ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਚੜ੍ਹਦੀ ਕਲਾ

ਘਰ ਵਾਲੀ ਨੇ ਦੱਸਿਆ ਕਿ ਜੰਗ ਨੂੰ ਆਇਆ ਸੀ, ਬਰਫ਼ੀ ਦਾ ਡੱਬਾ ਦੇ ਗਿਆ ਹੈ।

ਬਰਫ਼ੀ ਦਾ ਡੱਬਾ? ਕਿਉਂ ਬਈ?" ਮੈਂ ਹੈਰਾਨ ਸੀ। 'ਜੰਗ ਬਹਾਦਰ ਸਿੰਘ ਤੇ ਬਰਫ਼ੀ ਦਾ ਡੱਬਾ! ਗੱਲ ਕੀ ਹੋਈ ਇਹ?' ਮੇਰਾ ਮਨ ਝਗੜਾ ਕਰਨ ਲੱਗ ਪਿਆ। ਸੋਚ ਰਿਹਾ ਸਾਂ ਇਹ ਇਕਦਮ ਤਬਦੀਲੀ ਕਿਵੇਂ ਆਈ ਉਹਦੇ 'ਚ...? ਪੁੱਛਿਆ, 'ਬੋਲਿਆ ਨੀਂ ਕੁੱਛ?'

'ਨਾ ਬੱਸ, ਕਹਿੰਦਾ ਸੀ, ਕੱਦੂ ਨੂੰ ਕਹਿ ਦੇਂ, ਚੜ੍ਹਦੀ ਕਲਾ ਐ। ਹੁਣ ਠੀਕ ਆਂ ਮੈਂ। ਤਿੰਨ ਪੋਤੇ ਅਗਲੀਆਂ ਜਮਾਤਾਂ ਚੜ੍ਹਗੇ। ਅੱਜ ਨਤੀਜਾ ਸੁਣਾਇਆ ਸਕੂਲ ਵਾਲਿਆਂ ਨੇ। ਮਖਿਆ, ਨਾਲੇ ਕੱਦੂ ਨੂੰ ਮਿਲ ਆਵਾਂਗੇ।' ਫੇਰ ਘਰਵਾਲੀ ਹੱਸ ਕੇ ਮੈਨੂੰ ਪੁੱਛਣ ਲੱਗੀ, "ਕਿਉਂ ਜੀ, ਉਹ ਥੋਨੂੰ ਕੱਦੂ ਕਿਉਂ ਆਖਦਾ ਹੁੰਦੈ?'

'ਜਦੋਂ ਉਹਦਾ ਚਿੱਤ ਠੀਕ ਹੋਵੇ ਤੇ ਉਹ ਚੜ੍ਹਦੀ ਕਲਾ 'ਚ ਹੁੰਦੇ ਤਾਂ ਮੈਨੂੰ ਕੱਦੂ ਆਖਦੈ, ਨਹੀਂ ਭੱਠਲ ਸਾਅਬ ਜਾਂ ਸਿਰਫ਼ ਗਿਆਨ।

'ਹਾਂ ਜੀ, ਚਿੱਟੀ ਜੀਪ ਗੇਟ ਮੂਹਰੇ ਆ ਕੇ ਖੜ੍ਹ 'ਗੀ। ਮਖਿਆ-ਪਤਾ ਨਹੀਂ ਕੌਣ ਐ? ਹਾਕ ਮਾਰੀ-ਭੱਠਲ ਸਾਅਬ ਮੈਂ ਦੇਖਣ ਗਈ ਤਾਂ ਸਤਿ ਸ੍ਰੀ ਅਕਾਲ ਬੁਲਾਕੇ ਡੱਬਾ ਫੜਾ 'ਤਾ। ਫੇਰ ਥੋਨੂੰ ‘ਕੱਦੂ-ਕੱਦੂ' ਆਖ ਕੇ ਪੁੱਛਣ ਲੱਗ ਪਿਆ। ਉਹ ਥੋਡਾ ਸਿੱਧਾ ਨਾਉਂ ਕਿਉਂ ਨੀਂ ਲੈਂਦਾ ਜੀ?'

