤੀ ਲਾਹ ਲਈ। ਬਹੁਤ ਕੁੱਟਿਆ ਭਤੀਜੀ ਨੂੰ ਮੈਂ। ਉਹ ਚੀਕਾਂ ਮਾਰ ਰਹੀ ਸੀ। ਆਖਦੀ ਸੀ, ਭੂਆ ਜੀ, ਮੇਰਾ ਕੋਈ ਕਸੂਰ ਨੀਂ। ਫੁੱਫੜ ਜੀ ਹਟਦੇ ਨੀਂ ਸੀ। ਮੇਰਾ ਕੋਈ ਕਸੂਰ ਨੀਂ। ਮੈਨੂੰ ਬੇਸ਼ੱਕ ਕਿੰਨਾ ਮਾਰ ਲਓ, ਵੱਢ ਕੇ ਟੋਟੇ ਕਰ ਦਿਓ ਮੇਰੇ।

'ਬੜਾ ਕੰਜਰ ਸੀ, ਫੇਰ ਤਾਂ ਤੇਰਾ ਇਹ ਹਸਬੈਂਡ। ਮੈਂ ਖਿਝ ਕੇ ਆਖਿਆ।

ਮੈਨੂੰ ਕੁੜੀ ਤੇ ਤਰਸ ਆਇਆ। ਉਹ ਦੋ ਦਿਨ ਕਿਧਰੋਂ ਨੀਂ ਮੁੜਿਆ। ਮੈਂ ਵੀ ਦੋ ਦਿਨ ਘਰੇ ਰਹੀ। ਕੰਮ 'ਤੇ ਨਹੀਂ ਗਈ। ਕੁੜੀ ਦੋ ਦਿਨ ਰੋਂਦੀ ਰਹੀ। ਨਾ ਅੰਨ, ਨਾ ਪਾਣੀ। ਮੇਰੇ ਪੈਰੀਂ ਹੱਥ ਲਾਵੇ। ਭੂਆ ਜੀ, ਮੇਰਾ ਕੋਈ ਕਸੂਰ ਨੀਂ। ਮੈਂ ਤੀਜੇ ਦਿਨ ਕੰਮ ਤੇ ਚਲੀ ਗਈ। ਸ਼ਾਮ ਨੂੰ ਆਈ ਤਾਂ ਉਹ ਵੀ ਨਹੀਂ ਸੀ। ਲੈ ਗਿਆ ਉਹਨੂੰ ਉਹ। ਚਿੱਠੀ ਲਿਖ ਕੇ ਰੱਖ ਗਿਆ। ਅਖੇ ਸੰਭਾਲ ਆਪਣਾ ਘਰ।'

‘ਫੇਰ?' ਮੈਂ ਪੈੱਗ ਦੀ ਹੋਰ ਘੁੱਟ ਭਰੀ।

ਉਹਨੇ ਅਲੱਗ ਮਕਾਨ ਲੈ ਲਿਆ। ਕੁੜੀ ਨੂੰ ਨਾਲ ਰੱਖਿਆ ਹੋਇਆ ਸੀ। ਫੇਰ ਮੇਰਾ ਡਾਈਵੋਰਸ ਚੱਲਿਆ। ਮੇਰਾ ਕੁਝ ਨਹੀਂ ਬਣਿਆ। ਡਾਈਵੋਰਸ ਮਨਜ਼ੂਰ ਹੋ ਗਿਆ। ਹੁਣ ਉਸ ਕੁੱਤੀ ਦੇ ਦੋ ਜੁਆਕ ਨੇ।

