ਮੈਂ ਤੇ ਘਰਵਾਲੀ ਦੂਜੇ ਦਿਨ ਸਵੇਰੇ ਹੀ ਉਨ੍ਹਾਂ ਦੇ ਪਿੰਡ ਗਏ। ਘਰ ਵੜਨ ਵੇਲੇ ਡਰ ਲੱਗਦਾ ਸੀ। ਜੰਗ ਨਾਲ ਕੀ ਕਿਵੇਂ ਗੱਲ ਕਰ ਸਕਾਂਗੇ? ਉਹ ਵਰਾਂਡੇ ਵਿੱਚ ਕੁਰਸੀ ਡਾਹ ਕੇ ਬੈਠਾ ਸੀ। ਸਾਨੂੰ ਦੇਖ ਕੇ ਖੜ੍ਹਾ ਨਹੀਂ ਹੋਇਆ। ਬੈਠੇ ਦਾ ਬੈਠਾ, ਜਿਵੇਂ ਧਰਤੀ ਵਿੱਚ ਕੋਈ ਠੋਸ ਚੀਜ਼ ਗੱਡ ਕੇ ਖੜ੍ਹੀ ਕੀਤੀ ਹੋਵੇ। ਮੈਂ ਆਪ ਹੀ ਦੂਜੀ ਕੁਰਸੀ ਉਹ ਦੇ ਨੇੜੇ ਕੀਤੀ ਤੇ ਬੈਠ ਗਿਆ। ਘਰਵਾਲੀ ਅੰਦਰ ਕਿਧਰੇ ਜੰਗ ਦੀ ਪਤਨੀ ਤੇ ਨੂੰਹ ਕੋਲ ਜਾ ਬੈਠੀ। ਮੈਂ ਖ਼ੁਦ ਹੀ ਗੱਲ ਤੋਰੀ-ਮੈਨੂੰ ਤਾਂ ਕੱਲ੍ਹ ਪਤਾ ਲੱਗਿਆ। ਕਿਸੇ ਨੇ ਦੱਸਿਆ ਈ ਨੀਂ। ਕਾਰਡ ਭੇਜ ਦਿੰਦਾ, ਭੋਗ ਤੇ ਤਾਂ ਆ ਜਾਂਦਾ ਮੈਂ। ਤੂੰ ਗੁੱਸਾ ਕਰਦਾ ਹੋਵੇਗਾ, ਬਈ ਗਿਆਨ....।'
'ਕਾਰਡ ਕੀਹਨੂੰ ਸੁੱਝੇ ਐ? ਜੀਹਨੂੰ ਪਤਾ ਲੱਗਿਆ, ਆ ਗਿਆ। ਨਹੀਂ ਕੋਈ ਆਇਆ ਤਾਂ ਵੀ ਕੀਹ ਐ। ਜੋ ਹੋਣਾ ਸੀ, ਹੋ ਗਿਆ। ਕੋਈ ਆਓ, ਨਾ ਆਓ।" ਉਹ ਓਪਰਿਆਂ ਵਾਂਗ ਮੇਰੇ ਵੱਲ ਝਾਕ ਰਿਹਾ ਸੀ।
'ਯਾਰ, ਬਹੁਤ ਮਾੜਾ ਹੋਇਆ। ਕਿਵੇਂ....? ਚਾਹੇ ਮੈਨੂੰ ਨੰਬਰਦਾਰ ਨੇ ਸਭ ਦੱਸ ਦਿੱਤਾ ਸੀ, ਪਰ ਮੈਂ ਉਹਦੇ ਮੂੰਹੋਂ ਸੁਣਨਾ ਚਾਹਿਆ।
ਉਹ ਦੱਸਣ ਲੱਗਿਆ ਕਿ 'ਕੁੱਕੜ ਟਰੈਕਟਰ-ਟਰਾਲੀ ਲੈ ਕੇ ਖੇਤ ਨੂੰ ਜਾ ਰਿਹਾ ਸੀ। ਝਖੇੜਾ ਵਗ ਕੇ ਹਟਿਆ ਸੀ। ਤੜਕੇ ਦਾ ਵੇਲਾ ਸੀ। ਇੱਕ ਖੰਭਾ ਡਿੱਗਿਆ ਹੋਣ ਕਰਕੇ ਰਾਹ ਵਿੱਚ ਬਿਜਲੀ ਦੀਆਂ ਤਾਰਾਂ ਨੀਵੀਆਂ ਸਨ, ਬਹੁਤ ਨੀਵੀਆਂ। ਤਾਰਾਂ ਉਤਾਂਹ ਚੁੱਕੇ ਬਗ਼ੈਰ ਟਰੈਕਟਰ ਲੰਘ ਨਹੀਂ ਸਕਦਾ ਸੀ। ਬਿਜਲੀ ਬੰਦ ਸੀ। ਸਭ ਨੂੰ ਪਤਾ ਸੀ ਕਿ ਬਿਜਲੀ ਬੰਦ ਹੈ। 'ਕੁੱਕੜ ਨੇ ਆਪਣੇ ਇੱਕ ਹੱਥ ਨਾਲ ਤਾਰਾਂ ਦਾ ਰੁੱਗ ਉਤਾਂਹ ਕਰਕੇ ਟਰੈਕਟਰ ਲੰਘਾਉਣਾ ਚਾਹਿਆ, ਪਰ ਕੁਦਰਤ ਰੱਬ ਦੀ, ਤਾਰਾਂ ਵਿੱਚ ਕਰੰਟ ਆ ਗਿਆ। ਐਨੀ ਵੋਲਟੇਜ, ਛੱਡਦੀ ਐ ਬਿਜਲੀ? ....।'
