ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਵਿੱਚ ਜ਼ਰੂਰ ਸ਼ਾਮਲ ਹੋਵਾਂਗੇ। ਪਰ ਇੱਕੋ ਦਿਨ ਵਿਆਹ ਹੋਣ ਕਰਕੇ ਨਾ ਉਹ ਮੇਰੀ ਬਰਾਤ ਜਾ ਸਕਿਆ ਤੇ ਨਾ ਮੈਂ ਉਹ ਦੀ ਬਰਾਤ। ਜੰਗ ਬਹਾਦਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹਨੂੰ ਹਿਸਾਬ ਦੇ ਪ੍ਰੋਫ਼ੈਸਰ ਨਾਲੋਂ ਵੱਧ ਹਿਸਾਬ ਆਉਂਦਾ। ਐੱਫ. ਐੱਸ. ਸੀ. ਵਿਚੋਂ ਉਹਨੇ ਅੱਸੀ ਫ਼ੀਸਦੀ ਨੰਬਰ ਲਏ। ਜੇ ਉਹਦੀ ਪੜ੍ਹਾਈ ਜਾਰੀ ਰਹਿੰਦੀ ਤਾਂ ਉਹ ਪਤਾ ਨਹੀਂ ਕਿੱਥੇ ਪਹੁੰਚਦਾ। ਮੈਨੂੰ ਵੀ ਐੱਫ. ਏ. ਕਰਨ ਬਾਅਦ ਘਰਦਿਆਂ ਨੇ ਵਾਪਸ ਬੁਲਾ ਲਿਆ ਸੀ, ਅਖੇ-ਹੋਰ ਖ਼ਰਚ ਨਹੀਂ ਦੇ ਸਕਦੇ। ਜੰਗ ਬਹਾਦਰ ਦਾ ਖ਼ਰਚ ਦਾ ਕੋਈ ਮਸਲਾ ਨਹੀਂ ਸੀ। ਉਦੋਂ ਉਹ ਜ਼ਿੰਦਗੀ ਵਿੱਚ ਪਹਿਲੀ ਵਾਰੀ ਉਦਾਸ ਹੋਇਆ ਸੀ।

ਉਹਦੀਆਂ ਪੰਜ ਭੈਣਾਂ ਸਨ। ਵੱਡੀਆਂ ਦੋ ਦੇ ਸੂਬੇਦਾਰ ਸਾਹਿਬ ਵਿਆਹ ਕਰ ਗਏ ਸਨ, ਤਿੰਨ ਜੰਗ ਸਿੰਘ ਨੇ ਆਪ ਵਿਆਹੀਆਂ। ਫੇਰ ਉਹਦੀ ਆਪਣੀ ਕਬੀਲਦਾਰੀ ਸ਼ੁਰੂ ਹੋ ਗਈ। ਕੁੜੀ ਵੱਡੀ ਸੀ। ਪਹਿਲਾਂ ਉਹਦਾ ਵਿਆਹ ਕੀਤਾ। ਮੁੰਡਾ ਕਨੇਡਾ ਤੋਂ ਆਇਆ ਸੀ, ਪਰ ਠੱਗੀ ਹੋ ਗਈ। ਮੁੰਡਾ ਬਾਹਰਲਾ ਹੋਵੇ ਤੇ ਕੁੜੀ ਏਧਰਲੀ ਜਾਂ ਮੁੰਡਾ ਏਧਰਲਾ ਹੋਵੇ ਤੇ ਕੁੜੀ ਓਧਰਲੀ, ਕਹਾਣੀ ਫਿੱਟ ਬੈਠਦੀ ਹੀ ਨਹੀਂ। ਸੱਭਿਆਚਾਰ ਦਾ ਫ਼ਰਕ ਮਾਨਸਿਕ ਤੌਰ ਤੇ ਇੱਕ-ਦੂਜੇ ਨੂੰ ਨੇੜੇ ਨਹੀਂ ਢੁਕਣ ਦਿੰਦਾ। ਹਮੇਸ਼ਾ ਕਜੋੜ ਰਹਿੰਦਾ ਹੈ, ਪਰ ਦਲਜੀਤ ਦਾ ਮਸਲਾ ਅਜੀਬ ਸੀ। ਵਿਆਹ ਕਰਵਾ ਕੇ ਮੁੰਡਾ ਇੱਕ ਮਹੀਨਾ ਏਧਰ ਰਿਹਾ। ਮੁੜ ਕੇ ਉੱਧਰੋਂ ਆਇਆ ਹੀ ਨਹੀਂ। ਨਾ ਕੋਈ ਕਾਗਜ਼-ਪੱਤਰ ਭੇਜਿਆ। ਉਡੀਕ-ਉਡੀਕ ਜੰਗ ਬਹਾਦਰ ਟੁੱਟ ਕੇ ਰਹਿ ਗਿਆ। ਇਹ ਉਹਦੀ ਦੂਜੀ ਸੱਟ ਸੀ, ਪਰ ਕੁੜੀ ਦਾ ਦੁਬਾਰਾ ਵਿਆਹ ਕਰਕੇ ਉਹ ਸੰਭਲ ਗਿਆ।