ਮੈਂ ਦੱਸਿਆ-ਜਦੋਂ ਅਸੀਂ ਕਾਲਜ 'ਚ ਪੜ੍ਹਦੇ ਹੁੰਦੇ, ਮੇਰਾ ਛੋਟਾ ਕੱਦ ਹੋਣ ਕਰਕੇ ਹੋਸਟਲ ਦੇ ਮੁੰਡਿਆਂ ਨੇ ਮੇਰਾ ਨਾਉਂ ਕੱਦੂ ਪਕਾ ਲਿਆ। ਪਹਿਲਾਂ-ਪਹਿਲਾਂ ਤਾਂ ਖਿਝ ਚੜ੍ਹਦੀ ਸੀ, ਫੇਰ ਨੀਂ। ਫੇਰ ਕੱਦੂ ਨਾਉਂ ਮੈਨੂੰ ਆਪ ਈ ਪਿਆਰਾ ਲੱਗਦਾ। ਹੁਣ ਜਦੋਂ ਕੋਈ ਮੈਨੂੰ ਕੱਦੂ ਕਹਿ ਕੇ ਬੁਲਾਉਦੇ, ਮੈਨੂੰ ਮਾਨਸਿਕ ਤਸੱਲੀ ਮਿਲਦੀ ਐ। ਮੈਂ ਸਮਝਦਾਂ, ਉਹ ਮੇਰਾ ਆਪਣਾ ਐ ਕੋਈ। ਕੱਦੂ ਨਾਉਂ ਸੁਣਨ ਖ਼ਾਤਰ ਤਾਂ ਮੈਂ ਤਰਸਦਾ ਰਹਿਨਾਂ।ਏਸ ਜੰਗ ਨੂੰ ਦਾ ਪੂਰਾ ਨਾਉਂ ਐ ਜੰਗ ਬਹਾਦਰ ਸਿੰਘ ਚੜ੍ਹਦੀ ਕਲਾ। ਇਹਨੂੰ ਕਿਸੇ ਨੇ ਪੁੱਛਣਾ-ਕੀ ਹਾਲ ਐ ਨੰਗਿਆ?' ਤਾਂ ਇਹਨੇ ਜਵਾਬ ਦੇਣਾ-ਚੜ੍ਹਦੀ ਕਲਾ। ਮੁੰਡਿਆਂ ਨੇ ਇਹਦਾ ਨਾਉਂ ਚੜ੍ਹਦੀ ਕਲਾ ਪਕਾ ਲਿਆ। ਹੋਸਟਲ 'ਚ ਸਾਰੇ ਮੁੰਡਿਆਂ ਦੇ ਕੋਈ ਨਾ ਕੋਈ ਨਾਉਂ ਧਰੇ ਹੋਏ ਸੀ।'

'ਹੁਣ ਮੈਂ ਵੀ ਥੋਨੂੰ ਕੱਦੂ ਆਖਿਆ ਕਹੂੰ। ਮੈਂ ਵੀ ਤਾਂ ਥੋਡੀ ਆਪਣੀ ਆਂ। ਨਹੀਂ?'

'ਲੈ, ਤੂੰ ਕਹਿ ਲਿਆ ਕਰ। ਪਰ ਤੇਰੀ ਰੀਸ ਆਪਣੇ ਜੁਆਕ ਨਾ ਕਿਤੇ ਮੈਨੂੰ ਕੱਦੂ ਆਖਣ ਲੱਗ ਪੈਣ। ਫੇਰ ਤਾਂ ਜਮ੍ਹਾਂ ਈ ਕੱਦੂ-ਕੱਸ ਹੋ ਜੂ ਮੇਰਾ।


ਚੜ੍ਹਦੀ ਕਲਾ

135