ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਪਰ ਅਚਿੰਤੇ ਬਾਜ ਪੈ ਗਏ। ਅੰਬਰੋਂ ਬਿਜਲੀ ਡਿੱਗ ਪਈ ਹੋਵੇ, ਜਿਵੇਂ। ਪਤਾ ਨਹੀਂ ਕੀ ਰੱਬ ਦਾ ਭਾਣਾ ਵਰਤਿਆ, ਬਿੱਲੂ ਰਾਤ ਨੂੰ ਚੰਗਾ-ਭਲਾ ਸੁੱਤਾ, ਤੜਕੇ ਨਹੀਂ ਸੀ। ਸੂਰਜ ਕਾਲਾ ਹੋ ਗਿਆ। ਹਨੇਰ-ਗੁਬਾਰ ਵਿਚੋਂ ਹੀ ਅਦਭੁੱਤ ਫ਼ੈਸਲੇ ਕਰ ਲਏ ਗਏ।

ਕੁੱਕੜ ਪਲੱਸ-ਟੂ ਵਿੱਚ ਪੜ੍ਹਦਾ ਸੀ। ਉੱਠਦੀ ਜਵਾਨੀ ਸੀ ਉਹਦੀ। ਅਜੇ ਤਾਂ ਉਹਨੂੰ ਜੱਗ-ਜਹਾਨ ਦੀ ਸੁਰਤ ਨਹੀਂ ਸੀ। ਬਿੱਲੂ ਦੇ ਭੋਗ ਵਾਲੇ ਦਿਨ ਪਾਠ ਦੀ ਸਮਾਪਤੀ ਤੋਂ ਬਾਅਦ ਬਾਬੇ ਦੀ ਹਜੂਰੀ ਵਿੱਚ ਅਰਦਾਸ ਕਰ ਦਿੱਤੀ ਗਈ ਕਿ ਬਿੱਲੂ ਦੀ ਵਿਧਵਾ ਵਹੁਟੀ ਨੂੰ ਕੁਲਵੰਤ ਦੇ ਲੜ ਲਾਇਆ ਜਾਂਦਾ ਹੈ। ਵਾਹਿਗੁਰੂ ਸੱਚਾ ਪਾਤਸ਼ਾਹ ਮਿਹਰ ਰੱਖੇਗਾ ਤੇ ਜੋੜੀ ਦੇ ਅੰਗ-ਸੰਗ ਸਹਾਈ ਹੋਵੇਗਾ। ਅੱਜ ਤੋਂ ਇਹ ਨਵਾਂ ਜੀਵਨ ਸਫ਼ਰ ਸ਼ੁਰੂ ਕਰਨਗੇ। ਵਹੁਟੀ ਰੋ ਰਹੀ ਸੀ, ਕੁਲਵੰਤ ਰੋ ਰਿਹਾ ਸੀ, ਜੰਗ ਬਹਾਦਰ ਰੋ ਰਿਹਾ ਸੀ, ਉਹਦੀ ਘਰਵਾਲੀ ਤੇ ਧੀ-ਜੁਆਈ ਸਮੇਤ ਸਭ ਅੱਖਾਂ ਭਰੀ ਖੜ੍ਹੇ ਸਨ। ਇਹ ਤਾਂ ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਇੰਝ ਹੋ ਜਾਵੇਗਾ। ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਜੰਗ ਬਹਾਦਰ ਸਿੰਘ ਨਿਢਾਲ ਸੀ। ਨੂੰਹ-ਪੁੱਤ ਦੀ ਜ਼ਿੰਦਗੀ ਚਾਹੇ ਨਵੇਂ ਸਿਰੇ ਸ਼ੁਰੂ ਹੋ ਗਈ, ਪਰ ਬਿੱਲੂ ਟੱਬਰ ਨੂੰ ਕਿਵੇਂ ਵੀ ਭੁੱਲਦਾ ਨਹੀਂ ਸੀ। ਹਰ ਵਰ੍ਹੇ ਉਹਦੀ ਬਰਸੀ ਮਨਾਈ ਜਾਂਦੀ। ਦਿਨ ਦੇ ਦਿਨ ਉਹਦੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ। ਕੁੱਕੜ ਦੀ ਬਹੂ ਕੋਲ ਪਹਿਲਾਂ ਮੁੰਡਾ ਹੋਇਆ ਤਾਂ ਇੱਕ ਸਾਲ ਦਾ ਹੋਏ ਤੋਂ ਉਹਦੀ ਛਟੀ ਕੀਤੀ ਗਈ, ਜਨਮ ਦਿਨ ਮਨਾਇਆ ਗਿਆ। ਵਿਆਹ ਨਾਲੋਂ ਵੱਡਾ ਇਕੱਠ ਸੀ। ਜੰਗ ਬਹਾਦਰ ਸਿੰਘ ਸਿਰੇ ਦੀ ਚੜ੍ਹਦੀ ਕਲਾ ਵਿੱਚ ਸੀ। ਸਾਰੇ ਰੰਗ-ਰਾਗ ਕੀਤੇ ਗਏ।

