‘ਤੂੰ ਚਿੰਤਾ 'ਚ ਨਾ ਕਰਿਆ ਕਰ ਬਹੁਤਾ। ਦਿਲ ਨੂੰ ਖੜ੍ਹਾਅ ਹੁਣ।'
‘ਚੰਦ, ਤੇਰਾ ਆਉਂਦੇ ਦਾ ਮੂੰਹ ਦੇਖਦੀ ਸੀ, ਜਾਂਦੇ ਦੀ ਪਿੱਠ ਦੇਖਦੀ ਸੀ। ਬੁੱਥ ਬਣ ਕੇ ਬੈਠ ਗਈ। ਹਾਏ! ਏਦੂੰ ਤਾਂ ਲੈ ਜਾਂਦਾ ਰੱਬ।'
‘ਦੇਖ, ਤੇਰਾ ਕੁਝ ਨਹੀਂ ਵਿਗੜਿਆ। ਮੌਜਾਂ ਨਾਲ ਬੈਠ ਹੁਣ। ਸੇਵਾ ਤੇਰੀ ਪੂਰੀ ਹੋਏਗੀ। ਸਾਰਾ ਟੱਬਰ ਹੱਥ ’ਤੇ ਥੁੱਕ ਲੈਂਦਾ ਐ। ਤੈਨੂੰ ਝੋਰਾ ਕਿਹੜੀ ਗੱਲ ਦਾ?'
‘ਤੇਰਾ ਰਾਜ ਖੁੱਸ ਗਿਆ ਲਾਲ। ਤੇਰੇ ਕਰਮਾਂ ’ਚ ਸੁੱਖ ਨਹੀਂ ਸੀ।'
ਟੋਹ ਕੇ ਮੇਰਾ ਚਿਹਰਾ ਫੜਦੀ ਹੈ। ਮੱਥਾ, ਅੱਖਾਂ, ਨੱਕ, ਗੱਲਾਂ ਤੇ ਫਿਰ ਠੋਡੀ ਉੱਤੋਂ ਹੱਥ ਫੇਰ ਕੇ ਕਹਿੰਦੀ ਹੈ- 'ਮੂੰਹ ਦੇਖੇ, ਨਿੱਕਾ ਜਿਹਾ ਬਣ ਗਿਆ। ਹਾਏ!'... ਤੇ ਉਸ ਨੂੰ ਫਿਰ ਡੋਬ ਪੈ ਜਾਂਦਾ ਹੈ।
‘ਕਿੱਥੇ ਲੈ ਜਾਵਾਂ ਦੱਸ ਤੈਨੂੰ ਹੁਣ? ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ ਸਭ ਦੇਖ ਲਿਆ। ਹੁਣ ਤਾਂ ਦਿਲ ਨੂੰ ਪੱਥਰ ਬਣਾਅ।'
ਕੁਝ ਦੇਰ ਉਹ ਚੁੱਪ ਰਹਿੰਦੀ ਹੈ। ਤੇ ਫਿਰ ਪੁੱਛਦੀ ਹੈ- ‘ਛੋਟਾ?'
'ਆਹ ਖੜ੍ਹਾ ਐ।'
‘ਚੱਲਿਆ ਪੁੱਤ ਸਕੂਲ ਨੂੰ?'
'ਹਾਂ ਮਾਂ।'
'ਉਰੇ ਹੋ, ਉਹ ਉਸ ਦੇ ਸਿਰ ਨੂੰ ਗੋਦੀ ਵਿੱਚ ਲੈ ਕੇ ਚੁੰਮਦੀ ਹੈ ਤੇ ਫਿਰ ਪੁੱਛਦੀ ਹੈ- 'ਵੱਡਾ?'