ਚਾਹੇ ਉਹ ਖੇਤੀ ਦਾ ਖੱਬੀਖਾਨ ਕੰਮ ਚਲਾ ਰਿਹਾ ਸੀ, ਪਰ ਜਦੋਂ ਮਿਲਦਾ ਝੂਰਦਾ। ਮੈਂ ਸਰਕਾਰੀ ਨੌਕਰੀ ਕਰਦਾ ਸੀ। ਉਹ ਆਖਦਾ-ਦੇਖ ਲੈ, ਤੂੰ ਛਾਂ 'ਚ ਬਹਿਨੇ, ਚਿੱਟੇ ਕੱਪੜੇ ਪਾਉਨੈਂ, ਪਹਿਨ-ਪੱਥਰ ਕੇ ਰਹਿਨੇਂ। ਅਸੀਂ ਐਧਰ ਘੱਟਾ ਵੋਨੇ ਆਂ। ਮਿੱਟੀ ਨਾਲ ਮਿੱਟੀ ਵਾਲਾ ਹਿਸਾਬ ਐ। ਹੁਣ ਆਖਦ ਮੈਨੂੰ ਕੋਈ ਬਈ ਮੈਂ ਐੱਫ. ਸੀ. ਫਸਟ-ਕਲਾਸ ਆਂ? ਬਾਪੂ ਜੀ ਜੇ ਬਿਮਾਰ ਨਾ ਹੁੰਦੇ ਤੇ ਮੈਂ ਪੜ੍ਹਾਈ ਨਾ ਛੱਡਦਾ ਤਾਂ ਅੱਜ ਨੂੰ ਕੋਈ ਵੱਡਾ ਅਫ਼ਸਰ ਲੱਗਿਆ ਹੁੰਦਾ। ਤੈਥੋਂ ਉੱਤੋਂ ਦੀ ਹੋਣਾ ਸੀ।

ਵੱਡਾ ਮੁੰਡੇ ਦਾ ਨਾਉਂ ਬਲਵੰਤ ਸਿੰਘ ਸੀ, ਉਹਨੂੰ ਬਿੱਲੂ ਆਖਦੇ। ਛੋਟੇ ਕੁੱਕੜ ਦਾ ਅਸਲੀ ਨਾਉਂ ਕੁਲਵੰਤ ਸਿੰਘ ਸੀ। ਕਾਗਜ਼ਾਂ ਵਿੱਚ ਹੀ ਉਨ੍ਹਾਂ ਦੇ ਅਸਲੀ ਨਾਉਂ ਲਿਖੇ ਜਾਂਦੇ, ਨਹੀਂ ਤਾਂ ਪਿੰਡ ਵਿੱਚ, ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਲਈ ਉਹ ਬਿੱਲੂ ਤੇ ਕੁੱਕੜ ਸਨ। ਦੋਵੇਂ ਐਡੇ ਸੁਹਣੇ ਜੁਆਨ, ਕਲੰਡਰੀ ਮੂਰਤਾਂ ਵਰਗੇ ਮੁੰਡੇ।

ਬਿੱਲੂ ਨੇ ਬੀ. ਏ. ਕੀਤੀ ਤੇ ਉਹਨੂੰ ਬੈਂਕ ਵਿੱਚ ਨੌਕਰੀ ਮਿਲ ਗਈ। ਪਹਿਲਾਂ ਕਲਕੱਤੇ ਰਿਹਾ ਤੇ ਫੇਰ ਫ਼ਿਰੋਜ਼ਪੁਰ। ਚੰਗੇ ਰੱਜੇ-ਪੁੱਜੇ ਘਰ ਉਹਨੂੰ ਵਿਆਹ ਲਿਆ। ਮੁੰਡਾ ਹੋ ਗਿਆ। ਜੰਗ ਬਹਾਦਰ ਹਿੱਕ ਚੌੜੀ ਕਰਕੇ ਤੁਰਦਾ।

ਉਹਦਾ ਫ਼ੈਸਲਾ ਸੀ ਕਿ ਉਹ ਕੁੱਕੜ ਨੂੰ ਵੀ ਬੀ. ਏ. ਕਰਵਾਏਗਾ। ਅੱਗੇ ਕੋਈ ਕੋਰਸ ਕਰਨਾ ਹੈ ਤਾਂ ਉਹ ਵੀ ਕਰ ਲਵੇ।ਉਹਨੂੰ ਵੀ ਸਰਕਾਰੀ ਨੌਕਰੀ ਦਿਵਾਏਗਾ। ਖੇਤੀ ਦੇ ਕੰਮ ਵਿੱਚ ਦੋਵਾਂ ਨੂੰ ਨਹੀਂ ਰੱਖਣਾ। ਜਿੰਨਾ ਚਿਰ ਉਹਦੇ ਆਪਣੇ ਹੱਡ-ਗੋਡੇ ਕਾਇਮ ਹਨ, ਉਹ ਖੇਤੀ ਦਾ ਕੰਮ ਰੋੜੀ ਜਾਵੇਗਾ। ਮੁੰਡਿਆਂ ਨੂੰ ਐਸ਼ ਕਰਾਉਣੀ ਹੈ, ਮਿੱਟੀ ਨਾਲ ਮਿੱਟੀ ਨਹੀਂ ਹੋਣ ਦੇਣਾ।

138

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