ਉਹ ਧਾਰਮਿਕ ਬਿਰਤੀ ਦਾ ਮਾਲਕ ਸੀ। ਮੈਨੂੰ ਉਹ ਨਾਸਤਿਕ ਕਹਿੰਦਾ ਹੁੰਦਾ। ਕਦੇ-ਕਦੇ ਅਸੀਂ ਕਿਸੇ ਨੁਕਤੇ 'ਤੇ ਬਹਿਸ ਕਰਨ ਲੱਗਦੇ ਤੇ ਪੂਰਾ ਖਹਿਬੜ ਪੈਂਦੇ, ਪਰ ਯਾਰੀ ਵਿੱਚ ਕਦੇ ਕੋਈ ਫ਼ਰਕ ਨਹੀਂ ਪਿਆ ਸੀ। ਬਹਿਸ ਤਾਂ ਬਿੰਦ-ਝੱਟ ਦੀ ਮਹਿਮਾਨ ਹੁੰਦੀ। ਅਖੀਰ ਮੈਂ ਉਹਦੀ ਕੁਝ ਗੱਲ ਮੰਨ ਲੈਂਦਾ ਤੇ ਉਹ ਮੇਰੀ ਕੁਝ-ਕੁਝ।

ਉਹ ਸਵੇਰੇ ਚਾਰ ਵਜੇ ਉੱਠਦਾ। ਜੰਗਲ-ਪਾਣੀ ਜਾ ਕੇ ਇਸ਼ਨਾਨ ਕਰਦਾ। ਫੇਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ। ਮੱਥਾ ਟੇਕ ਕੇ ਹੀ ਮੂੰਹ ਜੂਠਾ ਕਰਦਾ। ਇਹ ਉਹਦਾ ਨਿੱਤ-ਨੇਮ ਸੀ-ਹਾੜ੍ਹ ਕੀ ਤੇ ਸਿਆਲ ਕੀ। ਸਵੇਰੇ ਜਪੁਜੀ ਸਾਹਿਬ ਤੇ ਆਥਣੇ ਰਹਿਰਾਸ ਦਾ ਪਾਠ ਕਦੇ ਨਹੀਂ ਖੁੰਝਣ ਦਿੰਦਾ ਸੀ, ਚਾਹੇ ਘਰੋਂ ਬਾਹਰ ਕਿਤੇ ਵੀ ਹੁੰਦਾ।

ਇੱਕ ਵਾਰ ਮੈਂ ਉਹਦੇ ਪਿੰਡ ਗਿਆ। ਪਿਛਲੀ ਰਾਤ ਝੱਖੜ ਬੜਾ ਜ਼ੋਰਦਾਰ ਆਇਆ ਸੀ। ਰਾਹ ਵਿੱਚ ਦੇਖਿਆ, ਸੜਕ ਤੇ ਦਰਖ਼ਤ ਥਾਂ-ਥਾਂ ਟੁੱਟੇ ਪਏ ਸਨ। ਬਿਜਲੀ ਦੇ ਖੰਭੇ ਟੇਢੇ ਹੋ ਗਏ। ਘੁੱਗੀਆਂ, ਗੁਟਾਰਾਂ ਤੇ ਕਾਂ ਮਰੇ ਪਏ। ਫ਼ਸਲਾਂ ਧਰਤੀ ਨਾਲ ਵਿਛ ਗਈਆਂ। ਚਾਹ-ਪਾਣੀ ਪੀਣ ਤੋਂ ਪਹਿਲਾਂ ਹੀ ਉਹ ਮੈਨੂੰ ਆਪਣੀ ਬੈਠਕ ਵਿੱਚ ਲੈ ਗਿਆ। ਕਹਿੰਦਾ- ਕੱਦੂਆ ਸਾਲਿਆ, ਮੰਨਦਾ ਨ੍ਹੀ ਹੁੰਦਾ, ਆਹ ਦੇਖ।

ਮੈਂ ਦੇਖਿਆ, ਬੈਠਕ ਦੀ ਇੱਟ-ਬਾਲੇ ਦੀ ਛੱਤ ਕਾਇਮ ਸੀ, ਪਰ ਤਿੰਨ ਕੰਧਾਂ ਵਿੱਚ ਤ੍ਰੇੜਾਂ ਆਈਆਂ ਹੋਈਆ। ਚੌਥੀ ਕੰਧ ਸਾਬਤ ਖੜ੍ਹੀ ਸੀ। ਏਸੇ ਵਿੱਚ ਹੀ ਬੈਠਕ ਦਾ ਬਾਰ ਸੀ। ਮੈਂ ਕਿਹਾ-ਹਾਂ ਦੇਖ ਲਿਆ।'

'ਭਲਾਂ ਇਹ ਕੰਧ ਕਿਵੇਂ ਬਚਗੀ, ਤਿੰਨ ਤਿੜਕ ਗੀਆਂ?' ਉਹ ਢਾਕਾਂ ਤੇ ਹੱਥ ਧਰੀ ਰੋਅਬ ਨਾਲ ਖੜ੍ਹਾ ਸੀ-ਪੂਰਾ ਜਬਰ ਜੰਗ ਬਣਿਆ ਹੋਇਆ।

ਚੜ੍ਹਦੀ ਕਲਾ

139