ਉਹ ਆਪਣੇ ਆਪ ਹੀ ਆਪਣਾ ਸਿਰ ਉਸ ਦੀ ਗੋਦੀ ਵਿੱਚ ਧਰ ਦਿੰਦਾ ਹੈ। ਚੁੰਮਦੀ ਹੈ। ਦੋਵਾਂ ਦੇ ਹੱਥਾਂ ਦੇ ਪਿਆਰ ਲੈਂਦੀ ਹੈ- ‘ਚੰਗਾ ਪੁੱਤ, ਜਾਓ।'
ਉਸ ਦਾ ਹੱਥ ਘੁੱਟਦਾ ਹਾਂ। ਕਹਿੰਦਾ ਕੁਝ ਨਹੀਂ। ਚਲਿਆ ਜਾਂਦਾ ਹਾਂ। ਦੋਵੇਂ ਲੜਕੇ ਸਕੂਲ ਨੂੰ ਜਾਂਦੇ ਹਨ। ਉਨ੍ਹਾਂ ਦੇ ਚਿਹਰੇ ਲਟਕੇ ਹੋਏ ਹਨ। ਛੋਟੇ ਦੀਆਂ ਮਿਰਗਛਾਲਾਂ ਕਿੱਧਰ ਗਈਆਂ? ਵੱਡੇ ਦਾ ਚਾਅ?
ਲੇਟ ਹਾਂ। ਸਾਥੀ ਉਸ ਦੀ ਸੁੱਖ ਸਾਂਦ ਪੁੱਛਦੇ ਹਨ।
‘ਠੀਕ ਐ। ਠੀਕ ਈ ਐ।'
ਵਕਤ ਦਾ ਪਾਬੰਦ, ਦੂਜਿਆਂ ਨਾਲ ਲੜਦਾ ਹੁੰਦਾ- 'ਜਦ ਪਤਾ ਐ ਇਸ ਵਕਤ ਪਹੁੰਚਣਾ ਐਂ ਫਿਰ ਯਾਰ ਨਿੱਤ ਈ ਲੇਟ ਆਉਣ ਦਾ ਮਤਲਬ? ਹੋਇਆ ਕੋਈ ਮਜ਼ਬੂਰੀ...'
ਸੋਚਦਾ ਹਾਂ, ਇਸ ਮਜ਼ਬੂਰੀ ਦੀ ਉਮਰ?
ਘਰ ਆਉਂਦਾ ਹਾਂ। ਆਉਂਦਾ ਸਾ, ਪਾਣੀ ਦਾ ਗਲਾਸ ਨਾਲ ਦੀ ਨਾਲ ਲਿਆ ਕੇ ਮੇਜ਼ 'ਤੇ ਰੱਖ ਦਿੰਦੀ ਸੀ। ਮੰਜੇ 'ਤੇ ਬੈਠ ਜਾਂਦਾ ਹਾਂ। ਪੈੜ ਚਾਲ ਸੁਣ ਕੇ ਹੀ ਉਹ ਸਮਝ ਗਈ ਹੈ। ਵੱਡੇ ਨੂੰ ਅਵਾਜ਼ ਮਾਰਦੀ ਹੈ। ਕਿਤੇ ਨਹੀਂ। ਛੋਟੇ ਨੂੰ। ਕਿਤੇ ਨਹੀਂ। ਤੇ ਫਿਰ ਪੈਂਦਾ ਉੱਤੇ ਬੈਠੀ ਉਸ ਦੀਆਂ ਲੱਤਾਂ ਘੁੱਟ ਰਹੀ ਮਾਂ ਨੂੰ ਹੀ ਉਹ ਕਹਿੰਦੀ ਹੈ- 'ਏਥੇ, ਪਾਣੀ ਦਾ ਗਲਾਸ ਲਿਆ ਦੇ, ਆਪਣੇ ਪੁੱਤ ਨੂੰ।'
'ਨਹੀਂ ਮਾਂ, ਮੈਂ ਆਪ ਹੀ ਪੀ ਲਵਾਂਗਾ।'
‘ਮਾਂ, ਕਾਲਜਾ!ਉਹ ਕਰਾਹ ਕੇ ਕਹਿੰਦੀ ਹੈ। ਮਾਂ ਉਸ ਦੇ ਕਾਲਜੇ ’ਤੇ ਹੱਥ ਧਰਦੀ ਹੈ। ਪਾਣੀ ਦੀ ਕੋਈ ਲੋੜ ਨਹੀਂ।