ਉਹ ਚੁੱਪ ਹੋ ਗਿਆ। ਰੋਇਆ ਵੀ ਨਹੀਂ। ਐਨੇ ਦਿਨ ਰੋਂਦਾ ਹੀ ਰਿਹਾ ਹੋਵੇਗਾ। ਹੁਣ ਤੱਕ ਇੱਕ ਵੀ ਹੰਝੂ ਬਾਕੀ ਨਹੀਂ ਬਚਿਆ ਹੋਵੇਗਾ, ਉਹਦੀਆਂ ਅੱਖਾਂ ਵਿੱਚ। ਜ਼ਬਾਨ ਮੇਰੀ ਵੀ ਬੰਦ ਹੋ ਗਈ। ਅਸੀਂ ਕਾਫ਼ੀ ਚਿਰ ਚੁੱਪ-ਚਾਪ ਬੈਠੇ ਰਹੇ। ਐਨੇ ਨੂੰ ਕੁੜੀ ਦਲਜੀਤ ਚਾਹ ਦੇ ਗਈ। ਕੁੜੀ ਤੇ ਪਰੌਂਣਾ ਓਥੇ ਸਨ। ਚਾਹ ਪੀਣ ਦੀ ਹਿੰਮਤ ਨਹੀਂ ਸੀ। ਜੰਗ ਬਹਾਦਰ ਸਿੰਘ ਦੇ ਦੋ ਲੜਕੇ ਸਨ ਤੇ ਇੱਕ ਲੜਕੀ। ਉਹਦੇ ਪਿਤਾ ਫ਼ੌਜ ਵਿਚੋਂ ਸੂਬੇਦਾਰ ਪੈਨਸ਼ਨ ਆਏ। ਉਹ ਹਾਕੀ ਦੇ ਵਧੀਆ ਖਿਡਾਰੀ ਸਨ। ਸੰਸਾਰ-ਪ੍ਰਸਿੱਧ ਹਾਕੀ-ਖਿਡਾਰੀ ਮੇਜਰ ਧਿਆਨ ਚੰਦ ਦੀ ਟੀਮ ਵਿੱਚ ਖੇਡਦੇ ਰਹੇ। ਪਿਤਾ ਕਰਕੇ ਜੰਗ ਨੂੰ ਵੀ ਹਾਕੀ ਦੀ ਲਗਨ ਸੀ। ਕਾਲਜ ਵਿੱਚ ਉਹ ਵੀ ਏ-ਟੀਮ ਦਾ ਪਲੇਅਰ ਸੀ।
ਜ਼ਮੀਨ ਬਹੁਤ ਸੀ। ਜੰਗ ਬਹਾਦਰ ਪਿਓ ਦਾ ਇਕੱਲਾ ਪੁੱਤ ਸੀ। ਸੂਬੇਦਾਰ ਸਾਹਿਬ ਅਚਾਨਕ ਬਿਮਾਰ ਹੋ ਗਏ। ਖੇਤੀ ਦਾ ਕੰਮ ਠੱਪ ਹੋ ਗਿਆ। ਐਨੀ ਜ਼ਮੀਨ, ਐਵੇਂ ਜਾਂਦੀ ਸੀ। ਹਿੱਸੇ-ਠੇਕੇ ਵਾਲੇ ਦਿੰਦੇ ਕੁਝ ਨਹੀਂ ਸੀ। ਜੰਗ ਬਹਾਦਰ ਨੂੰ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਪਿੰਡ ਆਉਣ ਪੈ ਗਿਆ। ਆਉਂਦੇ ਹੀ ਉਹਨੂੰ ਖੇਤੀ-ਪੱਤੀ ਦੇ ਕੰਮ ਵਿੱਚ ਪੈਣਾ ਪਿਆ। ਫੇਰ ਛੇਤੀ ਹੀ ਉਹਦਾ ਵਿਆਹ ਕਰ ਦਿੱਤਾ ਗਿਆ। ਸਾਡੇ ਵਿਆਹ ਇੱਕੋ ਮਹੀਨੇ ਇੱਕੋ ਤਰੀਕ ਦੇ ਸਨ। ਕਾਲਜ ਵਿੱਚ ਅਸੀਂ ਸ਼ਰਤਾਂ ਲਾਉਂਦੇ ਹੁੰਦੇ ਕਿ ਪਹਿਲਾਂ ਕਿਸ ਦਾ ਵਿਆਹ ਹੋਵੇਗਾ। ਇਹ ਸ਼ਰਤ ਵੀ ਰੱਖਦੇ ਕਿ ਅਸੀਂ ਇੱਕ-ਦੂਜੇ ਦੀ ਬਰਾਤ
ਚੜ੍ਹਦੀ ਕਲਾ
137