ਬਲਵਿੰਦਰ ਹਫ਼ੀ ਬੈਠੀ ਸੀ। ਬੜੀ ਬੁਰੀ ਹਾਲਤ ਸੀ ਵਿਚਾਰੀ ਦੀ। ਦੱਸਣ ਲੱਗੀ, "ਅਸੀਂ ਇਕੱਠੇ ਪੜ੍ਹੇ ਸੀ, ਫਗਵਾੜੇ। ਬੀ. ਐੱਡ. ਦੀ ਟ੍ਰੇਨਿੰਗ ਕੱਠਿਆ ਨੇ ਕੀਤੀ। ਓਦੋਂ ਤਾਂ ਪੈਰੀ ਹੱਥ ਲਾਉਂਦਾ ਹੁੰਦਾ ਮੇਰੇ, ਕੁੱਤੇ ਵਾਂਗੂੰ ਪੁਛ ਹਿਲਾਉਂਦਾ ਸੀ-ਵਿੰਦਰ, ਮੇਰਾ ਤਾਂ ਸਭ ਕੁਝ ਤੂੰ ਐਂ। ਮੇਰੇ ਨਾਲ ਵਿਆਹ ਕਰਾ ਲੈ। ਉਨ੍ਹਾਂ ਦਿਨਾਂ 'ਚ ਈ ਮੈਂ ਕਿਵੇਂ ਨਾ ਕਿਵੇਂ ਇੱਥੇ ਇੰਗਲੈਂਡ ਆ ਗਈ। ਦੇਹ ਚਿੱਠੀ 'ਤੇ ਚਿੱਠੀ। ਮੈਂ ਇਹਨੂੰ ਮੰਗਵਾ ਲਿਆ ਫੇਰ। ਓਧਰ ਈ ਵਿਆਹ ਹੋਇਆ ਸੀ ਸਾਡਾ।

ਤੇ ਇਹ ਭਤੀਜੀ ਦਾ ਭਲਾ ਸੋਚਿਆ ਸੀ ਮੈਂ ਤਾਂ, ਮੇਰੀ ਸੌਂਕਣ ਬਣ ਕੇ ਬੈਠ ਗੀ।

ਮਾਰ ਗੋਲੀ ਦੋਵਾਂ ਦੇ। ਭੁੱਲ ਜਾ ਇਹ ਕਿੱਸਾ। ਤੂੰ ਹੋਰ ਵਿਆਹ ਕਰ ਲੈ।' ਇਸ ਦੇਸ਼ ਦੇ ਰਿਵਾਜ ਦੇਖ ਕੇ ਮੈਂ ਸੁਝਾਓ ਦਿੱਤਾ।

ਉਹ ਕਹਿੰਦੀ, 'ਨਹੀਂ, ਮੈਨੂੰ ਬੰਦੇ ਦੀ ਜਾਤ ਤੋਂ ਈ ਨਫ਼ਰਤ ਐ ਹੁਣ। ਮੈਂ ਹੁਣ ਤੱਕ ਵਾਹਿਗੁਰੂ ਜਾਣਦੈ ਮੇਰਾ, ਕਿਸੇ ਹੋਰ ਮਰਦ ਨੂੰ ਆਪਣੀ ਜ਼ਿੰਦਗੀ 'ਚ ਦਾਖ਼ਲ ਨਹੀਂ ਹੋਣ ਦਿੱਤਾ। ਮੈਂ ਇਕੱਲੀ ਕੱਟ ਕੇ ਦਿਖਾਉਂਗੀ।'

'ਨਹੀਂ, ਇਹ ਤੇਰਾ ਫ਼ੈਸਲਾ ਗ਼ਲਤ ਐ। ਸਾਥੀ ਤਾਂ ਕੋਈ ਚਾਹੀਦੈ।

'ਇਨ੍ਹਾਂ ਬੱਚਿਆਂ ਦਾ ਕੀ ਕਰਾਂ ਜੀ ਫੇਰ? ਇਨ੍ਹਾਂ ਦੀ ਜ਼ਿੰਦਗੀ ਦਾ ਸਵਾਲ ਐ।'

'ਚੱਲ, ਉਡੀਕ ਲੈ। ਕੁੜੀਆਂ ਦੇ ਵਿਆਹ ਕਰ ਲੈ। ਮੁੰਡਾ ਕੰਮ ਤੇ ਲੱਗ ਜੂਗਾ। ਵਿਆਹਿਆ ਜਾਊ। ਫੇਰ ਕੋਈ ਡਰ ਨੀਂ। ਤੂੰ ਸੋਚ ਕੇ ਦੇਖ। ਮੈਰਿਜ ਤੂੰ ਜ਼ਰੂਰ ਕਰੀਂ। ਉਨ੍ਹਾਂ ਦੇ ਮਾਰ ਗੋਲੀ। ਭੁੱਲ ਜਾਹ ਉਨ੍ਹਾਂ ਨੂੰ।'

ਇੱਕ ਦਲੇਰ ਔਰਤ

133